ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਜ਼ਾਦੀ ਦੀ ਮੁਸਕਾਨ

07:48 AM Aug 12, 2023 IST

ਡਾ. ਦਰਸ਼ਨ ਸਿੰਘ ‘ਆਸ਼ਟ’

ਨੰਦੂ ਦਾ ਪੰਜਵਾਂ ਜਨਮ ਦਿਨ ਆ ਰਿਹਾ ਸੀ। ਪਿਛਲੇ ਸਾਲ ਉਸ ਦੇ ਨਾਨਾ ਜੀ ਉਸ ਲਈ ਕਈ ਤੋਹਫ਼ੇ ਲਿਆਏ ਸਨ। ਨਾਨਾ ਜੀ ਨਾਲ ਉਸ ਦੀ ਮੋਬਾਈਲ ਫੋਨ ’ਤੇ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ। ਵੀਡੀਓ ਕਾਲ ਕਰਕੇ ਉਹ ਨਾਨਾ ਜੀ ਨਾਲ ਖ਼ੂਬ ਗੱਲਾਂ ਕਰਦਾ।
ਨੰਦੂ ਨੇ ਇੱਕ ਸ਼ਾਮ ਨੂੰ ਨਾਨਾ ਜੀ ਨੂੰ ਮੋਬਾਈਲ ਫੋਨ ਮਿਲਾਇਆ। ਉਸ ਨੇ ਪੁੱਛਿਆ, ‘‘ਨਾਨਾ ਜੀ, ਇਸ ਵਾਰ ਮੇਰੇ ਲਈ ਕੀ ਲਿਆ ਰਹੇ ਹੋ?’’
ਨੰਦੂ ਦਾ ਨਾਨਾ ਜੀ ਨਾਲ ਹਾਸਾ-ਮਜ਼ਾਕ ਤਾਂ ਚੱਲਦਾ ਹੀ ਰਹਿੰਦਾ ਸੀ। ਨਾਨਾ ਜੀ ਕਹਿਣ ਲੱਗੇ, ‘‘ਇਸ ਵਾਰੀ ਅਸੀਂ ਨਹੀਂ ਆ ਰਹੇ। ਤੂੰ ਇਕੱਲਾ ਹੀ ਆਪਣੇ ਮੰਮੀ-ਪਾਪਾ ਨਾਲ ਜਨਮ ਦਿਨ ਮਨਾਏਂਗਾ...।’’
ਇਹ ਸੁਣਦਿਆਂ ਸਾਰ ਹੀ ਨੰਦੂ ਇਕਦਮ ਬੋਲਿਆ, ‘‘ਝੂਠ ਬੋਲੇ ਕਊਆ ਕਾਟੇ। ਨਾਨੀ ਜੀ ਨਾਲ ਮੇਰੀ ਗੱਲ ਕਰਵਾਓ। ਮੈਂ ਉਨ੍ਹਾਂ ਨੂੰ ਤੁਹਾਡੀ ਸ਼ਿਕਾਇਤ ਲਗਾਉਂਦਾ ਹਾਂ।’’
ਨਾਨਾ ਜੀ ਇਕਦਮ ਹੱਸ ਪਏ, ‘‘ਉਏ ਨਹੀਂ ਬਈ ਨਹੀਂ। ਕਿਉਂ ਆਪਣੇ ਨਾਨੀ ਜੀ ਕੋਲੋਂ ਮੈਨੂੰ ਝਿੜਕਾਂ ਦਿਵਾਉਣ ਲੱਗੈਂ ? ਅਸੀਂ ਜ਼ਰੂਰ ਆ ਰਹੇ ਹਾਂ। ਹੁਣ ਤਾਂ ਖ਼ੁਸ਼ ਏਂ ਨਾ?’’
ਨੰਦੂ ਬੋਲਿਆ, ‘‘ਧੰਨਵਾਦ ਨਾਨਾ ਜੀ! ਹਾਂ, ਤੁਸੀਂ ਇਹ ਤਾਂ ਦੱਸਿਆ ਹੀ ਨਹੀਂ ਕਿ ਇਸ ਵਾਰੀ ਤੁਸੀਂ ਮੇਰੇ ਲਈ ਕਿਹੜਾ ਗਿਫਟ ਲਿਆ ਰਹੇ ਹੋ?’’
ਨਾਨਾ ਜੀ ਕਹਿਣ ਲੱਗੇ, ‘‘ਇਹ ਪਹਿਲਾਂ ਦੱਸਣ ਵਾਲੀ ਗੱਲ ਨਹੀਂ ਹੁੰਦੀ। ਇਸ ਨਾਲ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਏ। ਤੈਨੂੰ ਉਸੇ ਵੇਲੇ ਹੀ ਪਤਾ ਲੱਗੇਗਾ।’’
ਨਾਨਾ ਜੀ ਨੇ ਨੰਦੂ ਲਈ ਸ਼ਾਮ ਨੂੰ ਜਾਂਦੇ ਹੋਏ ਹੀ ਉਸ ਲਈ ਤੋਹਫ਼ਾ ਖ਼ਰੀਦਣਾ ਸੀ। ਸ਼ਾਮ ਨੂੰ ਨਾਨਾ ਜੀ ਤੇ ਨਾਨੀ ਜੀ ਨੰਦੂ ਕੋਲ ਜਾਣ ਲਈ ਤਿਆਰ ਹੋ ਗਏ। ਉਨ੍ਹਾਂ ਦੇ ਘਰ ਦਾ ਆਪਸ ਵਿੱਚ ਦੋ ਘੰਟਿਆਂ ਦਾ ਫ਼ਾਸਲਾ ਸੀ।
ਨਾਨਾ ਜੀ ਨੇ ਨਾਨੀ ਜੀ ਕੋਲੋਂ ਵੀ ਲੁਕੋ ਰੱਖਿਆ ਹੋਇਆ ਸੀ। ਯਾਨੀ ਨਾਨੀ ਜੀ ਨੂੰ ਵੀ ਨਹੀਂ ਪਤਾ ਸੀ ਕਿ ਉਹ ਨੰਦੂ ਲਈ ਰਾਹ ਵਿੱਚੋਂ ਕਿਹੜਾ ਖ਼ਾਸ ਤੋਹਫ਼ਾ ਖ਼ਰੀਦਣਗੇ।
ਬੱਸ ਅੱਡੇ ਕੋਲ ਜਾ ਕੇ ਨਾਨਾ ਜੀ ਨੇ ਆਪਣੀ ਗੱਡੀ ਰੋਕੀ। ਨਾਨੀ ਜੀ ਕਾਰ ਵਿੱਚ ਹੀ ਬੈਠੇ ਰਹੇ। ਉਹ ਉਨ੍ਹਾਂ ਨੂੰ ਬੜੀ ਜਗਿਆਸਾ ਨਾਲ ਵੇਖ ਰਹੇ ਸਨ।
ਕੁਝ ਸਮੇਂ ਬਾਅਦ ਜਦੋਂ ਨਾਨੀ ਜੀ ਦੀ ਨਜ਼ਰ ਨੰਦੂ ਦੇ ਨਾਨਾ ਜੀ ’ਤੇ ਪਈ ਤਾਂ ਉਨ੍ਹਾਂ ਵੇਖਿਆ, ਉਨ੍ਹਾਂ ਦੇ ਹੱਥ ਵਿੱਚ ਇੱਕ ਪਿੰਜਰਾ ਸੀ ਜਿਸ ਵਿੱਚ ਭਾਂਤ-ਭਾਂਤ ਦੇ ਰੰਗਾਂ ਵਾਲੀਆਂ ਸੱਤ ਚਿੜੀਆਂ ਸਨ।
ਜਿਉਂ ਹੀ ਨਾਨਾ ਜੀ ਨੇ ਚੀਂ-ਚੀਂ ਕਰਦੀਆਂ ਚਿੜੀਆਂ ਵਾਲਾ ਪਿੰਜਰਾ ਕਾਰ ਦੀ ਪਿਛਲੀ ਸੀਟ ’ਤੇ ਰੱਖਣ ਲਈ ਕਾਰ ਦੀ ਪਿਛਲੀ ਤਾਕੀ ਖੋਲ੍ਹੀ ਤਾਂ ਨਾਨੀ ਜੀ ਨੇ ਉਨ੍ਹਾਂ ਨੂੰ ਪੁੱਛਿਆ, ‘‘ਇਹ ਕੀ ਖ਼ਰੀਦ ਲਿਆਏ ਹੋ?’’
ਨਾਨਾ ਜੀ ਮੁਸਕਰਾਉਂਦੇ ਹੋਏ ਨਾਨੀ ਜੀ ਨੂੰ ਕਹਿਣ ਲੱਗੇ, ‘‘ਦੇਖਣਾ, ਨੰਦੂ ਇਨ੍ਹਾਂ ਨੂੰ ਵੇਖ ਕੇ ਕਿਵੇਂ ਕੱਛਾਂ ਵਜਾਉਂਦਾ ਫਿਰੇਗਾ?’’
ਨਾਨਾ ਜੀ ਤੇ ਨਾਨੀ ਜੀ ਨੰਦੂ ਦੇ ਘਰ ਪੁੱਜੇ। ਜਿਉਂ ਹੀ ਨੰਦੂ ਨੇ ਨਾਨਾ ਜੀ ਦੇ ਹੱਥ ਵਿੱਚ ਰੰਗ ਬਿਰੰਗੀਆਂ ਚਿੜੀਆਂ ਵਾਲਾ ਪਿੰਜਰਾ ਤੱਕਿਆ ਤਾਂ ਇਕਦਮ ਖੁਸ਼ ਹੋ ਗਿਆ।
‘‘ਵਾਹ ਨਾਨਾ ਜੀ ਵਾਹ! ਕਿੰਨੀਆਂ ਸੋਹਣੀਆਂ ਚਿੜੀਆਂ ਨੇ। ਮੇਰੇ ਦੋਸਤ ਇਨ੍ਹਾਂ ਨੂੰ ਵੇਖ ਕੇ ਪ੍ਰਸੰਨ ਹੋਣਗੇ।’’
ਨੰਦੂ ਨੇ ਪਿੰਜਰਾ ਘਰ ਦੀ ਲਾਬੀ ਵਿੱਚ ਟੰਗ ਦਿੱਤਾ। ਉਸ ਨੇ ਸੱਤਾਂ ਚਿੜੀਆਂ ਦੇ ਨਾਂ ਵੀ ਰੱਖ ਦਿੱਤੇ। ਗੁਆਂਢ ਵਿੱਚ ਉਸ ਦੇ ਦੋਸਤ ਇਨ੍ਹਾਂ ਚਿੜੀਆਂ ਨੂੰ ਤੱਕਣ ਲਈ ਆਉਣ ਲੱਗੇ। ਨੰਦੂ ਪਹਿਲਾਂ ਤਾਂ ਉਨ੍ਹਾਂ ਚਿੜੀਆਂ ਨਾਲ ਖੇਡਣ ਲੱਗਾ। ਫਿਰ ਹੌਲੀ ਹੌਲੀ ਕੁਝ ਉਦਾਸ ਹੋ ਗਿਆ। ਚਿੜੀਆਂ ਵਾਰ ਵਾਰ ਘਰ ਵਿੱਚੋਂ ਬਾਹਰ ਵੱਲ ਤੱਕ ਰਹੀਆਂ ਸਨ। ਬੰਦ ਪਿੰਜਰੇ ਵਿੱਚ ਉਨ੍ਹਾਂ ਦਾ ਜਿਵੇਂ ਸਾਹ ਘੁੱਟ ਰਿਹਾ ਸੀ। ਰਾਤ ਨੂੰ ਨੰਦੂ ਨੂੰ ਇੱਕ ਸੁਪਨਾ
ਆਇਆ। ਇੱਕ ਪਰੀ ਉਸ ਨੂੰ ਪੁੱਛ ਰਹੀ ਸੀ, ‘‘ਨੰਦੂ, ਆਪਣੀ ਖ਼ੁਸ਼ੀ ਲਈ ਦੂਜਿਆਂ ਦੀ ਖ਼ੁਸ਼ੀ ਖੋਹਣਾ ਕਿੱਥੋਂ ਦੀ ਸਿਆਣਪ ਹੈ?’’
ਪਹਿਲਾਂ ਤਾਂ ਨੰਦੂ ਨੂੰ ਇਸ ਗੱਲ ਦੀ ਸਮਝ ਨਾ ਆਈ, ਪਰ ਹੌਲੀ ਹੌਲੀ ਇਸ ਗੱਲ ਵਿੱਚ ਛੁਪੇ ਹੋਏ ਅਰਥ ਵੀ ਉਸ ਨੂੰ ਸਮਝ ਆਉਣ ਲੱਗੇ।
ਅਗਲੀ ਸਵੇਰ ਨਾਨਾ ਜੀ ਨੰਦੂ ਨੂੰ ਕਹਿਣ ਲੱਗੇ, ‘‘ਨੰਦੂ ਬੇਟਾ, ਜਾਣਦਾ ਏਂ ਨਾ ਅੱਜ 15 ਅਗਸਤ ਏ। ਇਸ ਦਿਨ ਕੀ ਹੋਇਆ ਸੀ ਭਲਾ?’’
‘‘ਇਸ ਦਿਨ ਸਾਨੂੰ ਆਜ਼ਾਦੀ ਮਿਲੀ ਸੀ।’’ ਨੰਦੂ ਨੇ ਇਕਦਮ ਕਿਹਾ।
ਨਾਨਾ ਜੀ ਨੇ ਕਿਹਾ, ‘‘ਹਾਂ, ਇਸ ਦਿਨ ਸਾਡੇ ਦੇਸ਼ ਵਿੱਚ ਗ਼ੁਲਾਮੀ ਦੀ ਕਾਲੀ ਸਿਆਹ ਰਾਤ ਦੇ ਆਖ਼ਰੀ ਪਹਿਰ ਪਿੱਛੋਂ ਆਜ਼ਾਦੀ ਦਾ ਪਹਿਲਾ ਸੂਰਜ ਨਿਕਲਿਆ ਸੀ। ਅਸੀਂ ਪਹਿਲੀ ਵਾਰੀ ਖੁੱਲ੍ਹੀ ਹਵਾ ਵਿੱਚ ਸਾਹ ਲਿਆ ਸੀ। ਹੁਣ ਥੋੜ੍ਹੀ ਦੇਰ ਬਾਅਦ ਹੀ ਪੋਲੋ ਗਰਾਊਂਡ ਵਿੱਚ ਕੌਮੀ ਝੰਡਾ ਝੁਲਾਇਆ ਜਾਵੇਗਾ। ਰਾਸ਼ਟਰੀ ਗਾਨ ਗਾਇਆ ਜਾਵੇਗਾ। ਝਾਕੀਆਂ ਵੀ ਨਿਕਲਣਗੀਆਂ।’’
ਇਹ ਸੁਣ ਕੇ ਨੰਦੂ ਕੁਝ ਗੰਭੀਰ ਹੋ ਗਿਆ। ਉਹ ਨਾਨਾ ਜੀ ਨੂੰ ਪੁੱਛਣ ਲੱਗਾ, ‘‘ਨਾਨਾ ਜੀ, ਕੀ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਦਾ ਹੱਕ ਕੇਵਲ ਸਾਨੂੰ ਹੀ ਹੈ? ਕਿਸੇ ਹੋਰ ਨੂੰ ਨਹੀਂ?’’
ਨਾਨਾ ਜੀ ਨੇ ਪੁੱਛਿਆ, ‘‘ਕੀ ਮਤਲਬ?’’
ਨੰਦੂ ਨੇ ਪਿੰਜਰੇ ਵੱਲ ਇਸ਼ਾਰਾ ਕੀਤਾ।
‘‘ਵੇਖਿਆ, ਨੰਦੂ ਦੀ ਸੋਚ ਕਿੱਥੇ ਤੱਕ ਕੰਮ ਕਰ ਰਹੀ ਏ?’’ ਨਾਨੀ ਜੀ ਨੇ ਤਿਰਛੀ ਨਜ਼ਰ ਨਾਲ ਉਸ ਦੇ ਨਾਨਾ ਜੀ ਵੱਲ ਵੇਖਦਿਆਂ ਕਿਹਾ।
ਹੁਣ ਬੋਲਣ ਦੀ ਵਾਰੀ ਨੰਦੂ ਦੀ ਮੰਮੀ ਦੀ ਸੀ। ਉਹ ਆਖਣ ਲੱਗੇ, ‘‘ਪਾਪਾ ਜੀ, ਨੰਦੂ ਨੇ ਸਵੇਰੇ ਉੱਠਦਿਆਂ ਸਾਰ ਮੈਨੂੰ ਕਿਹਾ ਹੈ ਕਿ ਪਿੰਜਰੇ ਵਿੱਚ ਬੰਦ ਬੈਠੀਆਂ ਉਦਾਸ ਚਿੜੀਆਂ ਨੂੰ ਉਹ ਨਹੀਂ ਵੇਖ ਸਕਦਾ।’’
ਨਾਨਾ ਜੀ ਕਹਿਣ ਲੱਗੇ, ‘‘ਤਾਂ ਬਈ ਜਿਵੇਂ ਨੰਦੂ ਚਾਹੇ ਕਰ ਸਕਦਾ ਏ। ਹੁਣ ਪਿੰਜਰਾ ਵੀ ਇਹਦਾ ਏ ਤੇ ਚਿੜੀਆਂ ਵੀ ਇਹਦੀਆਂ।’’
ਨੰਦੂ ਸਾਰਿਆਂ ਨੂੰ ਘਰ ਦੀ ਛੱਤ ’ਤੇ ਲੈ ਗਿਆ। ਪਿੰਜਰਾ ਉਸ ਦੇ ਹੱਥ ਵਿੱਚ ਸੀ।
ਨੰਦੂ ਨੇ ਇੱਕ ਇੱਕ ਕਰਕੇ ਪਿੰਜਰੇ ਵਿੱਚੋਂ ਚਿੜੀਆਂ ਬਾਹਰ ਕੱਢੀਆਂ ਅਤੇ ਖੁੱਲ੍ਹੇ ਅਸਮਾਨ ਵਿੱਚ ਛੱਡਣ ਲੱਗ ਪਿਆ।
ਸਾਰੀਆਂ ਚਿੜੀਆਂ ਰੁੱਖ ’ਤੇ ਜਾ ਬੈਠੀਆਂ। ਹੁਣ ਉਨ੍ਹਾਂ ਦੇ ਚਹਿਚਾਉਣ ਦਾ ਅੰਦਾਜ਼ ਵੱਖਰਾ ਹੀ ਸੀ।
ਸਾਰਿਆਂ ਨੇ ਤੱਕਿਆ, ਨੰਦੂ ਦੇ ਚਿਹਰੇ ’ਤੇ ਅਨੋਖੀ ਮੁਸਕਾਨ ਸੀ।
ਅਚਾਨਕ ਹੀ ਟੈਲੀਵੀਜ਼ਨ ’ਤੇ ਜਨ ਗਨ ਮਨ ਦੇ ਸਮੂਹ ਗਾਨ ਦੀ ਆਵਾਜ਼ ਕੰਨਾਂ ਵਿੱਚ ਪਈ। ਨਾਨਾ ਜੀ ਨੇ ਸਾਰਿਆਂ ਨੂੰ ਆਪੋ ਆਪਣੀ ਥਾਂ ’ਤੇ ਸਾਵਧਾਨ ਹੋ ਕੇ ਖੜ੍ਹੇ ਹੋਣ ਲਈ ਕਿਹਾ।
ਸਾਰਾ ਪਰਿਵਾਰ ਗਾਉਣ ਲੱਗਾ, ‘‘ਜਨ ਗਨ ਮਨ...।’’
ਸੰਪਰਕ: 98144-23703

Advertisement

Advertisement