ਸਵਾ ਕਰੋੜ ਦੇ ਚਿੱਟੇ ਸਣੇ ਤਸਕਰ ਕਾਬੂ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਜੁਲਾਈ
ਅੰਬਾਲਾ ਦੇ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਅੰਬਾਲਾ ਕੈਂਟ ਥਾਣੇ ਦੇ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਇਕ ਨਸ਼ਾ ਤਸਕਰ ਨੂੰ ਸਵਾ ਕਰੋੜ ਰੁਪਏ ਮੁੱਲ ਦੀ 268 ਗ੍ਰਾਮ ਸਮੈਕ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਤਸਕਰ ਦੀ ਪਛਾਣ ਰਵਿੰਦਰ ਕੁਮਾਰ ਉਰਫ਼ ਰਵੀ ਵਾਸੀ ਮਾਧੋਗੜ੍ਹ, ਜ਼ਿਲ੍ਹਾ ਮਹਿੰਦਰਗੜ੍ਹ ਹਾਲ ਵਾਸੀ ਰਾਮ ਕਿਸ਼ਨ ਕਾਲੋਨੀ, ਅੰਬਾਲਾ ਕੈਂਟ ਵਜੋਂ ਹੋਈ ਹੈ। ਪੁੱਛਗਿਛ ਦੌਰਾਨ ਉਸ ਨੇ ਦੱਸਿਆ ਕਿ ਉਹ ਤੇਜਵਿੰਦਰ ਸਿੰਘ ਉਰਫ਼ ਬਿੰਨੀ ਵਾਸੀ ਰਾਮ ਕਿਸ਼ਨ ਕਾਲੋਨੀ ਦੇ ਕਹੇ ਅਨੁਸਾਰ ਨਸ਼ੀਲੇ ਪਦਾਰਥ ਖਰੀਦ ਕੇ ਲਿਆਉਂਦਾ ਹੈ। ਐਸ.ਪੀ. ਨੇ ਦੱਸਿਆ ਕਿ ਮੁਲਜ਼ਮ ਤੇਜਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ੍ਰੀ ਰੰਧਾਵਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਬੀ.ਡੀ. ਫਲੋਰ ਮਿੱਲ ਕੋਲ ਲਾਏ ੲਿਕ ਨਾਕੇ ਦੌਰਾਨ ਮਾਰੂਤੀ ਕਾਰ ਨੰਬਰ ਐੱਚਆਰ37ਈ-6563 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚੋਂ 268 ਗ੍ਰਾਮ ਚਿੱਟਾ ਬਰਾਮਦ ਹੋਇਆ। ਰਵਿੰਦਰ ਕੁਮਾਰ ਨੂੰ ਚਿੱਟੇ ਸਮੇਤ ਗ੍ਰਿਫ਼ਤਾਰ ਕਰ ਕੇ ਥਾਣਾ ਅੰਬਾਲਾ ਛਾਉਣੀ ਵਿਚ ਕੇਸ ਦਰਜ ਕੀਤਾ ਗਿਆ। ਐੱਸ.ਪੀ. ਨੇ ਦੱਸਿਆ ਕਿ ਤੇਜਵਿੰਦਰ ਸਿੰਘ ਉਰਫ਼ ਬਿੰਨੀ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਉਨ੍ਹਾਂ ਦੱਸਿਆ ਕਿ ਇਕ ਹੋਰ ਵੱਖਰੇ ਮਾਮਲੇ ਵਿੱਚ ਅੰਬਾਲਾ ਕੈਂਟ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗੀਤਾ ਨਾਂ ਦੀ ਮਹਿਲਾ ਨੂੰ ਪੁਰਾਣੀ ਮੱਛੀ ਮੰਡੀ ਨੇਡ਼ਿਓਂ 1656 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।