ਧੁਆਂਖੀ ਧਰਤੀ, ਨਵੀਂ ਸਵੇਰ
ਕਦੇ ਇਸ ਜਰਖੇਜ਼ ਸੂਬੇ ਦੀਆਂ ਹਵਾਵਾਂ ਵੀ ਸੁਰਮਈ ਸੰਗੀਤ ਨਾਲ ਲਬਰੇਜ਼ ਸਨ। ਇਸ ਦੇ ਖੁੱਲ੍ਹੇ ਖੇਤ, ਸੁਨਹਿਰੀ ਕਣਕ ਦੀ ਫ਼ਸਲ ਨਾਲ ਭਰਪੂਰ ਸਨ ਜੋ ਸਮੁੰਦਰ ਦੀਆਂ ਸ਼ਾਂਤ ਲਹਿਰਾਂ ਵਾਂਗ ਅਠਖੇਲੀਆਂ ਕਰਦੀ ਸੀ। ਆਪਣੀ ਧਰਤੀ ਨਾਲ ਜੁੜੇ ਹੋਏ ਇੱਥੋਂ ਦੇ ਵਾਸੀ ‘ਅੰਨ ਦਾਤਾ’ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਰੋਜ਼ੀ-ਰੋਟੀ ਧਰਤੀ ਮਾਂ ਦਾ ਵਰਦਾਨ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਉਹ ਇਸ ਦੀ ਦੇਖਭਾਲ ਕਰਦੇ ਆ ਰਹੇ ਸਨ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਖ਼ੁਸ਼ਹਾਲੀ ਭਰੇ ਮਾਹੌਲ ਦੀ ਥਾਂ ਲਾਲਚ ਦੇ ਰੌਲੇ-ਗੋਲੇ ਨੇ ਮੱਲ ਲਈ।
ਇਹ ਬਦਲਾਅ ਸੂਖਮ ਰੂਪ ਵਿੱਚ ਸ਼ੁਰੂ ਹੋਇਆ ਸੀ, ਕਿਸੇ ਇਮਾਰਤ ਵਿੱਚ ਪਹਿਲੀ ਦਰਾੜ ਦੇ ਪ੍ਰਗਟ ਹੋਣ ਵਾਂਗ। ਫ਼ਸਲਾਂ ਨੂੰ ਉਗਾਉਣ ਦੇ ਨਵੇਂ ਤੇ ਵਧੀਆ ਢੰਗਾਂ ਦੀ ਮਸ਼ਹੂਰੀ ਨਾਲ ਇੱਕ ਵਪਾਰੀ ਕੰਪਨੀ ਨੇ ਇੱਥੇ ਆ ਡੇਰਾ ਲਾਇਆ। ਉਸ ਨੇ ਬਣਾਉਟੀ (ਰਸਾਇਣੀ) ਖਾਦਾਂ, ਜੈਨੇਟਿਕ ਤੌਰ ਉੱਤੇ ਸੋਧੇ ਬੀਜਾਂ ਅਤੇ ਕੀਟਨਾਸ਼ਕਾਂ ਦਾ ਗੁਣਗਾਣ ਕਰਦੇ ਹੋਏ ਫ਼ਸਲਾਂ ਦੇ ਵਧੇਰੇ ਝਾੜ ਦੀ ਗਾਰੰਟੀ ਨਾਲ ਸਭ ਦਾ ਮਨ ਮੋਹ ਲਿਆ। ਵਧੇਰੇ ਝਾੜ ਤੇ ਵਧੇਰੇ ਦੌਲਤ ਦੇ ਸੁਪਨਿਆਂ ਵਿੱਚ ਫਸ ਕੇ ਸਥਾਨਕ ਲੋਕਾਂ ਨੇ ਇਨ੍ਹਾਂ ਨਵੇਂ ਢੰਗਾਂ ਨੂੰ ਸਹਿਜੇ ਹੀ ਅਪਣਾ ਲਿਆ। ਪਹਿਲਾਂ-ਪਹਿਲਾਂ ਤਾਂ ਖੂਬ ਫ਼ਸਲ ਹੋਈ, ਝਾੜ ਵਿੱਚ ਚੋਖਾ ਵਾਧਾ ਵੀ ਹੋਇਆ। ਇਸ ਨਾਲ ਸੂਬਾ ਖ਼ੁਸ਼ਹਾਲ ਹੁੰਦਾ ਗਿਆ, ਪਰ ਲੋਕਾਂ ਨੇ ਆਪਣੀ ਸਰਜ਼ਮੀਨ ਵਿੱਚ ਫੈਲ ਰਹੀਆਂ ਤਬਾਹੀ ਦੀਆਂ ਜੜਾਂ ਨੂੰ ਮਹਿਸੂਸ ਨਹੀਂ ਕੀਤਾ।
ਜੰਗਲ, ਜੋ ਕਦੇ ਪੰਛੀਆਂ ਦੇ ਸੁਰਮਈ ਸੰਗੀਤ ਨਾਲ ਗੂੰਜਦੇ ਸਨ ਅਤੇ ਜੰਗਲੀ ਜੀਵਾਂ ਦੀਆਂ ਮਨਭਾਉਂਦੀਆਂ ਖੇਡਾਂ ਦੇ ਪ੍ਰਤੱਖ ਗਵਾਹ ਸਨ, ਵਧੇਰੇ ਫ਼ਸਲੀ ਪੈਦਾਵਾਰ ਲਈ ਨਵੇਂ ਖੇਤ ਬਣਾਉਣ ਲਈ ਕੱਟ ਦਿੱਤੇ ਗਏ। ਦਰਿਆਵਾਂ ਦੇ ਪਾਣੀ ਜੋ ਕਦੇ ਸੂਰਜੀ ਰੋਸ਼ਨੀ ਦੀ ਲਿਸ਼ਕੋਰ ਨਾਲ ਝਿਲਮਿਲ ਕਰਦੇ ਸਨ, ਨੂੰ ਬੰਨ੍ਹ ਲਾ ਕੇ ਦੂਰ ਦੁਰਾਡੇ ਖੇਤਰਾਂ ਵੱਲ ਭੇਜ ਦਿੱਤਾ ਗਿਆ। ਜਿਸ ਦਾ ਧਰਤੀ ਪੁੱਤਰਾਂ ਨੇ ਵਿਰੋਧ ਤਾਂ ਕੀ ਕਰਨਾ ਸੀ ਸਗੋਂ ਧੰਨ ਤੇ ਅਹੁਦੇ ਦੇ ਲਾਲਚਾਂ ਨਾਲ ਉਹ ਅਜਿਹੇ ਕੰਮਾਂ-ਕਾਰਾਂ ਦੇ ਖ਼ੁਦਮੁਖ਼ਤਿਆਰ ਬਣ ਗਏ।
ਹਰ ਮੌਸਮ ਵਿੱਚ ਝੋਨਾ, ਸਫੈਦਾ ਤੇ ਪੋਪਲਰ ਦੀਆਂ ਫ਼ਸਲਾਂ ਹੇਠ ਰਕਬਾ ਵਧਦਾ ਗਿਆ ਅਤੇ ਹਰ ਸਾਲ ਜ਼ਮੀਨ ਹੇਠਲੇ ਪਾਣੀ ਦੇ ਭੰਡਾਰਾਂ ਦਾ ਪੱਧਰ ਨੀਵਾਂ ਹੁੰਦਾ ਗਿਆ। ਕੁਦਰਤੀ ਹਰਿਆਲੀ ਗਾਇਬ ਹੁੰਦੀ ਜਾ ਰਹੀ ਸੀ, ਪਰ ਲੋਕਾਂ ਦੀਆਂ ਅੱਖਾਂ ਧੰਨ ਦੀ ਲਿਸ਼ਕ ਨਾਲ ਚੁੰਧਿਆ ਚੁੱਕੀਆਂ ਸਨ। ਥੋੜ੍ਹੇ ਸਮੇਂ ਵਿੱਚ ਤੇ ਘੱਟ ਤੋਂ ਘੱਟ ਖ਼ਰਚੇ ਨਾਲ ਧਰਤੀ ਨੂੰ ਅਗਲੀ ਫ਼ਸਲ ਦੀ ਪੈਦਾਇਸ਼ ਲਈ ਤਿਆਰ ਕਰਨ ਵਾਸਤੇ, ਉਨ੍ਹਾਂ ਨੇ ਵਾਢੀ ਤੋਂ ਪਿੱਛੇ ਬਚੀ ਪਰਾਲੀ ਤੇ ਨਾੜ ਨੂੰ ਸਾੜਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਸਾਰਾ ਚੌਗਿਰਦਾ ਧੂੰਏਂ ਦੀ ਮੋਟੀ ਚਾਦਰ ਹੇਠ ਢਕਿਆ ਗਿਆ। ਸੜਦੀ ਪਰਾਲੀ ਨਾਲ ਤੜਫ਼ ਤੜਫ਼ ਕੇ ਮਰ ਰਹੇ ਮਿੱਤਰ ਕੀੜਿਆਂ, ਪਤੰਗਿਆਂ, ਪੰਛੀਆਂ ਤੇ ਜੀਵਾਂ ਦਾ ਦਰਦ ਹੁਣ ਉਨ੍ਹਾਂ ਨੂੰ ਪਸੀਜਦਾ ਨਹੀਂ ਸੀ। ਉਨ੍ਹਾਂ ਦੇ ਤਿਉਹਾਰ ਜੋ ਕਦੇ ਸਿੱਧੀਆਂ ਸਾਦੀਆਂ ਖ਼ੁਸ਼ੀਆਂ ਦਾ ਮੁਜੱਸਮਾਂ ਸਨ, ਪੈਸੇ ਦੀ ਬਹੁਤਾਤ ਕਾਰਨ ਦਿਖਾਵੇ ਦੇ ਅੰਡਬਰਾਂ, ਪਟਾਕਿਆਂ ਦੀ ਠਾਹ-ਠਾਹ ਤੇ ਧੂੰਏ ਦੇ ਅੰਬਾਰਾਂ ਨਾਲ ਚੌਗਿਰਦੇ ਨੂੰ ਜ਼ਹਿਰੀਲੇ ਮਾਦੇ ਨਾਲ ਭਰਦੇ ਅਜੀਬ ਨੁਮਾਇਸ਼ ਬਣ ਗਏ।
ਜ਼ਮੀਨ ਅਸੁਖਾਵੇਂ ਬੋਝ ਹੇਠ ਚਰਮਰਾ ਰਹੀ ਸੀ। ਹੌਲੀ ਹੌਲੀ ਪੰਛੀ ਲੋਪ ਹੋ ਗਏ, ਉਨ੍ਹਾਂ ਦੇ ਗੀਤਾਂ ਦੀ ਥਾਂ ਇੱਕ ਭਿਆਨਕ ਚੁੱਪ ਨੇ ਲੈ ਲਈ। ਜੰਗਲੀ ਜੀਵ ਪੁਰਾਣੀਆਂ ਕਹਾਣੀਆਂ ਦੇ ਪਾਤਰ ਬਣ ਕੇ ਰਹਿ ਗਏ। ਹਵਾ, ਜੋ ਕਦੇ ਖਿੜਦੇ ਫੁੱਲਾਂ ਦੀ ਮਹਿਕ ਨਾਲ ਸਰਸ਼ਾਰ ਹੁੰਦੀ ਸੀ, ਹੁਣ ਦਮ-ਘੋਟੂ ਅਤੇ ਜ਼ਹਿਰੀਲੀ ਹੋ ਗਈ ਸੀ। ਕੈਂਸਰ ਦੇ ਦੈਂਤ ਨੇ ਲੋਕਾਂ ਦੇ ਜੀਵਨ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲਿਆ ਸੀ। ਕੈਂਸਰ ਵਰਗਾ ਘਾਤਕ ਸ਼ਿਕਾਰੀ, ਇਨ੍ਹਾਂ ਲੋਕਾਂ ਵੱਲੋਂ ਖ਼ੁਦ ਹੀ ਫਿਜ਼ਾ ਵਿੱਚ ਘੋਲੇ ਰਸਾਇਣਾਂ ਤੋਂ ਪੈਦਾ ਹੋਇਆ ਸੀ। ਪਰ ਲੋਕ ਫਿਰ ਵੀ ਆਪਣੀਆਂ ਮਨ-ਆਈਆਂ ਕਰਦੇ ਰਹੇ, ਕਿਉਂ ਜੋ ਉਨ੍ਹਾਂ ਦੀਆਂ ਨਜ਼ਰਾਂ ਜ਼ਿਆਦਾ ਤੋਂ ਜ਼ਿਆਦ ਧੰਨ ਪ੍ਰਾਪਤੀ ਦੀ ਹੋੜ ਉੱਤੇ ਟਿਕੀਆਂ ਹੋਈਆਂ ਸਨ। ਆਪਣੀ ਤੰਦਰੁਸਤੀ ਤੇ ਬਿਮਾਰ ਚੌਗਿਰਦੇ ਦੀ ਹਾਲਤ ਬਾਰੇ ਉਹ ਕਦੇ ਵੀ ਚਿੰਤਤ ਨਹੀਂ ਹੋਏ।
ਉਸ ਦਿਨ, ਪਤਝੜ ਦੇ ਮੌਸਮ ਵਿੱਚ ਦਸ ਕੁ ਸਾਲ ਮੁੰਡਾ - ਰਾਜਵੰਤ, ਆਪਣੇ ਜੱਦੀ ਖੇਤ ਦੇ ਕਿਨਾਰੇ ਖੜ੍ਹਾ ਸੀ। ਉਸ ਨੇ ਆਪਣੀ ਮਾਂ ਤੋਂ ਕਈ ਕਹਾਣੀਆਂ ਸੁਣੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਹਰੇ ਭਰੇ ਸਰੋਂ ਦੇ ਫੁੱਲਾਂ ਲੱਦੇ ਖੇਤ ਹਰ ਪਾਸੇ ਮਹਿਕਾਂ ਖਿਲਾਰਦੇ ਸਨ। ਚਿੜੀਆਂ ਦੀ ਚੀਂ-ਚੀਂ, ਮੋਰਾਂ ਦੀ ਕੂਕ, ਗੁਟਾਰਾਂ ਦੀ ਗੁਟਰ-ਗੂੰ ਤੇ ਬਾਜ਼ਾਂ ਦੀ ਉੱਚੀ ਉਡਾਰੀ ਚੌਗਿਰਦੇ ਨੂੰ ਸੁੰਵਨਤਾ ਤੇ ਜੀਵਨ ਲੈਅ ਬਖ਼ਸ਼ਦੀ ਸੀ। ਖੂਹਾਂ ਦਾ ਮਿੱਠਾ ਪਾਣੀ ਜੀਵਨ ਦਾਤਾ ਸੀ ਤੇ ਹਰੇ-ਭਰੇ ਰੁੱਖ ਠੰਢੀਆਂ ਮਿੱਠੀਆਂ ਹਵਾਵਾਂ ਵੰਡਦੇ ਜਾਪਦੇ ਸਨ, ਪਰ ਰਾਜਵੰਤ ਦੇਖ ਰਿਹਾ ਸੀ ਕਿ ਹੁਣ ਚਾਰੇ ਪਾਸੇ ਦੂਰ ਦੂਰ ਤੱਕ ਧੁੰਦ ਦਾ ਗੁਬਾਰ ਫੈਲਿਆ ਹੋਇਆ ਸੀ। ਹੋਰ ਤਾਂ ਹੋਰ ਆਪੋ ਆਪਣੇ ਖੇਤਾਂ ਵਿੱਚ ਕੰਮ ਕਰਨ ਜਾ ਰਹੇ ਲੋਕਾਂ ਦੇ ਖੰਘਣ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ।
ਇੱਕ ਦੁਪਿਹਰ, ਇੱਕ ਬਜ਼ੁਰਗ ਜਿਸ ਦੇ ਹੱਥ ਖੇਤੀ ਦੇ ਕੰਮਾਂ ਦੀ ਸਖ਼ਤ ਮਿਹਨਤ ਕਾਰਨ ਅੱਟਣਾਂ ਨਾਲ ਭਰੇ ਸਨ, ਇੱਕ ਸੁੱਕੇ ਜਿਹੇ ਬੋਹੜ ਦੇ ਰੁੱਖ ਹੇਠਾਂ ਬੈਠਾ ਸੀ। ਇਹ ਬਜ਼ੁਰਗ ਰਾਜਵੰਤ ਦੇ ਦਾਦਾ ਜੀ ਸਨ। ਰਾਜਵੰਤ ਨੇ ਉਨ੍ਹਾਂ ਕੋਲ ਪਹੁੰਚ ਕੇ ਆਲੇ ਦੁਆਲੇ ਫੈਲੇ ਧੁੰਦ ਦੇ ਗੁਬਾਰ ਬਾਰੇ ਪੁੱਛਿਆ ਤਾਂ ਉਹ ਬੋਲੇ, “ਪੁੱਤਰ! ਅਸੀਂ ਗਰਮ ਪਾਣੀ ਵਿੱਚ ਬੈਠੇ ਡੱਡੂ ਵਾਂਗ ਹਾਂ। ਅਸੀਂ ਗਰਮੀ (ਪ੍ਰਦੂਸ਼ਣ) ਵਧਾਉਂਦੇ ਰਹਿੰਦੇ ਹਾਂ, ਇਹ ਸੋਚਦੇ ਹੋਏ ਕਿ ਇਹ ਸਾਨੂੰ ਨੁਕਸਾਨ ਨਹੀਂ ਪਹੁੰਚਾਏਗੀ, ਪਰ ਜਲਦੀ ਹੀ ਵਧੇਰੇ ਗਰਮੀ ਕਾਰਨ ਉੱਬਲ ਰਹੇ ਪਾਣੀ ਵਿੱਚ ਡੱਡੂ ਦੇ ਮਰ ਜਾਣ ਵਾਂਗ ਅਸੀਂ ਵੀ ਇਹੋ ਜਿਹਾ ਹੀ ਅੰਜ਼ਾਮ ਭੁਗਤਾਂਗੇ। ਸਾਡੇ ਗ਼ੈਰ ਜ਼ਿੰਮੇਵਾਰੀ ਵਾਲੇ ਵਿਵਹਾਰ ਕਾਰਨ ਨਾ ਸਿਰਫ਼ ਸਾਡੀ ਧਰਤੀ ਦਾ ਕੁਦਰਤੀ ਵਾਤਾਵਰਨ ਹੀ ਵਿਗੜ ਰਿਹਾ ਹੈ; ਸਗੋਂ ਇਸ ਦੇ ਨਾਲ ਅਸੀਂ ਵੀ ਇਨ੍ਹਾਂ ਮਾੜੇ ਹਾਲਤਾਂ ਦਾ ਸ਼ਿਕਾਰ ਬਣ ਰਹੇ ਹਾਂ।’’
ਇਹ ਸੁਣ ਰਾਜਵੰਤ ਉਦਾਸ ਹੋ ਗਿਆ। ਉਸ ਰਾਤ ਜਦੋਂ ਉਹ ਸੁੱਤਾ ਤਾਂ ਉਸ ਨੇ ਇੱਕ ਅਜੀਬ ਸੁਪਨਾ ਦੇਖਿਆ। ਇਹ ਸੁਪਨਾ ਸੀ – ਇੱਕ ਹਰੀ ਭਰੀ, ਖ਼ੁਸ਼ਹਾਲ ਤੇ ਜੀਵਨ ਭਰਪੂਰ ਧਰਤੀ ਦਾ ਸੁਪਨਾ। ਉਸ ਨੇ ਸੂਰਜ ਦੀ ਰੋਸ਼ਨੀ ਵਿੱਚ ਲਿਸ਼ਕਾਂ ਮਾਰਦੇ ਪਾਣੀ ਵਾਲੀ ਨਦੀ ਵਿੱਚ ਮੱਛੀਆਂ ਨੂੰ ਅਠਖੇਲੀਆਂ ਕਰਦਿਆਂ ਤੇ ਡੱਡੂਆਂ ਨੂੰ ਇੱਧਰ-ਉੱਧਰ ਛਾਲਾਂ ਮਾਰਦੇ ਦੇਖਿਆ। ਹਰੇ ਭਰੇ, ਉੱਚੇ-ਲੰਮੇ ਰੁੱਖਾਂ ਦੀਆਂ ਟਾਹਣੀਆਂ ਉੱਤੇ ਮੌਜੂਦ ਆਲ੍ਹਣਿਆਂ ਵਿੱਚ ਨਿੱਕੜੇ ਬੋਟਾਂ ਤੇ ਚੋਗ ਦੀ ਤਲਾਸ਼ ਵਿੱਚ ਇੱਧਰ ਉੱਧਰ ਉੱਡ ਰਹੇ ਪੰਛੀਆਂ ਨੂੰ ਦੇਖਿਆ। ਸਾਫ਼ ਸੁਥਰੀ ਹਵਾ ਵਿੱਚ ਮਹਿਕਾਂ ਵੰਡਦੇ ਫੁੱਲਾਂ ਲੱਦੇ ਬੂਟਿਆਂ ਤੇ ਵੰਨ-ਸੁਵੰਨੀਆਂ ਫ਼ਸਲਾਂ ਨਾਲ ਭਰਪੂਰ ਖੇਤਾਂ ਵਿੱਚ ਖ਼ੁਸ਼ੀ ਖ਼ੁਸ਼ੀ ਕੰਮ ਕਰ ਰਹੇ ਕਿਸਾਨਾਂ ਨੂੰ ਦੇਖਿਆ। ਇਸੇ ਸੁਪਨੇ ਵਿੱਚ ਉਸ ਨੇ ਖ਼ੁਦ ਨੂੰ ਇੱਕ ਖੇਤ ਵਿੱਚ ਇੱਕ ਬੂਟਾ ਫੜੀ ਖੜ੍ਹਾ ਦੇਖਿਆ।
ਜਦੋਂ ਉਸ ਦੀ ਨੀਂਦ ਖੁੱਲ੍ਹੀ ਤਾਂ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਨੂੰ ਕੋਈ ਅਹਿਮ ਫ਼ੈਸਲਾ ਕਰਨਾ ਬਹੁਤ ਜ਼ਰੂਰੀ ਹੈ, ਪਰ ਉਸ ਨੂੰ ਇਹ ਅਜੇ ਸਪੱਸ਼ਟ ਨਹੀਂ ਸੀ ਹੋ ਰਿਹਾ ਕਿ ਇਹ ਫ਼ੈਸਲਾ ਹੈ ਕਿਸ ਬਾਰੇ? ਉਸ ਨੇ ਆਪਣੇ ਦੋਸਤਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ। ਉਸ ਨੇ ਉਨ੍ਹਾਂ ਨੂੰ ਰਲ-ਮਿਲ ਕੇ ਰੁੱਖ ਲਗਾਉਣ, ਪਾਣੀ ਦੀ ਬੱਚਤ ਕਰਨ ਅਤੇ ਆਪਣੇ ਪਰਿਵਾਰਾਂ ਵਿੱਚ ਵਾਤਾਵਰਨ ਸਾਂਭ-ਸੰਭਾਲ ਬਾਰੇ ਚੇਤਨਾ ਪੈਦਾ ਕਰਨ ਲਈ ਕਿਹਾ। ਉਸ ਦਾ ਉੱਦਮ ਬੇਸ਼ੱਕ ਛੋਟਾ ਸੀ, ਪਰ ਉਸ ਨੇ ਇਹ ਕੋਸ਼ਿਸ਼ ਲਗਾਤਾਰ ਜਾਰੀ ਰੱਖੀ। ਇਹ ਉੱਦਮ ਬਿਲਕੁਲ ਇੰਝ ਸੀ ਜਿਵੇਂ ਪਾਣੀ ਦੀ ਕੋਈ ਬੂੰਦ ਪੱਥਰ ਉੱਤੇ ਕੁਝ ਉੱਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ।
ਕਈ ਸਾਲ ਗੁਜ਼ਰ ਗਏ। ਮਨੁੱਖੀ ਲਾਲਚ ਦੇ ਮਾੜੇ ਪ੍ਰਭਾਵਾਂ ਕਾਰਨ ਉਹ ਸੂਬਾ ਅਜੇ ਵੀ ਦਾਗਦਾਰ ਸੀ। ਜੰਗਲ ਅਜੇ ਵਾਪਸ ਨਹੀਂ ਸਨ ਆਏ ਅਤੇ ਪਾਣੀ ਦੀ ਘਾਟ ਅਜੇ ਵੀ ਬਰਕਰਾਰ ਸੀ, ਪਰ ਕਿਧਰੇ ਕਿਧਰੇ ਹਰੇ ਭਰੇ ਰੁੱਖਾਂ ਜੜੇ ਖਿੱਤੇ ਨਜ਼ਰ ਆਉਣ ਲੱਗ ਪਏ ਸਨ। ਸਪੱਸ਼ਟ ਸੀ ਕਿ ਹਾਲਾਤ ਦੇ ਮਾਰੇ ਅਤੇ ਨਵੀਂ ਪੀੜ੍ਹੀ ਤੋਂ ਪ੍ਰੇਰਿਤ ਲੋਕ, ਆਪਣੇ ਜੀਵਨ ਢੰਗ ਨੂੰ ਬਦਲਣ ਲੱਗ ਪਏ ਸਨ। ਕਈ ਕਿਸਾਨਾਂ ਨੇ ਖੇਤਾਂ ਵਿੱਚ ਦੇਸੀ ਫ਼ਸਲਾਂ ਉਗਾਉਣ ਦਾ ਉੱਦਮ ਮੁੜ ਸ਼ੁਰੂ ਕਰ ਲਿਆ ਸੀ। ਵਾਤਾਵਰਨ ਦੇ ਸੰਤੁਲਨ ਨੂੰ ਬਹਾਲ ਕਰਨ ਲਈ ਉਨ੍ਹਾਂ ਨੇ ਜੰਗਲ ਲਾਉਣੇ ਅਤੇ ਪਟਾਕਿਆਂ ਦੀ ਥਾਂ ਦੀਵਿਆਂ ਦੀ ਜਗਮਗ ਨਾਲ ਤਿਉਹਾਰ ਮਨਾਉਣੇ ਸ਼ੁਰੂ ਕਰ ਲਏ ਸਨ।
ਇਹ ਕਹਾਣੀ ਤੁਰੰਤ ਹੱਲ ਦੀ ਕਥਾ ਨਹੀਂ ਸੀ। ਸੂਬਾ ਅਜੇ ਵੀ ਸੰਘਰਸ਼ ਕਰ ਰਿਹਾ ਸੀ, ਪਰ ਇਸ ਦੇ ਲੋਕ ਜਾਗਣੇ ਸ਼ੁਰੂ ਹੋ ਗਏ ਸਨ। ਰਾਜਵੰਤ ਵੱਡਾ ਹੋ ਗਿਆ ਸੀ, ਪਰ ਉਸ ਨੇ ਆਪਣੇ ਸੁਪਨੇ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਸੀ ਹੋਣ ਦਿੱਤਾ। ਬੇਸ਼ੱਕ ਉਹ ਆਪਣੇ ਸੂਬੇ ਦੀ ਪੁਰਾਣੀ ਸ਼ਾਨ ਦੇ ਬਹਾਲ ਹੋਣ ਤੱਕ ਜਿਊਂਦਾ ਨਾ ਰਹਿ ਸਕਿਆ, ਪਰ ਉਸ ਦੇ ਉੱਦਮ ਨੇ ਉਮੀਦ ਦੇ ਬੀਜ ਬੀਜੇ ਸਨ। ਇੰਝ ਧਰਤੀ ਦਾ ਕੁਦਰਤੀ ਸੁਹੱਪਣ ਵਾਪਸ ਆਉਣਾ ਸ਼ੁਰੂ ਹੋਇਆ, ਪਹਿਲਾਂ ਵਾਂਗ ਵੱਡੇ ਪੈਮਾਨੇ ਉੱਤੇ ਤਾਂ ਨਹੀਂ, ਪਰ ਇੱਕ ਅਜਿਹੀ ਨਵੀਂ ਸਵੇਰ ਦੀ ਆਸ ਵਿੱਚ ਜਿੱਥੇ ਇਹ ਫਿਰ ਪਹਿਲਾਂ ਵਾਂਗ ਠਾਠਾਂ ਮਾਰ ਸਕਦਾ ਸੀ।
ਈਮੇਲ: drdpsn@hotmail.com