ਸਮਾਲਸਰ: ਲੋਕਾਂ ਦੇ ਘਰਾਂ ’ਚ ਗੰਦਾ ਪਾਣੀ ਵੜਿਆ
ਪੱਤਰ ਪ੍ਰੇਰਕ
ਸਮਾਲਸਰ, 6 ਜੁਲਾਈ
ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਗ਼ਰੀਬਾਂ ਲਈ ਮੁਸੀਬਤਾਂ ਦਾ ਪਹਾੜ ਬਣ ਕੇ ਆਈ ਹੈ। ਕਿਸਾਨ ਜਸਕਰਨ ਸਿੰਘ ਨੇ ਦੱਸਿਆ ਕਿ ਕਿਸਾਨ ਬਾਰਿਸ਼ ਦਾ ਲਾਹਾ ਲੈਣ ਲਈ ਝੋਨੇ ਵਿੱਚ ਯੂਰੀਆ ਖਾਦ ਅਤੇ ਨਦੀਨਨਾਸ਼ਕ ਪਾਉਣ ਲੱਗੇ ਹਨ। ਦੂਜੇ ਪਾਸੇ ਨੀਵੀਆਂ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ ਹੈ ਅਤੇ ਛੱਪੜਾਂ ਦਾ ਰੂਪ ਧਾਰਨ ਕਰਨ ਲੱਗਾ ਹੈ।
ਇੱਥੇ ਮੱਲਕੇ ਰੋਡ ’ਤੇ ਵਸਦੇ ਚਰਨ ਸਿੰਘ, ਕਾਲਾ ਅਤੇ ਹੋਰਾਂ ਨੇ ਦੱਸਿਆ ਕਿ ਸਾਰੇ ਕਸਬੇ ਦਾ ਗੰਦਾ ਅਤੇ ਮੀਂਹ ਦਾ ਪਾਣੀ ਇਸ ਫਿਰਨੀ ’ਤੇ ਆ ਜਾਂਦਾ ਹੈ। ਬਾਰਿਸ਼ ਦੌਰਾਨ ਛੱਪੜਾਂ ਦਾ ਗੰਦਾ ਪਾਣੀ ਵੀ ਇਸ ਵਿੱਚ ਰਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਗੰਦਾ ਪਾਣੀ ਹੁਣ ਉਨ੍ਹਾਂ ਦੇ ਘਰੀਂ ਵੜਨ ਲੱਗ ਪਿਆ। ਇਸ ਰੋਡ ’ਤੇ ਰਹਿਣ ਵਾਲੇ ਲੋਕਾਂ ਲਈ ਪਿੰਡ ਵਿੱਚ ਆਉਣ-ਜਾਣ ਦਾ ਹੋਰ ਕੋਈ ਰਸਤਾ ਵੀ ਨਹੀਂ ਹੈ। ਸਕੂਲ ਜਾਣ ਲਈ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ।
ਇਸ ਦੌਰਾਨ ਡਾ. ਬਲਰਾਜ ਸਿੰਘ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਗੰਦੇ ਪਾਣੀ ਕਾਰਨ ਚਮੜੀ ਰੋਗਾਂ ਦੀ ਸਮੱਸਿਆ ਹੋ ਰਹੀ ਹੈ। ਲੋਕਾਂ ਨੇ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਮੋਗਾ, ਬੀ.ਡੀ.ਪੀ.ਓ. ਅਤੇ ਪੰਚਾਇਤ ਸਕੱਤਰ ਦੇ ਧਿਆਨ ਵਿੱਚ ਮਾਮਲਾ ਲਿਆ ਚੁੱਕੇ ਹਨ ਪਰ ਕਿਤੇ ਸੁਣਵਾਈ ਨਹੀਂ ਹੋਈ।