‘ਆਸਤੀਨ ਵਿਚ ਸੱਪ ਪਾਲਣ ਵਾਲੇ ਆਸ ਨਾ ਕਰਨ ਕਿ ਉਹ ਸਿਰਫ਼ ਗੁਆਂਢੀਆਂ ਨੂੰ ਹੀ ਡੱਸੇਗਾ’
ਨਵੀਂ ਦਿੱਲੀ, 3 ਜਨਵਰੀ
ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਦੇ ਇਸ ਬਿਆਨ ਕਿ ‘ਇਟ ਟੇਕਸ 2 ਟੂ ਟੈਂਗੋ’ ਭਾਵ ਤਾੜੀ ਹਮੇਸ਼ਾ ਦੋ ਹੱਥਾਂ ਨਾਲ ਵੱਜਦੀ ਹੈ, ਦੇ ਪ੍ਰਤੀਕਰਮ ਵਿਚ ਕਿਹਾ ਕਿ ਇਥੇ ਪਾਕਿਸਤਾਨ ਦੇ ਹਵਾਲੇ ਨਾਲ ‘ਟੀ’ ਦਾ ਮਤਲਬ ਟੈਂਗੋ ਨਹੀਂ ਬਲਕਿ ‘ਟੈਰੋਰਿਜ਼ਮ’ (ਅਤਿਵਾਦ) ਹੈ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਇਕ ਕਥਨ ‘ਆਸਤੀਨ ਵਿਚ ਸੱਪ ਪਾਲਣ ਵਾਲੇ ਇਹ ਆਸ ਨਾ ਕਰਨ ਕਿ ਇਹ ਸਿਰਫ਼ ਗੁਆਂਢੀਆਂ ਨੂੰ ਡੱਸੇਗਾ’ ਦੇ ਹਵਾਲੇ ਨਾਲ ਪਾਕਿਸਤਾਨ ਨੂੰ ਭੰਡਿਆ।
ਜੈਸਵਾਲ ਨੇ ਸ਼ੁੱਕਰਵਾਰ ਨੂੰ ਹਫ਼ਤਾਵਾਰੀ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ ਇਥੇ ‘ਟੀ’ ਸ਼ਬਦ ਦਾ ਢੁੱਕਵਾਂ ਅਰਥ ‘ਅਤਿਵਾਦ’ ਹੈ ‘ਟੈਂਗੋ’ ਨਹੀਂ। ਏਆਰਵਾਈ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਵੀਰਵਾਰ ਨੂੰ ਭਾਰਤ ਨੂੰ ਦੋਵਾਂ ਮੁਲਕਾਂ ਦਰਮਿਆਨ ਸਬੰਧ ਸੁਧਾਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ‘ਇਟ ਟੇਕਸ 2 ਟੂ ਟੈਂਗੋ।’’ ਇਥੇੇ ਇਸ ਕਥਨ ਤੋਂ ਭਾਵ ਸੀ ਕਿ ਦੋਵਾਂ ਮੁਲਕਾਂ ਵਿਚ ਰਿਸ਼ਤੇ ਸੁੁਧਾਰਨ ਲਈ ਇਕੱਲੇ ਪਾਕਿਸਤਾਨ ਵੱਲੋਂ ਹੱਥ ਵਧਾਉਣ ਦਾ ਕੋਈ ਫਾਇਦਾ ਨਹੀਂ ਤੇ ਭਾਰਤ ਨੂੰ ਵੀ ਅੱਗੇ ਵਧ ਕੇ ਹੱਥ ਵਧਾਉਣਾ ਹੋਵੇਗਾ। ਭਾਰਤ ਨਾਲ ਪਾਕਿਸਤਾਨ ਦੇ ਵਪਾਰਕ ਰਿਸ਼ਤਿਆਂ ਬਾਰੇ ਬੋਲਦਿਆਂ ਡਾਰ ਨੇ ਰਿਸ਼ਤੇ ਸੁਧਾਰਨ ਲਈ ਅਨੁਕੂਲ ਮਾਹੌਲ ਸਿਰਜਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ।
ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਵਿਚ ਕਈ ਹੱਤਿਆਵਾਂ ਪਿੱਛੇ ਭਾਰਤ ਦਾ ਕਥਿਤ ਹੱਥ ਹੋਣ ਦੀਆਂ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ ਤੇ ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵੱਲੋਂ ਅਤਿਵਾਦ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਵੱਲ ਇਸ਼ਾਰਾ ਕੀਤਾ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਅਖ਼ਬਾਰ ਤੇ ਰਿਪੋਰਟਰ, ਦੋਵੇਂ ਭਾਰਤ ਨੂੰ ਲੈ ਕੇ ਜਬਰੀ ਦੁਸ਼ਮਣੀ ਪੈਦਾ ਕਰਦੇ ਦਿਖਾਈ ਦਿੰਦੇ ਹਨ। ਤੁਸੀਂ ਉਨ੍ਹਾਂ ਦੀਆਂ ਸਰਗਰਮੀਆਂ ’ਚ ਇਕ ਪੈਟਰਨ ਦੇਖ ਸਕਦੇ ਹੋ। ਮੈਂ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਜੱਜ ਕਰਨ ਦੀ ਜ਼ਿੰਮੇਵਾਰੀ ਤੁਹਾਡੇ ’ਤੇ ਛੱਡਦਾ ਹਾਂ। ਜਿੱਥੋਂ ਤੱਕ ਸਾਡੀ ਗੱਲ ਹੈ ਉਹ ਸਾਡੇ ਲਈ ਕੁਝ ਵੀ ਨਹੀਂ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਜਿੱਥੋਂ ਤੱਕ ਮਜ਼ਮੂਨ ਵਿਚ ਪਾਕਿਸਤਾਨ ਦਾ ਜ਼ਿਕਰ ਹੈ, ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਹਿਲੇਰੀ ਕਲਿੰਟਨ ਨੇ ਕੀ ਕਿਹਾ ਸੀ। ਉਨ੍ਹਾਂ ਕਿਹਾ ਸੀ, ‘‘ਤੁਸੀਂ ਆਪਣੀ ਆਸਤੀਨ ਵਿਚ ਸੱਪ ਪਾਲ ਕੇ ਇਹ ਆਸ ਨਹੀਂ ਕਰ ਸਕਦੇ ਕਿ ਉਹ ਸਿਰਫ਼ ਤੁਹਾਡੇ ਗੁਆਂਢੀਆਂ ਨੂੰ ਹੀ ਡੱਸੇਗਾ।’’ -ਏਐੱਨਆਈ