ਕਸ਼ਮੀਰ ਦੇ ਕਈ ਇਲਾਕਿਆਂ ’ਚ ਬਰਫ਼ਬਾਰੀ
ਸ੍ਰੀਨਗਰ, 30 ਨਵੰਬਰ
ਕਸ਼ਮੀਰ ਦੀਆਂ ਜ਼ਿਆਦਾਤਰ ਥਾਵਾਂ ’ਤੇ ਰਾਤ ਦਾ ਤਾਪਮਾਨ ਮਨਫੀ ਤੋਂ ਉੱਪਰ ਹੋਣ ਦੇ ਬਾਵਜੂਦ ਘਾਟੀ ਦੇ ਉੱਚੇ ਇਲਾਕਿਆਂ ’ਚ ਸੈਰ-ਸਪਾਟੇ ਵਾਲੇ ਸ਼ਹਿਰਾਂ ਸਮੇਤ ਕਈ ਥਾਵਾਂ ’ਤੇ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬਰਫਬਾਰੀ ਪੱਛਮੀ ਗੜਬੜੀ ਕਾਰਨ ਹੋਈ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੀ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ ਪਹਿਲਗਾਮ ’ਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਗੁਲਮਰਗ ਤੇ ਸੋਨਮਰਗ ਸਮੇਤ ਕਈ ਥਾਵਾਂ ’ਤੇ ਵੀ ਬਰਫ਼ਬਾਰੀ ਹੋਈ। ਅਧਿਕਾਰੀਆਂ ਅਨੁਸਾਰ ਗੁਰੇਜ, ਜੋਜ਼ਿਲਾ ਤੇ ਕੁਝ ਹੋਰ ਉੱਪਰੀ ਇਲਾਕਿਆਂ ’ਚ ਵੀ ਬਰਫ਼ਬਾਰੀ ਦੀ ਖ਼ਬਰ ਹੈ। ਉਨ੍ਹਾਂ ਦੱਸਿਆ ਕਿ ਜੋਜ਼ਿਲਾ ’ਚ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਰਾਜਮਾਰਗ ਬੰਦ ਹੋ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅੱਜ ਘਾਟੀ ’ਚ ਬੱਦਲ ਛਾਏ ਰਹਿਣ ਅਤੇ ਉੱਚੇ ਇਲਾਕਿਆਂ ’ਚ ਵੱਖ ਵੱਖ ਥਾਵਾਂ ’ਤੇ ਹਲਕਾ ਮੀਂਹ ਪੈਣ ਜਾਂ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ। ਵਿਭਾਗ ਅਨੁਸਾਰ ਅੱਜ ਕਸ਼ਮੀਰ ’ਚ ਬੱਦਲ ਛਾਏ ਰਹਿਣਗੇ ਅਤੇ ਉੱਚੇ ਇਲਾਕਿਆਂ ’ਚ ਵੱਖ ਵੱਖ ਥਾਵਾਂ ’ਤੇ ਹਲਕਾ ਮੀਂਹ ਪੈਣ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਚਾਰ ਤੋਂ ਸੱਤ ਦਸੰਬਰ ਤੱਕ ਮੌਸਮ ਆਮ ਤੌਰ ’ਤੇ ਖੁਸ਼ਕ ਰਹਿ ਸਕਦਾ ਹੈ ਜਿਸ ਮਗਰੋਂ ਅੱਠ ਦਸੰਬਰ ਨੂੰ ਉੱਚੇ ਇਲਾਕਿਆਂ ’ਚ ਵੱਖ ਵੱਖ ਥਾਵਾਂ ’ਤੇ ਹਲਕੇ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਕਸ਼ਮੀਰ ’ਚ ਬੱਦਲ ਛਾਏ ਰਹਿਣ ਕਾਰਨ ਰਾਤ ਦਾ ਤਾਪਮਾਨ ਵੱਧ ਗਿਆ ਹੈ ਤੇ ਜ਼ਿਆਦਾਤਰ ਥਾਵਾਂ ’ਤੇ ਤਾਪਮਾਨ ਮਨਫੀ ਤੋਂ ਉੱਪਰ ਦਰਜ ਕੀਤਾ ਗਿਆ ਹੈ। ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ ਇੱਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ