ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਦੀ ਸੰਭਾਵਨਾ
ਸ਼ਿਮਲਾ/ਸ੍ਰੀਨਗਰ, 9 ਜਨਵਰੀ
ਮੌਸਮ ਵਿਭਾਗ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਵੱਧ ਤੇ ਦਰਮਿਆਨੀ ਉਚਾਈ ਵਾਲੇ ਇਲਾਕਿਆਂ ’ਚ ਇਸ ਹਫ਼ਤੇ ਦੇ ਅੰਤ ’ਚ ਬਰਫਬਾਰੀ ਹੋ ਸਕਦੀ ਹੈ। ਉੱਧਰ ਮੌਸਮ ਸਾਫ ਹੋਣ ਕਾਰਨ ਕਸ਼ਮੀਰ ਘਾਟੀ ’ਚ ਠੰਢ ਨੇ ਜ਼ੋਰ ਫੜ ਲਿਆ ਹੈ ਅਤੇ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਮਨਫੀ 10 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਦੱਸਿਆ ਕਿ ਦੱਖਣ-ਪੱਛਮੀ ਇਰਾਨ ’ਤੇ ਬਣੀ ਪੱਛਮੀ ਗੜਬੜੀ ਪੂਰਬ ਤੇ ਉੱਤਰ-ਪੂਰਬ ਵੱਲ ਵੱਧ ਸਕਦੀ ਹੈ। ਮੌਸਮ ਵਿਭਾਗ ਨੇ ਸ਼ਨਿਚਰਵਾਰ ਤੇ ਐਤਵਾਰ ਨੂੰ ਹਿਮਾਚਲ ’ਚ ਮੀਂਹ ਅਤੇ ਦਰਮਿਆਨੇ ਤੇ ਉੱਚੇ ਇਲਾਕਿਆਂ ’ਚ ਬਰਫਬਾਰੀ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਸ਼ਨਿਚਰਵਾਰ ਸ਼ਾਮ ਤੋਂ ਐਤਵਾਰ ਦੀ ਅੱਧੀ ਰਾਤ ਤੱਕ ਸ਼ਿਮਲਾ ਸ਼ਹਿਰ ਸਮੇਤ ਸੂਬੇ ਦੇ ਦਰਮਿਆਨੇ ਤੇ ਉੱਚੇ ਪਹਾੜੀ ਇਲਾਕੇ ਦੇ ਕੁਝ ਹਿੱਸਿਆਂ ’ਚ ਹਲਕੀ ਤੇ ਕੁਝ ਥਾਵਾਂ ’ਤੇ ਦਰਮਿਆਨੀ ਬਰਫ਼ਬਾਰੀ ਦਾ ਅਨੁਮਾਨ ਹੈ। ਇਸੇ ਤਰ੍ਹਾਂ ਊਨਾ ’ਚ ਲੰਘੇ 24 ਘੰਟਿਆਂ ਦੌਰਾਨ ਸੀਤ ਲਹਿਰ ਜਾਰੀ ਰਹੀ ਤੇ ਘੱਟੋ ਘੱਟ ਤਾਪਮਾਨੀ ਮਨਫੀ 0.5 ਡਿਗਰੀ ਦਰਜ ਕੀਤਾ ਗਿਆ। ਲਾਹੌਲ ਸਪਿਤੀ ਜ਼ਿਲ੍ਹੇ ਦਾ ਕੁਕੁਮਸੇਰੀ ਇਲਾਕਾ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 11.3 ਡਿਗਰੀ ਰਿਹਾ। ਦੂਜੇ ਪਾਸੇ ਕਸ਼ਮੀਰ ’ਚ ਜ਼ਿਆਦਾਤਰ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਜਮਾਓ ਦਰਜੇ ਤੋਂ ਕਈ ਡਿਗਰੀ ਹੇਠਾਂ ਪਹੁੰਚ ਗਿਆ ਹੈ ਅਤੇ ਘਾਟੀ ’ਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਆਸਮਾਨ ਸਾਫ਼ ਹੋਣ ਕਾਰਨ ਰਾਤ ਦੇ ਤਾਪਮਾਨ ’ਚ ਗਿਰਾਵਟ ਆਈ ਹੈ। ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ 10.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਮਨਫੀ 4.4, ਗੁਲਮਰਗ ’ਚ ਮਨਫੀ 9.6, ਕਾਜ਼ੀਗੁੰਡ ’ਚ ਮਨਫੀ 6.2 ਤੇ ਕੁਪਵਾੜਾ ’ਚ ਘੱਟੋ-ਘੱਟ ਤਾਪਮਾਨ ਮਨਫੀ 4.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸ਼ਨਿਚਰਵਾਰ ਤੇ ਐਤਵਾਰ ਨੂੰ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ