Snow In Himachal: ਹਿਮਾਚਲ ਵਿੱਚ ਕਈ ਥਾਈਂ ਬਰਫ਼ਬਾਰੀ; ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ
ਸ਼ਿਮਲਾ, 5 ਫਰਵਰੀ
ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਅੱਜ ਸ਼ਾਮ ਵੇਲੇ ਬਰਫਬਾਰੀ ਹੋਈ ਜਿਸ ਵਿਚ ਪ੍ਰਮੁੱਖ ਸੈਲਾਨੀ ਕੇਂਦਰ ਵੀ ਸ਼ਾਮਲ ਹਨ। ਮੌਸਮ ਵਿਭਾਗ ਅਨੁਸਾਰ ਸ਼ਿਮਲਾ, ਕੁੱਲੂ, ਕਿਨੌਰ, ਲਾਹੌਲ ਅਤੇ ਸਪਿਤੀ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਬਰਫ਼ਬਾਰੀ ਹੋਈ। ਸ਼ਿਮਲਾ ਜ਼ਿਲ੍ਹੇ ਦੇ ਸੈਰ-ਸਪਾਟਾ ਕੇਂਦਰ ਨਾਰਕੰਡਾ ਅਤੇ ਕੁਫਰੀ, ਚੰਬਾ ਦੇ ਡਲਹੌਜ਼ੀ ਅਤੇ ਕੁੱਲੂ ਦੇ ਮਨਾਲੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਵੀ ਬਰਫ ਪਈ। ਮੰਡੀ ਜ਼ਿਲੇ ਦੇ ਸੇਰਾਜ, ਪਰਾਸ਼ਰ, ਸ਼ਿਕਾਰੀ ਅਤੇ ਕਮਰੂਨਾਗ ਵਿਚ ਵੀ ਬਰਫਬਾਰੀ ਦੀਆਂ ਖਬਰਾਂ ਹਨ। ਇਸ ਤਾਜ਼ਾ ਬਰਫ਼ਬਾਰੀ ਕਾਰਨ ਸੈਲਾਨੀਆਂ ਦੀ ਆਮਦ ਵਧ ਸਕਦੀ ਹੈ ਤੇ ਹੋਟਲ ਮਾਲਕਾਂ ਲਈ ਚੰਗੀ ਖਬਰ ਹੈ। ਇਸ ਬਰਫਬਾਰੀ ਨੇ ਸੇਬ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਵੀ ਖਿੜਾ ਦਿੱਤੇ ਹਨ ਕਿਉਂਕਿ ਸੇਬ ਦੀ ਖੇਤੀ ਲਈ ਬਰਫ਼ ਚੰਗੀ ਮੰਨੀ ਜਾਂਦੀ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਕੋਠੀ ਵਿੱਚ 33 ਸੈਂਟੀਮੀਟਰ, ਗੋਂਡਲਾ (11 ਸੈਂਟੀਮੀਟਰ), ਕੇਲੌਂਗ (9 ਸੈਂਟੀਮੀਟਰ), ਕੁਕੁਮਸੇਰੀ (8.3 ਸੈਂਟੀਮੀਟਰ), ਭਰਮੌਰ (8 ਸੈਂਟੀਮੀਟਰ), ਮਨਾਲੀ (7.4 ਸੈਂਟੀਮੀਟਰ), ਜੋਟ (6 ਸੈਂਟੀਮੀਟਰ), ਕਾਲਪਾ (7.3 ਸੈਂਟੀਮੀਟਰ), ਅਤੇ ਸ਼ਿਲਾਰੂ ਅਤੇ ਖਦਰਾਲਾ (5 ਸੈਂਟੀਮੀਟਰ) ਬਰਫ਼ ਪਈ।
ਸ਼ਿਮਲਾ ਨਾਲ ਲੱਗਦੇ ਕੁਫਰੀ 'ਚ 4 ਸੈਂਟੀਮੀਟਰ ਬਰਫਬਾਰੀ ਹੋਈ। ਸ਼ਿਮਲਾ, ਜੁਬਾਰਹੱਟੀ, ਕਾਂਗੜਾ, ਜੋਤ, ਭੁੰਤਰ, ਪਾਲਮਪੁਰ ਅਤੇ ਸੁੰਦਰਨਗਰ ਵਿੱਚ ਝੱਖੜ ਚੱਲਿਆ ਜਦੋਂਕਿ ਬਿਲਾਸਪੁਰ ਅਤੇ ਮੰਡੀ ਵਿੱਚ ਧੁੰਦ ਛਾਈ ਰਹੀ। ਮੌਸਮ ਵਿਭਾਗ ਨੇ ਭਲਕੇ ਵੀ ਹਨੇਰੀ ਆਉਣ ਦੀ ਸੰਭਾਵਨਾ ਜਤਾਈ ਹੈ।