Snowfall in Himachal: ਹਿਮਾਚਲ ਵਿੱਚ ਕਈ ਥਾਈਂ ਬਰਫ਼ਬਾਰੀ
ਸ਼ਿਮਲਾ, 4 ਫਰਵਰੀ
ਹਿਮਾਚਲ ਪ੍ਰਦੇਸ਼ ਦੇ ਉਚੇ ਖੇਤਰਾਂ ਵਿਚ ਅੱਜ ਬਰਫਬਾਰੀ ਹੋਈ। ਰੋਹਤਾਂਗ ਵਿੱਚ ਅਟਲ ਸੁਰੰਗ ਦੇ ਉੱਤਰੀ ਖੇਤਰ ਸਮੇਤ ਕਈ ਖੇਤਰਾਂ ਵਿੱਚ ਤਾਜ਼ਾ ਬਰਫਬਾਰੀ ਹੋਈ। ਦੂਜੇ ਪਾਸੇ ਪੁਲੀਸ ਨੇ ਸੈਲਾਨੀਆਂ ਨੂੰ ਇਨ੍ਹਾਂ ਖੇਤਰਾਂ ਵਿਚ ਬੇਲੋੜੀ ਯਾਤਰਾ ਨਾ ਕਰਨ ਲਈ ਕਿਹਾ ਸੀ ਕਿਉਂਕਿ ਬਰਫਬਾਰੀ ਕਾਰਨ ਸੜਕਾਂ ’ਤੇ ਤਿਲਕਣ ਹੋ ਗਈ ਹੈ। ਇਸ ਤੋਂ ਇਲਾਵਾ ਕਿਨੌਰ ਜ਼ਿਲ੍ਹੇ ਦੇ ਕਾਲਪਾ ਵਿੱਚ 0.2 ਸੈਂਟੀਮੀਟਰ ਬਰਫ਼ਬਾਰੀ ਹੋਈ ਅਤੇ 4 ਮਿਲੀਮੀਟਰ ਮੀਂਹ ਪਿਆ। ਲਾਹੌਲ ਦੇ ਸਿਸੂ, ਜਿਸਪਾ ਅਤੇ ਸਰਚੂ ਅਤੇ ਚੰਬਾ ਜ਼ਿਲ੍ਹੇ ਦੇ ਸਪਿਤੀ ਅਤੇ ਡਲਹੌਜ਼ੀ ’ਚ ਵੀ ਬਰਫਬਾਰੀ ਹੋਈ। ਧਰਮਸ਼ਾਲਾ ਅਤੇ ਕਾਂਗੜਾ ਵਿੱਚ 2-2 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਸ਼ਿਮਲਾ, ਸੁੰਦਰਨਗਰ ਅਤੇ ਭੁੰਤਰ ਵਿੱਚ ਬੂੰਦਾ-ਬਾਂਦੀ ਹੋਈ।
ਮੰਡੀ ’ਚ ਧੁੰਦ ਛਾਈ ਰਹੀ ਜਦਕਿ ਊਨਾ ’ਚ ਸੀਤ ਲਹਿਰ ਕਾਰਨ ਠੰਢੀਆਂ ਹਵਾਵਾਂ ਚੱਲੀਆਂ। ਸਥਾਨਕ ਮੌਸਮ ਵਿਭਾਗ ਨੇ ਭਲਕੇ ਊਨਾ, ਬਿਲਾਪਸੁਰ, ਹਮੀਰਪੁਰ, ਚੰਬਾ, ਕਾਂਗੜਾ ਅਤੇ ਸੋਲਨ ’ਚ ਵੱਖ-ਵੱਖ ਥਾਵਾਂ ’ਤੇ ਗਰਜ ਅਤੇ ਬਿਜਲੀ ਡਿੱਗਣ ਦੀ ਪੀਲੀ ਚਿਤਾਵਨੀ ਜਾਰੀ ਕੀਤੀ ਹੈ।
ਇਸ ਤੋਂ ਇਲਾਵਾ ਛੇ ਤੇ ਸੱਤ ਫਰਵਰੀ ਨੂੰ ਊਨਾ, ਬਿਲਾਸਪੁਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਵੱਖ ਵੱਖ ਥਾਵਾਂ ’ਤੇ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੱਛਮੀ ਅਫਗਾਨਿਸਤਾਨ ਅਤੇ ਨਾਲ ਲੱਗਦੇ ਇਰਾਨ ਵਿੱਚ ਪੱਛਮੀ ਗੜਬੜੀ ਕਾਰਨ ਮੌਸਮ ਬਦਲਿਆ ਹੈ। ਇਸ ਕਾਰਨ ਬਹੁਤ ਸਾਰੀਆਂ ਥਾਵਾਂ ’ਤੇ ਹਲਕੀ ਬਰਫ਼ਬਾਰੀ ਤੇ ਮੀਂਹ ਦੀ ਸੰਭਾਵਨਾ ਹੈ ਅਤੇ ਕਿਨੌਰ, ਲਾਹੌਲ-ਸਪਿਤੀ ਅਤੇ ਕਾਂਗੜਾ, ਚੰਬਾ, ਸ਼ਿਮਲਾ, ਮੰਡੀ, ਸਿਰਮੌਰ ਅਤੇ ਕੁੱਲੂ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਦਰਮਿਆਨੀ ਬਰਫ਼ਬਾਰੀ ਦੀ ਸੰਭਾਵਨਾ ਹੈ।