ਸਮਾਰਟ ਸਿਟੀ ਪ੍ਰਾਜੈਕਟ: ਡਰਾਈਵਰਾਂ ਨੂੰ ਈ-ਆਟੋ ਅਪਣਾਉਣ ਲਈ ਪ੍ਰੇਰਿਆ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 1 ਜੁਲਾਈ
ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵੱਲੋਂ ਈ-ਆਟੋ ਅਪਨਾਉਣ ਲਈ ਪਾਇਲਟ ਪ੍ਰਾਜੈਕਟ ਵਜੋਂ ਡੀਜ਼ਲ ਆਟੋ, ਈ-ਜੁਗਾੜੂ ਰਿਕਸ਼ਾ ਮਾਲਕਾਂ ਅਤੇ ਡਰਾਈਵਰਾਂ ਦੀ ਚੋਣ ਕੀਤੀ ਹੈ। ਇਸ ਵਿੱਚ ਡੀਜ਼ਲ ਆਟੋ ਮਾਲਕਾਂ ਅਤੇ ਡਰਾਈਵਰਾਂ ਨੂੰ ਈ-ਆਟੋ ਵਾਸਤੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ, ਟਰੈਫਿਕ ਪੁਲੀਸ, ਆਰ.ਟੀ.ਏ ਅਤੇ ਨਗਰ ਨਿਗਮ ਵੱਲੋਂ ਅਧਿਕਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਸੀਈਓ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਡੀਜ਼ਲ ਆਟੋ, ਈ-ਜੁਗਾੜੂ ਰਿਕਸ਼ਾ ਦੇ ਮਾਲਕਾਂ ਅਤੇ ਡਰਾਈਵਰਾਂ ਨੂੰ ‘‘ਰਾਹੀ ਈ-ਆਟੋ ਯੋਜਨਾ’ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਸਰਕਾਰ ਵਲੋਂ ਡੀਜ਼ਲ ਆਟੋ ਮਾਲਕਾਂ ਨੂੰ 1.40 ਲੱਖ ਰੁਪਏ ਅਤੇ ਕਿਰਾਏ ’ਤੇ ਰੱਖੇ ਡਰਾਈਵਰਾਂ ਨੂੰ 1.25 ਲੱਖ ਰੁਪਏ ਦੀ ਨਗਦ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਇਸ ਸਕੀਮ ਨੂੰ ਅਪਣਾਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਹੋਰ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਡੀਜ਼ਲ ਆਟੋ ਅਤੇ ਈ-ਜੁਗਾੜੂ ਰਿਕਸ਼ਾ ਬੰਦ ਕਰ ਦਿੱਤੇ ਜਾਣੇ ਹਨ। ੲਿਸ ਦੌਰਾਨ ਅੱਜ ਟਰੈਫਿਕ ਪੁਲੀਸ ਅਤੇ ਆਰ.ਟੀ.ਓ ਵਿਭਾਗ ਵਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਡੀਜ਼ਲ ਆਟੋ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਗਏ। ਅਧਿਕਾਰੀਆਂ ਨੇ ਕਿਹਾ ਕਿ ਡੀਜ਼ਲ ਆਟੋ ਤੇ ਈ-ਜੁਗਾੜੂ ਰਿਕਸ਼ਿਆਂ ਦੇ ਲਗਾਤਾਰ ਚਲਾਨ ਕਰਨ ਦੇ ਨਾਲ-ਨਾਲ ਆਉਣ ਵਾਲੇ ਦਿਨਾਂ ਵਿੱਚ ਇਹ ਜ਼ਬਤ ਵੀ ਕੀਤੇ ਜਾਣਗੇ।
ਪ੍ਰਾਜੈਕਟ ਇੰਚਾਰਜ ਕਾਰਪੋਰੇਸ਼ਨ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਡੀਜ਼ਲ ਆਟੋ ਚਾਲਕਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀਆਂ ਦੀ ਮੀਟਿੰਗ ਕੀਤੀ। ਜਿਸ ਦੌਰਾਨ ਉਨਾਂ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਕੈਂਪ ਲਗਾ ਕੇ ਈ-ਆਟੋ ਲਈ ਰਜਿਸਟ੍ਰੇਸ਼ਨ ਕਰਵਾਉਣ, ਡੀਜ਼ਲ ਆਟੋ ਤੇ ਈ-ਰਿਕਸ਼ਾ ਮਾਲਕਾਂ ਅਤੇ ਕਿਰਾਏ ’ਤੇ ਰੱਖੇ ਡਰਾਈਵਰਾਂ ਨੂੰ ਈ-ਆਟੋ ਅਪਨਾਉਣ ਲਈ ਜਾਗਰੂਕ ਕਰਨ ਟੀਮਾਂ ਦਾ ਗਠਨ ਕੀਤਾ ਗਿਆ।