‘ਤਸਕਰਾਂ’ ਨੇ ਨਸ਼ੇ ਦੇ ਕਾਲੇ ਧੰਦੇ ਤੋਂ ਪਾਸਾ ਵੱਟਿਆ
ਨਿੱਜੀ ਪੱਤਰ ਪ੍ਰੇਰਕ
ਮਲੋਟ, 5 ਜੁਲਾਈ
ਨਸ਼ੇ ਦੀ ਤਸਕਰੀ ਲਈ ਮਲੋਟ ਦੇ ਇਲਾਕੇ ਮੁਹੱਲਾ ਛੱਜ ਘੜੀਆ ਦੇ ਕੁਝ ਵਸਨੀਕਾਂ ਨੇ ਇਕੱਤਰ ਹੋ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਤਸਕਰੀ ਤੋਂ ਹਮੇਸ਼ਾ ਲਈ ਪਾਸਾ ਵੱਟਣ ਦੀ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਆਪਣੇ ਮੁਹੱਲੇ ਵਿੱਚ ਨਸ਼ਾ ਲੈਣ ਆਉਣ ਵਾਲਿਆਂ ਲਈ ਚਿਤਾਵਨੀ ਭਰਿਆ ਫਲੈਕਸ ਬੋਰਡ ਵੀ ਲਗਾ ਦਿੱਤਾ ਹੈ। ਇਸ ਮੌਕੇ ਹਾਜ਼ਰ ਡੀਐੱਸਪੀ ਬਲਕਾਰ ਸਿੰਘ ਨੇ ਅਜਿਹੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਨਸ਼ਾ ਤਸਕਰੀ ਤੋਂ ਤੌਬਾ ਕਰ ਲੈਂਦੇ ਹਨ ਤਾਂ ਪੁਲੀਸ ਵੀ ਉਨ੍ਹਾਂ ਦਾ ਹਰ ਪੱਖ ਤੋਂ ਸਹਿਯੋਗ ਕਰੇਗੀ ਅਤੇ ਜੇਕਰ ਤਸਕਰੀ ਹੋਣ ਸਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਮਿਲੀ ਤਾਂ ਉਹ ਸਖਤ ਕਾਰਵਾਈ ਨੂੰ ਤਰਜੀਹ ਦੇਣਗੇ। ਦਰਅਸਲ ਲੰਮੇ ਸਮੇਂ ਤੋਂ ਉਕਤ ਮੁਹੱਲਾ ਚਿੱਟੇ ਅਤੇ ਹੋਰ ਨਸ਼ੇ ਦੀ ਤਸਕਰੀ ਲਈ ਬਦਨਾਮ ਹੋ ਚੁੱਕਿਆ ਸੀ, ਦੂਰ ਤੋਂ ਇਸ ਮੁਹੱਲੇ ਵਿੱਚ ਲੋਕ ਨਸ਼ੇ ਦਾ ਦੇਣ ਲੈਣ ਕਰਨ ਲਈ ਆਉਂਦੇ-ਜਾਂਦੇ ਸਨ।
ਪੁਲੀਸ ਨੇ ਇਸ ਮੁਹੱਲੇ ਨੂੰ ਕਈ ਵਾਰ ਸੀਲ ਕਰਕੇ ਤਲਾਸ਼ੀ ਮੁਹਿੰਮ ਵੀ ਚਲਾਈ ਸੀ ਪਰ ਬਾਵਜੂਦ ਇਸ ਦੇ ਇਸ ਮੁਹੱਲੇ ਵਿੱਚ ਤਸਕਰੀ ਨੂੰ ਠੱਲ੍ਹ ਨਹੀਂ ਪਈ। ਹੁਣ ਇਸ ਮੁਹੱਲੇ ਦੇ ਇਸ ਕਾਲੇ ਕਿੱਤੇ ਨਾਲ ਜੁੜੇ ਲੋਕਾਂ ਨੇ ਮੰਤਰੀ ਬਲਜੀਤ ਕੌਰ ਦੀ ਹਾਜ਼ਰੀ ਵਿੱਚ ਹਮੇਸ਼ਾ ਲਈ ਇਸ ਧੰਦੇ ਤੋਂ ਕਿਨਾਰਾ ਕਰਨ ਦਾ ਪ੍ਰਣ ਕੀਤਾ ਹੈ। ਇਸ ਸਬੰਧੀ ਡਾ. ਬਲਜੀਤ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਦਾ ਮਕਸਦ ਸਰਵਪੱਖੀ ਵਿਕਾਸ ਹੈ, ਨਾ ਕਿ ਕਿਸੇ ਇੱਕ ਖੇਤਰ ਦਾ ਵਿਕਾਸ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਕਾਲੇ ਕਿੱਤੇ ਨੂੰ ਅਲਵਿਦਾ ਕਹਿਣ ਵਾਲੇ ਪਰਿਵਾਰਾਂ ਦੇ ਮੁੜ ਵਸੇਬੇ ਦੇ ਵੀ ਉਹ ਯਤਨ ਕਰਨਗੇ।