Snowfall in Kashmir: ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਨਵੀਂ ਦਿੱਲੀ, 12 ਦਸੰਬਰ
Snowfall in Kashmir:ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਅੱਜ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਦੂਜੇ ਪਾਸੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਵਿੱਚ ਠੰਢ ਵੱਧ ਗਈ ਹੈ ਜਦਕਿ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ।
ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ’ਚ ਅੱਜ ਬਰਫਬਾਰੀ ਨਹੀਂ ਹੋਈ ਪਰ ਸ਼ੋਪੀਆਂ, ਪੁਲਵਾਮਾ ਅਤੇ ਬਾਰਾਮੂਲਾ ਦੇ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਅਨੰਤਨਾਗ, ਬਡਗਾਮ ਅਤੇ ਬਾਂਦੀਪੋਰਾ ਦੇ ਉਪਰਲੇ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਈ। ਗੁਲਮਰਗ, ਸੋਨਮਰਗ, ਤੰਗਮਾਰਗ, ਗੁਰੇਜ਼ ਅਤੇ ਜ਼ੋਜਿਲਾ ਦੱਰੇ ਦੇ ਸੈਲਾਨੀ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਜ਼ੋਜਿਲਾ ਦੱਰੇ ’ਤੇ ਬਰਫ ਜਮ੍ਹਾ ਹੋਣ ਕਾਰਨ ਸ੍ਰੀਨਗਰ-ਲੇਹ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ, ਜਦਕਿ ਬਾਂਦੀਪੋਰਾ-ਗੁਰੇਜ਼ ਰੋਡ ਅਤੇ ਮੁਗਲ ਰੋਡ ਨੂੰ ਵੀ ਬੰਦ ਕਰ ਦਿੱਤਾ ਗਿਆ। ਦਿੱਲੀ ’ਚ ਪਿਛਲੇ ਤਿੰਨ ਸਾਲਾਂ ’ਚ ਅੱਜ ਦਸੰਬਰ ਦਾ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ ਕਿਉਂਕਿ ਪਾਰਾ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਅਤੇ ਸਪਿਤੀ ਦੇ ਗੋਂਡਲਾ ਵਿਚ ਵੀ ਬਰਫ ਪਈ। ਇਸ ਤੋਂ ਇਲਾਵਾ ਊਨਾ 23.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਦਿਨ ਦੌਰਾਨ ਸਭ ਤੋਂ ਗਰਮ ਰਿਹਾ।
ਸ਼ਿਮਲਾ ਮੌਸਮ ਵਿਭਾਗ ਨੇ ਅਗਲੇ ਇੱਕ ਹਫ਼ਤੇ ਤੱਕ ਸੂਬੇ ਵਿੱਚ ਖੁਸ਼ਕ ਮੌਸਮ ਦੀ ਪੇਸ਼ੀਨਗੋਈ ਕੀਤੀ ਹੈ।