ਹਰਿਆਣਾ ਵਿਧਾਨ ਸਭਾ ਵਿੱਚੋਂ ਸੱਪ ਫੜਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਇੱਥੇ ਹਰਿਆਣਾ ਵਿਧਾਨ ਸਭਾ ਦੀ ਇਮਾਰਤ ਵਿੱਚੋਂ ਅੱਜ ਸਵੇਰੇ ਸੱਪ ਮਿਲਣ ਦੀ ਜਾਣਕਾਰੀ ਮਿਲਦਿਆਂ ਸਾਰ ਅਮਲੇ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਸੱਪ ਨੂੰ ਕਾਬੂ ਕਰਕੇ ਜੰਗਲ ਵਿੱਚ ਛੱਡ ਦਿੱਤਾ। ਇਹ ਸੱਪ ਸਭ ਤੋਂ ਜ਼ਹਿਰੀਲੀ ਪ੍ਰਜਾਤੀ ਰਸੇਲ ਵਾਈਪਰ ਦਾ ਸੀ। ਅੱਜ ਸਵੇਰ ਸਮੇਂ ਹਰਿਆਣਾ ਵਿਧਾਨ ਸਭਾ ਦੇ ਮੁਲਾਜ਼ਮ ਜਦੋਂ ਡਿਊਟੀ ’ਤੇ ਆਏ ਤਾਂ ਉਨ੍ਹਾਂ ਸੁਰੱਖਿਆ ਮੁਲਾਜ਼ਮਾਂ ਦੇ ਕਮਰੇ ਵਿੱਚ ਸੱਪ ਦੇਖਿਆ। ਵਿਧਾਨ ਸਭਾ ਦੀ ਇਮਾਰਤ ਵਿੱਚ ਸੱਪ ਹੋਣ ਦੀ ਜਾਣਕਾਰੀ ਮਿਲਦਿਆਂ ਸਾਰ ਸਾਰੇ ਮੁਲਾਜ਼ਮ ਖ਼ੌਫ਼ਜ਼ਦਾ ਹੋ ਗਏ। ਦੂਜੇ ਪਾਸੇ ਵਿਧਾਨ ਸਭਾ ਵਿੱਚੋਂ ਸੱਪ ਮਿਲਣ ਦੀ ਜਾਣਕਾਰੀ ਮਿਲਣ ਨਾਲ ਉੱਥੇ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 13 ਨਵੰਬਰ ਤੋਂ ਸ਼ੁਰੂ ਹੋਵੇਗਾ, ਜੋ 13, 14 ਤੇ 18 ਨਵੰਬਰ ਨੂੰ ਚੱਲੇਗਾ। ਦੱਸਣਯੋਗ ਹੈ ਕਿ ਲੱਗਭੱਗ ਚਾਰ ਮਹੀਨੇ ਪਹਿਲਾਂ ਵੀ ਹਰਿਆਣਾ ਸਿਵਲ ਸਕੱਤਰੇਤ ਵਿੱਚੋਂ ਵੀ ਸੱਪ ਨਿੱਕਲਿਆ ਸੀ