ਮੋਗਾ ’ਚ ਆਸਮਾਨ ’ਤੇ ਛਾਈ ਧੂੁੰਏਂ ਦੀ ਚਾਦਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਨਵੰਬਰ
ਸੂਬੇ ’ਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਆਸਮਾਨ ’ਚ ਧੂੰਏਂ ਦੇ ਗੁਬਾਰ ਬਣ ਗਿਆ ਹੈ। ਪੰਜਾਬ ’ਚ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਪੱਧਰ ’ਤੇ ਪਹੁੰਚ ਗਿਆ ਹੈ। ਕਈ ਸ਼ਹਿਰਾਂ ’ਚ ਤਾਂ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਧੂੰਏਂ ਕਾਰਨ ਲੋਕਾਂ ਨੂੰ ਅੱਖਾਂ ਵਿੱਚ ਜਲਣ, ਗਲਾ, ਜ਼ੁਕਾਮ ਤੇ ਬੁਖਾਰ ਆਦਿ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ ਹੈ। ਸਿਹਤ ਮਾਹਿਰਾਂ ਮੁਤਾਬਕ ਅਜਿਹੇ ਵਾਤਾਵਰਨ ਵਿੱਚ ਸਾਹ ਲੈਣਾ ਰੋਗੀਆਂ ਲਈ ਘਾਤਕ ਸਾਬਤ ਹੋ ਸਕਦਾ ਹੈ ਅਤੇ ਸਿਹਤਯਾਬ ਲੋਕਾਂ ਨੂੰ ਵੀ ਬਿਮਾਰੀਆਂ ਘੇਰ ਸਕਦੀਆਂ ਹਨ। ਦੂਜੇ ਪਾਸੇ ਸੂਬੇ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟ ਵੀ ਹਵਾ ਪ੍ਰਦੂਸ਼ਣ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਜੇ ਇਹੀ ਹਾਲ ਰਿਹਾ ਅਤੇ ਹਲਕਾ ਮੀਂਹ ਨਾ ਪਿਆ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ। ਖੇਤੀ ਵਿਗਿਆਨੀ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਭਾਵੇਂ ਪ੍ਰਸ਼ਾਸਨ ਕਿਸਾਨਾਂ ਖ਼ਿਲਾਫ਼ ਧੜਾ-ਧੜ ਪਰਚੇ ਦਰਜ ਅਤੇ ਭਾਰੀ ਜੁਰਮਾਨੇ ਕਰ ਰਿਹਾ ਹੈ ਪਰ ਕਿਸਾਨ ਪਰਾਲੀ ਨੂੰ ਮਜਬੂਰਨ ਅੱਗ ਲਾ ਰਹੇ ਹਨ। ਪਰਾਲੀ ਸਾੜਨ ਦੀਆਂ ਘਟਨਾਵਾਂ ਘੱਟ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਵਾ ਪ੍ਰਦੂਸ਼ਣ ਕਿਉਂ ਨਹੀਂ ਘਟਿਆ ਹਾਲਾਂਕਿ ਹਵਾ ਪ੍ਰਦੂਸ਼ਣ ਦੇ ਨਾ ਘਟਣ ਦਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਵਰ੍ਹੇ ਇਹ ਵਰਤਾਰਾ ਰੋਕਣ ਲਈ ਕਰੋੜਾਂ ਰੁਪਏ ਦੀ ਆਧੁਨਿਕ ਤਕਨੀਕ ਵਾਲੀ ਮਸ਼ੀਨੀਰੀ ਖਰੀਦੀ ਜਾ ਰਹੀ ਹੈ ਪਰ ਕੁਝ ਮੁਨਾਫਾਖੋਰ ਅਤੇ ਸਰਕਾਰ ’ਚ ਬੈਠੇ ਸਿਸਟਮ ਦੇ ਭਾਗੀਦਾਰ ਖਰੀਦੀ ਜਾ ਰਹੀ ਮਸ਼ੀਨਰੀ ਵਿਚੋਂ ਕਮਿਸ਼ਨ ਖਾਣ ਦੇ ਚੱਕਰ ਵਿਚ ਸਿਸਟਮ ਨੂੰ ਸੁਧਾਰਨ ਦੇ ਰੌਂਅ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਇਕਾਈਆਂ ਵੀ ਇਸੇ ਚੱਕਰ ’ਚ ਵਿੱਚ ਹਨ ਕਿ ਇਹ ਸਿਸਟਮ ਚਾਲੂ ਰਹੇ ਤਾਂ ਜੋ ਸਰਕਾਰ ਵੱਲੋਂ ਨਵੀਆਂ ਮਸ਼ੀਨਾਂ ਖਰੀਦੀਆਂ ਜਾਣਗੀਆਂ। ਉੱਚ ਅਦਾਲਤ ਦੀ ਸਖ਼ਤੀ ਕਾਰਨ ਪ੍ਰਸ਼ਾਸਨ ਦਿਨ ਸਮੇਂ ਪਹਿਰਾ ਦਿੰਦਾ ਹੈ ਪਰ ਰਾਤ ਸਮੇਂ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਕਿਉਂਕਿ ਸਾਰੇ ਅਮਲੇ ਫੈਲੇ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਸਾਨ ਮਜਬੂਰੀ ਵੱਸ ਪਰਾਲੀ ਨੂੰ ਸਾੜ ਰਿਹਾ ਹੈ। ਆਰਥਿਕ ਪੱਖੋਂ ਕਮਜ਼ੋਰ ਕਿਸਾਨ ਲਈ ਮਹਿੰਗੀ ਮਸ਼ੀਨਰੀ ਖਰੀਦਣੀ ਔਖੀ ਹੈ। ਉਹ ਫ਼ਸਲ ਦੀ ਬਿਜਾਈ ਕਰਨੀ ਲਈ ਪਰਾਲੀ ਨੂੰ ਰਾਤੋ-ਰਾਤ ਸਮੇਟ ਕੇ ਕੇ ਦਿਨ ਚੜ੍ਹਦਿਆਂ ਜ਼ਮੀਨ ਨੂੰ ਵਾਹ ਕੇ ਮੁੱਦਾ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ।