For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਵਿੱਚ ਲੱਗਣਗੀਆਂ ਸਮਾਰਟ ਟਰੈਫਿਕ ਲਾਈਟਾਂ

10:37 AM Mar 13, 2024 IST
ਲੁਧਿਆਣਾ ਵਿੱਚ ਲੱਗਣਗੀਆਂ ਸਮਾਰਟ ਟਰੈਫਿਕ ਲਾਈਟਾਂ
ਟਰੈਫਿਕ ਲਾਈਆਂ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ।
Advertisement

ਗਗਨਦੀਪ ਅਰੋੜਾ
ਲੁਧਿਆਣਾ, 12 ਮਾਰਚ
ਸ਼ਹਿਰ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਮੰਗਲਵਾਰ ਨੂੰ ਸ਼ਹਿਰ ਵਿੱਚ ਸੈਂਸਰ ਆਧਾਰਤ ਸਮਾਰਟ ਟਰੈਫਿਕ ਲਾਈਟਾਂ ਲਗਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਸ ਤਹਿਤ ਪਹਿਲੀ ਸੈਂਸਰ ਆਧਾਰਤ ਟਰੈਫਿਕ ਲਾਈਟ ਸਰਾਭਾ ਨਗਰ ਦੇ ਹੀਰੋ ਬੇਕਰੀ ਚੌਕ ਵਿੱਚ ਲਗਾਈ ਗਈ। ਇਸ ਪ੍ਰਾਜੈਕਟ ’ਤੇ ਕਰੀਬ 7.48 ਕਰੋੜ ਰੁਪਏ ਦਾ ਖ਼ਰਚ ਆਵੇਗਾ। ਇਸ ਪ੍ਰਾਜੈਕਟ ਤਹਿਤ ਸ਼ਹਿਰ ਦੇ 42 ਮੁੱਖ ਚੌਕਾਂ ’ਤੇ ਮੌਜੂਦਾ ਟਰੈਫਿਕ ਲਾਈਟਾਂ ਨੂੰ ਸਮਾਰਟ ਟਰੈਫਿਕ ਲਾਈਟਾਂ ਨਾਲ ਤਬਦੀਲ ਕੀਤਾ ਜਾਵੇਗਾ।
ਵਿਧਾਇਕ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸੈਂਸਰ ਆਧਾਰਤ ਟਰੈਫਿਕ ਲਾਈਟਾਂ ਚੌਕਾਂ ’ਤੇ ਟਰੈਫਿਕ ਦੇ ਮੁਤਾਬਕ ਖ਼ੁਦ ਹੀ ਆਪਣਾ ਸਮੇਂ ਤੈਅ ਕਰਨਗੀਆਂ। ਇਸ ਨਾਲ ਚੌਕਾਂ ਵਿੱਚ ਆਵਾਜਾਈ ਸੁਚਾਰੂ ਹੋਵੇਗੀ। ਇਸ ਤੋਂ ਇਲਾਵਾ ਟਰੈਫਿਕ ਲਾਈਟਾਂ ਨੂੰ ਆਨਲਾਈਨ ਐਪਲੀਕੇਸ਼ਨ ਅਤੇ ਸਰਾਭਾ ਨਗਰ ਵਿੱਚ ਨਗਰ ਨਿਗਮ ਜ਼ੋਨ ‘ਡੀ’ ਦਫ਼ਤਰ ਵਿੱਚ ਸਥਾਪਤ ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ। ਨਗਰ ਨਿਗਮ ਅਤੇ ਟਰੈਫਿਕ ਪੁਲੀਸ ਐਮਰਜੈਂਸੀ ਦੌਰਾਨ ਲਾਈਟਾਂ ਨੂੰ ਆਨਲਾਈਨ ਕੰਟਰੋਲ ਕਰ ਸਕਣਗੇ। ਇਸ ਨਾਲ ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।
ਵਿਧਾਇਕ ਗੋਗੀ ਨੇ ਕਿਹਾ ਕਿ ਬਿਜਲੀ ਕੱਟਾਂ ਦੀ ਸਥਿਤੀ ਵਿੱਚ ਸਮਾਰਟ ਟਰੈਫਿਕ ਲਾਈਟਾਂ ਵਿੱਚ 8 ਘੰਟੇ ਦਾ ਬੈਟਰੀ ਬੈਕਅਪ ਹੋਵੇਗਾ। ਸਥਾਪਨਾ ਤੋਂ ਬਾਅਦ ਪਹਿਲੇ ਸਾਲ ਲਈ ਟਰੈਫਿਕ ਲਾਈਟਾਂ ਦੇ ਰੱਖ-ਰਖਾਅ ਲਈ ਠੇਕੇਦਾਰ ਜ਼ਿੰਮੇਵਾਰ ਹੋਵੇਗਾ। ਵਿਧਾਇਕ ਨੇ ਕਿਹਾ ਕਿ ਕੁੱਲ 42 ਚੌਕਾਂ ਵਿੱਚੋਂ ਤਿੰਨ ਦਰਜਨ ਦੇ ਕਰੀਬ ਚੌਂਕ ਲੁਧਿਆਣਾ ਪੱਛਮੀ ਹਲਕੇ ਅਧੀਨ ਆਉਂਦੇ ਹਨ।

Advertisement

ਵਿਧਾਇਕ ਗਰੇਵਾਲ ਵੱਲੋਂ 40 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਦਲਜੀਤ ਸਿੰਘ ਗਰੇਵਾਲ।

ਲੁਧਿਆਣਾ: ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ-13 ਦੇ ਸੁਤੰਤਰ ਨਗਰ ਵਿੱਚ ਕਰੀਬ 40 ਲੱਖ ਦੀ ਲਾਗਤ ਨਾਲ ਹੋਣ ਜਾ ਰਹੇ ਸੀਵਰੇਜ ਤੇ ਪਾਣੀ ਸਪਲਾਈ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਹਰ ਵਾਅਦੇ ਨੂੰ ਪਹਿਲ ਦੇ ਆਧਾਰ ’ਤੇ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸੁਤੰਤਰ ਨਗਰ ਦੇ ਇਲਾਕਾ ਵਾਸੀਆਂ ਦੀ ਮੰਗ ਸੀ ਕੀ ਉਨ੍ਹਾਂ ਦੇ ਇਲਾਕੇ ਵਿੱਚ ਨਾ ਹੀ ਸੀਵਰੇਜ ਅਤੇ ਨਾ ਹੀ ਵਾਟਰ ਸਪਲਾਈ ਦੀ ਕੋਈ ਵਿਵਸਥਾ ਹੈ, ਜਿਸ ਮੰਗ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਇੱਥੇ 40 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਪਾਣੀ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਂਦੇ ਹੋਏ ਆਮ ਆਦਮੀ ਕਲੀਨਿਕ, ਚੰਗੇ ਹਸਪਤਾਲਾਂ ਤੋਂ ਇਲਾਵਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵਧੀਆ ਮਾਡਲ ਸਕੂਲਾਂ ਤੋਂ ਇਲਾਵਾ ਚੰਗੇ ਹਸਪਤਾਲ ਅਤੇ ਆਮ ਆਦਮੀ ਕਲੀਨਿਕ ਖੋਲ੍ਹ ਕੇ ਹਲਕਾ ਵਾਸੀਆਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ, ਰਵਿੰਦਰ ਸਿੰਘ ਰਾਜੂ, ਅਵਤਾਰ ਦਿਉਲ, ਚਰਨਜੀਤ ਸਿੰਘ ਚੰਨੀ, ਲਖਵਿੰਦਰ ਲੱਖਾ, ਸੁਰਜੀਤ ਸਿੰਘ ਠੇਕੇਦਾਰ ਅਤੇ ਵਿਧਾਇਕ ਦੇ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

Advertisement
Author Image

joginder kumar

View all posts

Advertisement
Advertisement
×