ਛੋਟੇ-ਵੱਡੇ ਕੱਦ
“ਅਸ਼ੀਸ਼ ਪੁੱਤਰ, ਹੁਣ ਤੂੰ ਕਿੰਨਵੀਂ ਜਮਾਤ ਵਿੱਚ ਪੜ੍ਹਦਾ ਏਂ?”
“ਬਾਬਾ ਜੀ, ਇਸ ਵਰ੍ਹੇ ਮੈਂ ਨੌਵੀਂ ’ਚ ਹੋ ਗਿਐਂ।”
“ਓਹ ਵਾਹ, ਫਿਰ ਤੇ ਮੇਰਾ ਪੁੱਤ ਹੁਣ ਜੁਆਨ ਹੋ ਗਿਆ ਏ। ਤੈਨੂੰ ਯਾਦ ਏ, ਛੋਟੇ ਹੁੰਦੇ ਤੈਨੂੰ ਮੈਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ?”
“ਬਾਬਾ ਜੀ, ਯਾਦ ਏ... ਯਾਦ ਏ...ਚੰਗੀ ਤਰ੍ਹਾਂ ਯਾਦ ਏ ਮੈਨੂੰ।”
“ਅਸ਼ੀਸ਼, ਅੱਜ ਮੈਂ ਤੈਨੂੰ ਨਵੇਂ ਜ਼ਮਾਨੇ ਦੀ ਇੱਕ ਹੋਰ ਕਹਾਣੀ ਸੁਣਾਉਨੈ। ਹੁਣ ਤੂੰ ਕੁਝ ਟੇਢੀਆਂ ਕਹਾਣੀਆਂ ਵੀ ਸਮਝਣ ਦੇ ਯੋਗ ਹੋ ਗਿਐਂ।”
“ਬਾਬਾ ਜੀ, ਇਹੋ ਜਿਹੀ ਟੇਢੀ ਕਹਾਣੀ ਕਿਹੜੀ ਹੋਈ?” ਅਸ਼ੀਸ਼ ਕਹਾਣੀ ਸੁਣਨ ਲਈ ਉਤਸੁਕ ਹੋ ਕੇ ਬੋਲਿਆ। ਆਪਣੇ ਪੋਤੇ ਨੂੰ ਉਤਸੁਕ ਹੋਇਆ ਵੇਖ ਹਰਭਗਵਾਨ ਖ਼ੁਸ਼ ਹੋ ਗਿਆ।
ਲੈ ਸੁਣ, “ਇੱਕ ਵਾਰ ਇੱਕ ਨੇਤਾ, ਕਲਾਕਾਰ, ਫ਼ਿਲਾਸਫ਼ਰ, ਵਿਗਿਆਨੀ ਤੇ ਪੁਜਾਰੀ ਵਿਚਕਾਰ ਭਖਵੀਂ ਬਹਿਸ ਹੋਣ ਲੱਗੀ। ਹਰ ਕੋਈ ਆਪਣੇ ਆਪ ਨੂੰ ਵੱਡਾ ਅਖਵਾ ਰਿਹਾ ਸੀ, ਜਿਵੇਂ ਸਾਰਾ ਆਸਮਾਨ ਆਪਣੇ ਹੀ ਸਿਰ ’ਤੇ ਚੁੱਕਿਆ ਹੋਵੇ। ਕੋਈ ਵੀ ਇੱਕ ਦੂਜੇ ਦੀ ਦਲੀਲ ਮੰਨਣ ਨੂੰ ਤਿਆਰ ਨਹੀਂ ਸੀ। ਜੇ ਇੱਕ ਕਮੀਜ਼ ਦੀਆਂ ਬਾਹਾਂ ਉਤਾਂਹ ਚੁੱਕ ਗੁੱਸੇ ਦਾ ਇਜ਼ਹਾਰ ਕਰਦਾ ਤਾਂ ਦੂਜਾ ਮੁੱਛਾਂ ਨੂੰ ਵੱਟ ਚਾੜ੍ਹਦਾ। ਮਾਹੌਲ ਪੂਰਾ ਗਰਮਾਇਆ ਹੋਇਆ ਸੀ। ਇਉਂ ਜਾਪਦਾ ਸੀ, ਜਿਵੇਂ ਹੁਣ ਭਿੜੇ... ਹੁਣ ਭਿੜੇ।” ਕਹਾਣੀ ਪੜ੍ਹਦੇ-ਪੜ੍ਹਦੇ ਹਰਭਗਵਾਨ ਕੁਝ ਕੁ ਅਟਕ ਗਿਆ।
“ਬਾਬਾ ਜੀ, ਫਿਰ ਅੱਗੇ ਕੀ ਹੋਇਆ?” ਕਹਾਣੀ ਨੂੰ ਰੌਚਕ ਵੇਖ ਅਸ਼ੀਸ਼ ਵਿਚਕਾਰੋਂ ਉੱਚੀ ਦੇਣੀ ਬੋਲਿਆ।
“ਲੈ ਫਿਰ ਹੁਣ ਸੁਣੀ ਜਾਈਂ। ਮੈਨੂੰ ਵਿਚਕਾਰ ਨਾ ਟੋਕੀਂ।” ਹਰਭਗਵਾਨ ਨੇ ਆਪਣੇ ਪੋਤਰੇ ਵੱਲ ਵੇਖਦਿਆਂ ਗੰਭੀਰਤਾ ਨਾਲ ਆਖਿਆ, ਜਿਵੇਂ ਉਸ ਨੂੰ ਹੋਰ ਇਕਾਗਰ ਕੀਤਾ ਹੋਵੇ।
“ਮੈਂ ਦੇਸ਼ ਦੀ ਵਾਗਡੋਰ ਸੰਭਾਲਦਾ ਹਾਂ। ਕਾਨੂੰਨ ਬਣਾਉਨਾ ਤੇ ਪਰਜਾ ਦੀ ਸੇਵਾ ਕਰਦਾਂ...। ਲੋਕ ਬੜੇ ਚਾਵਾਂ ਨਾਲ ਵੋਟਾਂ ਪਾ ਕੇ ਮੈਨੂੰ ਚੁਣਦੇ...। ਜਿਤਾਉਣ ਲਈ ਆਪਣਾ ਖ਼ੂਨ ਪਸੀਨਾ ਤੱਕ ਵਹਾ ਦਿੰਦੇ...। ਪੈਸੇ ਦੀਆਂ ਥੈਲੀਆਂ ਭੇਂਟ ਕਰਦੇ...। ਲੱਡੂਆਂ ਨਾਲ ਤੋਲਦੇ... ਜਿੱਤਣ ’ਤੇ ਲੋਕ ਮੈਨੂੰ ਹੱਥਾਂ ’ਤੇ ਚੁੱਕਦੇ... ਉੱਮਡ-ਉੱਮਡ ਗਲ਼ ਵਿੱਚ ਹਾਰ ਪਾਉਂਦੇ... ਮੂਹਰੇ ਹੋ ਹੋ ਮੇਰੇ ਨਾਲ ਫੋਟੋਆਂ ਖਿਚਵਾਉਂਦੇ... ਚਾਰੇ ਪਾਸੇ ਜ਼ਿੰਦਾਬਾਦ... ਜ਼ਿੰਦਾਬਾਦ... ਅਖ਼ਬਾਰਾਂ ਵਿੱਚ ਮੇਰੇ ਬਿਆਨਾਂ ਦੀਆਂ ਵੱਡੀਆਂ-ਵੱਡੀਆਂ ਸੁਰਖੀਆਂ... ਅੱਗੇ-ਪਿੱਛੇ ਸਟੇਨਗੰਨਾਂ ਚੁੱਕੀ ਫਿਰਦੇ ਬਾਡੀ ਗਾਰਡ...ਹੂਟਰ ਮਾਰਦੀਆਂ ਲਾਲਬੱਤੀ ਵਾਲੀਆਂ ਗੱਡੀਆਂ... ਬੇਤਹਾਸ਼ਾ ਭੀੜ...।
ਹੈ ਐਨੀ ਟੌਹਰ ਕਿਸੇ ਦੀ? ਐਵੇਂ ਸਾਰੇ ਜਣੇ ਫੋਕੀਆਂ ਟਾਹਰਾਂ ਮਾਰੀ ਜਾਂਦੇ ਓ। ਮੇਰਾ ਕੱਦ ਤੁਹਾਡੇ ਸਭ ਨਾਲੋਂ ਵੱਡਾ ਏ।” ਇੱਕ ਨੇਤਾ ਨੇ ਬੜੇ ਜੋਸ਼ ਨਾਲ ਆਖਿਆ।
ਪਰ ਕਲਾਕਾਰ ਤਾਂ ਮਨ ਦੇ ਸਾਫ਼ ਤੇ ਸੱਚੇ-ਸੁੱਚੇ ਇਨਸਾਨ ਹੁੰਦੇ ਨੇ। ਨਿਰਛਲ ਤੇ ਕੋਮਲ...। ਲੋਕਾਂ ਦੇ ਦਿਲਾਂ ਵਿੱਚ ਮੁਹੱਬਤ ਦੇ ਬੀਜ ਬੀਜਣ ਵਾਲੇ। ਰੱਬ ਜਿਸ ਨੂੰ ਰਹਿਮਤਾਂ ਬਖ਼ਸ਼ਦਾ ਏ, ਓਹੀ ਕਲਾਕਾਰ ਬਣਦਾ ਏ। ਅਸਲ ’ਚ ਤਾਂ ਕਲਾਕਾਰ ਹੀ ਸਭ ਤੋਂ ਵੱਡੇ ਹੁੰਦੇ ਨੇ।” ਇੱਕ ਕਲਾਕਾਰ ਨੇ ਆਪਣੇ ਸੋਹਲੇ ਗਾਏ।
“ਤੁਸੀਂ ਦੋਵੇਂ ਝੂਠ ਬੋਲਦੇ ਓ। ਲੋਕਾਂ ਨੂੰ ਮੂਰਖ ਬਣਾਉਂਦੇ ਓ। ਇੱਕ ਦਾ ਦਿਮਾਗ ਸ਼ਰਾਰਤੀ ਏ ਤੇ ਦੂਜਾ ਆਪਣੀ ਹੀ ਵਡਿਆਈ ਕਰੀ ਜਾਂਦੇ ਨੇ। ਇੱਕ ਵੱਡੇ-ਵੱਡੇ ਜੁਮਲੇ ਛੱਡ ਕੇ ਲੋਕਾਂ ਨੂੰ ਵਰਗਲਾਉਂਦਾ ਏ ਤੇ ਦੂਜਾ ਨੱਚ-ਟੱਪ ਕੇ ਹਲਕਾ-ਫੁਲਕਾ ਮਨੋਰੰਜਨ ਕਰਾਉਂਦਾ ਏ। ਭਲਾਂ ਇਹ ਕਿੱਥੋਂ ਦਾ ਵਡੱਪਣ ਏ? ਹੁਣ ਤਾਂ ਜ਼ਮਾਨਾ ਬਹੁਤ ਤਰੱਕੀ ਕਰ ਗਿਆ ਏ। ਲੋਕ ਬਨਾਉਟੀਪਣ ਨਹੀਂ ਯਥਾਰਥ ਵੇਖਦੇ ਨੇ। ਜੋ ਵੀ ਜ਼ਮਾਨੇ ਨੇ ਤਰੱਕੀ ਕੀਤੀ ਏ, ਇਹ ਸਭ ਸਾਡੇ ਕਰਕੇ ਈ ਏ। ਅਸੀਂ ਜੋ ਕਹਿੰਦੇ ਹਾਂ, ਉਹ ਅਸਲ ਵਿੱਚ ਕਰਕੇ ਵਿਖਾਉਂਦੇ ਹਾਂ। ਤੁਹਾਡੇ ਅੰਗ ਰੱਖਿਅਕਾਂ ਦੇ ਚੁੱਕੇ ਹਥਿਆਰ, ਜਿਨ੍ਹਾਂ ਨਾਲ ਤੁਹਾਡੀ ਹਿਫ਼ਾਜ਼ਤ ਕੀਤੀ ਜਾਂਦੀ ਏ, ਇਹ ਸਭ ਸਾਡੀ ਹੀ ਕਾਢ ਏ। ਕਲਾਕਾਰੋ ਤੁਸੀਂ ਵੀ ਸੁਣ ਲਓ, ਸਾਡੇ ਬਣਾਏ ਸੰਗੀਤ ਦੇ ਸਾਜ਼ੋ-ਸਮਾਨ ਤੋਂ ਬਿਨਾਂ ਤੁਹਾਡਾ ਕੌਡੀ ਮੁੱਲ ਨਾ ਪਵੇ। ਐਵੇਂ ਸਾਡੇ ਮੋਢਿਆਂ ’ਤੇ ਚੜ੍ਹ ਕੇ ਵੱਡੀਆਂ-ਵੱਡੀਆਂ ਟਾਹਰਾਂ ਮਾਰੀ ਜਾਂਦੇ ਓ। ਅਸੀਂ ਤੁਹਾਡੇ ਵਾਂਗ ਊਲ-ਜਲੂਲ ਫੜ੍ਹਾਂ ਨ੍ਹੀਂ ਮਾਰਦੇ। ਬਸ ਆਪਣੇ ਕੰਮ ਨਾਲ ਹੀ ਵਾਸਤਾ ਰੱਖਦੇ ਹਾਂ। ਅਸੀਂ ਤੁਹਾਨੂੰ ਦੋਵਾਂ ਨੂੰ ਮਾਨਤਾ ਨਹੀਂ ਦਿੰਦੇ।” ਫਿਰ ਇੱਕ ਵਿਗਿਆਨੀ ਨੇ ਆਪਣੇ ਮਨ ਦੀ ਭੜਾਸ ਕੱਢੀ।
“ਮੈਂ ਤੁਹਾਡੇ ਸਾਰਿਆਂ ਦੀਆਂ ਗੱਲਾਂ ਬੜੇ ਗਹੁ ਨਾਲ ਸੁਣੀਆਂ ਨੇ। ਮੈਨੂੰ ਤਾਂ ਇਨ੍ਹਾਂ ਗੱਲਾਂ ਦਾ ਕੋਈ ਮਤਲਬ ਹੀ ਨਹੀਂ ਜਾਪਦੈ। ਗੱਲ ਉਹ ਕਰੋ ਜਿਸ ਦਾ ਕੋਈ ਭਾਵਪੂਰਨ ਅਰਥ ਹੋਵੇ। ਚਲ੍ਹੇ ’ਚ ਲਾਠੀਆਂ ਮਾਰਨ ਦਾ ਕੀ ਫਾਇਦੈ? ਅਸੀਂ ਜੋ ਵੀ ਗੱਲ ਕਰਦੇ ਹਾਂ, ਬੜੀ ਨਾਪ-ਤੋਲ ਕੇ ਕਰਦੇ ਹਾਂ। ਤੁਸੀਂ ਸਾਰੇ ਸਾਡੀਆਂ ਥਿਊਰੀਆਂ ਤੇ ਸਿਧਾਂਤ ਪੜ੍ਹ ਕੇ ਹੀ ਦੁਨੀਆ ਵਿੱਚ ਆਪਣੀ ਅਕਲ ਦੇ ਘੋੜੇ ਦੌੜਾਂਦੇ ਓ। ਮਿਹਨਤ ਅਸੀਂ ਕਰਦੇ ਆਂ ਤੇ ਮੁੱਲ ਤੁਸੀਂ ਵੱਟ ਲੈਨੇ ਓ। ਅਹਿ ਵਿਗਿਆਨੀ ਆਖਦਾ ਏ ਕਿ ਮੇਰੇ ਵਰਗਾ ਹੈ ਈ ਕੋਈ ਨਹੀਂ। ਇਹਨੂੰ ਕੋਈ ਪੁੱਛੇ ਕਿ ਪਹਿਲਾਂ ਥੀਊਰੀ ਬਣੀ ਏ ਜਾਂ ਪ੍ਰੈਕਟੀਕਲ? ਜੋ ਕੁਝ ਵੀ ਬ੍ਰਹਿਮੰਡ ਵਿੱਚ ਹੈ, ਉਹ ਤਾਂ ਪਹਿਲੋਂ ਹੀ ਮੌਜੂਦ ਏ। ਵਿਗਿਆਨੀ ਤਾਂ ਸਿਰਫ਼ ਉਸ ਦੀ ਯਥਾਰਥਕਤਾ ਸਿੱਧ ਕਰਦੇ ਨੇ। ਤੇ ਨੰਬਰ ਆਪਣੇ ਬਣਾ ਲੈਂਦੇ ਨੇ। ਤੁਸੀਂ ਸਾਰੇ ਮੇਰੀ ਗੱਲ ਧਿਆਨ ਨਾਲ ਸੁਣੋ। ਮੇਰੀ ਆਖੀ ਹਰ ਗੱਲ ਸਵੈ-ਸਿੱਧ ਹੁੰਦੀ ਏ। ਮੇਰਾ ਦਿੱਤਾ ਇੱਕ ਸਿਧਾਂਤ ਹੀ ਦੁਨੀਆ ਵਿੱਚ ਰਾਜ ਪਲਟੇ ਲਿਆ ਦਿੰਦਾ ਏ। ਸਮਝੇ! ਇਸ ਲਈ ਮੇਰਾ ਕੱਦ ਸਭ ਤੋਂ ਵੱਡਾ ਏ।” ਕੋਲ ਹੀ ਬੈਠੇ ਇੱਕ ਫ਼ਿਲਾਸਫ਼ਰ ਨੇ ਵੀ ਆਪਣੀ ਅਕਲ ਦਾ ਢੰਡੋਰਾ ਪਿੱਟਿਆ।
“ਅਸੀਂ ਤੇ ਆਪਣੀ ਸਾਰੀ ਉਮਰ ਲੋਕਾਂ ਨੂੰ ਸੁਧਾਰਨ ਵਿੱਚ ਹੀ ਲਾ ਦਿੰਦੇ ਹਾਂ। ਭਲਾਂ ਸਾਡੇ ਵਰਗੀ ਕੁਰਬਾਨੀ ਕਿਸ ਦੀ ਏ? ਅਸੀਂ ਆਪਣੇ ਪ੍ਰਵਚਨਾਂ ਨਾਲ ਲੋਕਾਂ ਨੂੰ ਬੁਰੇ ਕੰਮਾਂ ਤੋਂ ਵਰਜਦੇ ਹਾਂ। ਉਨ੍ਹਾਂ ਨੂੰ ਜ਼ਿੰਦਗੀ ਦਾ ਅਸਲ ਮਨੋਰਥ ਸਮਝਾਉਂਦੇ ਹਾਂ। ਅਸੀਂ ਕਲਾਕਾਰਾਂ ਵਾਂਗ ਹਲਕਾ-ਫੁਲਕਾ ਤੇ ਆਰਜ਼ੀ ਮਨੋਰੰਜਨ ਨਹੀਂ ਕਰਾਉਂਦੇ। ਅਸੀਂ ਤਾਂ ਰੂਹਾਨੀਅਤ ਦੇ ਉਪਦੇਸ਼ ਨਾਲ ਜ਼ਿੰਦਗੀ ਦੇ ਸਦੀਵੀ ਸੁੱਖ ਤੇ ਸ਼ਾਂਤੀ ਦਾ ਮਾਰਗ ਦਰਸਾਉਂਦੇ ਹਾਂ। ਅਹਿ ਵਿਗਿਆਨੀਆਂ ਨੇ ਜੇ ਲੋਕਾਂ ਨੂੰ ਕੁਝ ਸੁੱਖ-ਸਹੂਲਤਾਂ ਮੁਹੱਈਆ ਕਰਵਾਈਆਂ ਨੇ, ਪਰ ਨਾਲ ਹੀ ਮਨੁੱਖਤਾ ਦੇ ਵਿਨਾਸ਼ ਲਈ ਖ਼ਤਰਨਾਕ ਹਥਿਆਰ ਵੀ ਬਣਾਏ ਨੇ। ਜੋ ਵਿਅਕਤੀ ਸੰਸਾਰੀ ਜੀਵਾਂ ਦੇ ਵਿਨਾਸ਼ ਲਈ ਜਾਲ ਬੁਣਦੇ ਨੇ, ਉਹ ਆਪਣੇ ਆਪ ਨੂੰ ਵੱਡਾ ਹੋਣ ਦਾ ਹੋਕਾ ਕਿਵੇਂ ਦੇ ਸਕਦੇ ਨੇ? ਜੇ ਫ਼ਿਲਾਸਫ਼ਰਾਂ ਦੀ ਗੱਲ ਕਰੀਏ, ਇਹ ਤਾਂ ਪ੍ਰੈਕਟੀਕਲੀ ਕੌਡੀ ਦੇ ਵੀ ਬੰਦੇ ਨਹੀਂ ਹੁੰਦੇ। ਬਸ ਘੁਰਨਿਆਂ ’ਚ ਬੈਠੇ ਗੱਲਾਂ ਬਣਾਈ ਜਾਣਗੇ। ਪਹਿਲੀ ਗੱਲ ਤਾਂ ਇਨ੍ਹਾਂ ਦੀਆਂ ਆਖੀਆਂ ਗੱਲਾਂ ਲੋਕਾਂ ਦੀ ਸਮਝ ਵਿੱਚ ਹੀ ਨਹੀਂ ਪੈਂਦੀਆਂ। ਜੇ ਸਮਝ ਪੈ ਵੀ ਜਾਣ ਤਾਂ ਇਹ ਲੋਕ ਦੂਜਿਆਂ ਨੂੰ ਬਹਿਸਾਂ ਵਿੱਚ ਪਾ ਕੇ ਆਪ ਘੇਸਲ ਵੱਟ ਲੈਂਦੇ ਨੇ। ਲੋਕ ਲੜੀ ਜਾਣ, ਮਰੀ ਜਾਣ...। ਇਨ੍ਹਾਂ ਨੇ ਤਾਂ ਬਸ ਆਪਣੇ ਮਨ ਦੀ ਮੌਜ ਵਿੱਚ ਰਹਿਣਾ ਹੁੰਦਾ ਏ। ਇਹ ਲੋਕ ਸਮਾਜ ਤੋਂ ਟੁੱਟ ਕੇ ਜਿਊਂਦੇ ਨੇ। ਹਮੇਸ਼ਾ ਪੁੱਠੇ ਪਾਸੇ ਨੂੰ ਤੁਰਦੇ ਨੇ। ਇਹੋ ਜਿਹੇ ਲੋਕਾਂ ਨੂੰ ਤਾਂ ਸਾਡਾ ਸਮਾਜ ਉਂਜ ਹੀ ਪਸੰਦ ਨਹੀਂ ਕਰਦਾ। ਬਾਕੀ ਲੀਡਰ ਲੋਕਾਂ ਦੀ ਤਾਂ ਗੱਲ ਹੀ ਛੱਡੋ। ਇਹ ਤਾਂ ਵਿਸ਼ਵਾਸਹੀਣ ਲੋਕ ਨੇ। ਪਰ ਅਸੀਂ ਜਿੱਥੇ ਵੀ ਜਾਂਦੇ ਹਾਂ, ਲੋਕ ਸਾਡਾ ਅਸ਼ੀਰਵਾਦ ਲੈਣ ਲਈ ਤਰਲੋ-ਮੱਛੀ ਹੁੰਦੇ...। ਪਿਆਰ ਨਾਲ ਚਰਨੀਂ ਹੱਥ ਲਾਉਂਦੇ...। ਮਾਇਆ ਦੇ ਗੱਫੇ ਭੇਟ ਕਰਦੇ...। ਤੇ ਨਾਲੇ ਸਤਿਕਾਰ ਨਾਲ ਬਾਬਾ ਜੀ ਆਖਦੇ...। ਇਸ ਲਈ ਸਭ ਤੋਂ ਵੱਡੇ ਅਸੀਂ ਹਾਂ। ਬਾਕੀ ਤਾਂ ਸਭ ਫੋਕੇ ਭਰਮ ਪਾਲੀ ਬੈਠੇ ਨੇ।” ਫਿਰ ਇੱਕ ਪੁਜਾਰੀ ਨੇ ਦਲੀਲ ਨਾਲ ਆਪਣੀ ਗੱਲ ਰੱਖੀ।
“ਓਏ ਲੀਡਰੋ, ਕਲਾਕਾਰੋ, ਵਿਗਿਆਨੀਓਂ, ਫ਼ਿਲਾਸਫ਼ਰੋ ਤੇ ਪੁਜਾਰੀਓ! ਆਪੋ ਆਪਣੇ ਵਡੱਪਣ ਦੀਆਂ ਫੋਕੀਆਂ ਟਾਹਰਾਂ ਮਾਰਨੀਆਂ ਬੰਦ ਕਰੋ। ਖ਼ਬਰਦਾਰ ਜੇ ਹੁਣ ਕਿਸੇ ਨੇ ਚੂੰ-ਪੀਂ ਕੀਤੀ ਤੇ। ਸਭ ਤੋਂ ਵੱਡਾ ਤਾਂ ਮੈਂ ਹਾਂ। ਤੁਸੀਂ ਤਾਂ ਮੇਰਾ ਕਿਧਰੇ ਜ਼ਿਕਰ ਤੱਕ ਵੀ ਨਹੀਂ ਕਰਦੇ। ਜਾਣ-ਬੁੱਝ ਕੇ ਅਣਗੌਲਿਆ ਕਰਦੇ ਓ। ਮੈਂ ਤੁਹਾਡੇ ਸਾਰਿਆਂ ਦੀ ਭੈੜੀ ਨੀਅਤ ਅਤੇ ਕਿਰਦਾਰ ਤੋਂ ਭਲੀ-ਭਾਂਤ ਜਾਣੂ ਹਾਂ। ਸੁਣਿਆਂ!” ਇੰਨੇ ਨੂੰ ਇੱਕ ਜ਼ੋਰਦਾਰ ਕੜਕਵੀਂ ਆਵਾਜ਼ ਫ਼ਿਜ਼ਾ ਵਿੱਚ ਗੂੰਜੀ।
ਇਹ ਡਰਾਉਣੀ ਆਵਾਜ਼ ਸੁਣ ਕੇ ਚਾਰੇ ਪਾਸੇ ਚੁੱਪ ਪਸਰ ਗਈ। ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਸੀ ਕਿ ਇਹ ਕਿਸ ਦੀ ਆਵਾਜ਼ ਏ? ਹਰ ਕੋਈ ਇੱਕ ਦੂਜੇ ਵੱਲ ਡੌਰ-ਭੌਰ ਹੋਇਆ ਵੇਖੀ ਜਾ ਰਿਹਾ ਸੀ।
“ਓਏ! ਹੁਣ ਤੁਸੀਂ ਸਭ ਨੇ ਚੁੱਪ ਕਿਉਂ ਵੱਟ ਲਈ ਏ? ਬੋਲਦੇ ਕਿਉਂ ਨਹੀਂ? ਜੇ ਜੁਅਰੱਤ ਏ ਤਾਂ ਜਵਾਬ ਦਿਓ।” ਆਵਾਜ਼ ਫਿਰ ਗੂੰਜੀ।
“ਤੂੰ ਕੌਣ ਏਂ? ਸਾਹਮਣੇ ਆਏਂਗਾ ਤਾਂ ਹੀ ਪਤਾ ਲੱਗੇਗਾ।” ਨੇਤਾ ਪਹਿਲ ਕਰਕੇ ਥੋੜ੍ਹਾ ਜਿਹਾ ਘੁਰਕ ਕੇ ਬੋਲਿਆ, ਜਿਵੇਂ ਗਿੱਦੜ ਭਬਕੀ ਮਾਰੀ ਹੋਵੇ।
“ਅੱਛਾ! ਹੁਣ ਤੂੰ ਮੈਨੂੰ ਬੇ-ਪਛਾਣ ਸਮਝਦਾ ਏਂ। ਜਦੋਂ ਤੈਨੂੰ ਮੇਰੇ ਤੱਕ ਮਤਲਬ ਸੀ, ਉਦੋਂ ਮੇਰੇ ਅੱਗੇ ਪਿੱਛੇ ਘੁੰਮਦਾ ਸੀ। ਹੁਣ ਪੁੱਛਦੈਂ, ਤੂੰ ਕੌਣ ਏਂ? ਤੂੰ ਹੀ ਤੇ ਪਾਲ-ਪਲੋਸ ਕੇ ਮੈਨੂੰ ਵੱਡਾ ਕੀਤਾ ਏ। ਬੇ-ਹਿਆ, ਬੇ-ਸ਼ਰਮ, ਝੂਠਾ ਕਿਸੇ ਥਾਂ ਦਾ।” ਆਵਾਜ਼ ਨੇ ਗੜ੍ਹਕ ਕੇ ਜਵਾਬ ਮੋੜਿਆ।
ਭੈਅ ਦਾ ਵਾਤਾਵਰਨ ਹੋਰ ਗਹਿਰਾ ਹੋ ਗਿਆ ਸੀ। ਕਿਸੇ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ।
“ਡਰਨ-ਡਰਾਉਣ ਦੀ ਵੀ ਇੱਕ ਹੱਦ ਹੁੰਦੀ ਏ। ਉਸ ਹੱਦ ਤੋਂ ਵੱਧ ਡਰ, ਬਗਾਵਤ ਦਾ ਰੂਪ ਧਾਰਨ ਕਰ ਲੈਂਦਾ ਏ। ਯਾਦ ਰੱਖ! ਉਸ ਬਗਾਵਤ ਵਿੱਚੋਂ ਉਪਜੀ ਬਹਾਦਰੀ ਨੂੰ ਠੱਲ੍ਹ ਪਾਉਣੀ ਬੜੀ ਮੁਸ਼ਕਿਲ ਹੁੰਦੀ ਏ। ਭਿਆਨਕ ਤੇ ਡਰਾਉਣੀ ਆਵਾਜ਼ ਨਾਲ ਤੂੰ ਸਾਨੂੰ ਜਰਕਾਉਣ ਦੀ ਕੋਸ਼ਿਸ਼ ਨਾ ਕਰ। ਜੇ ਤੂੰ ਬਹਾਦਰ ਏਂ ਤਾਂ ਸਾਹਮਣੇ ਆ ਫਿਰ।” ਕੁਝ ਸਮੇਂ ਬਾਅਦ ਫ਼ਿਲਾਸਫ਼ਰ ਨੇ ਹਿੰਮਤ ਜਿਹੀ ਕਰਕੇ ਆਪਣੀ ਭਾਸ਼ਾ ਵਿੱਚ ਆਖਿਆ।
“ਗੱਲ ਸੁਣ ਓਏ ਵੱਡਿਆ ਫ਼ਿਲਾਸਫ਼ਰਾ, ਚੁੱਪ ਕਰਕੇ ਇੱਥੋਂ ਚੱਲਦਾ ਬਣ। ਐਵੇਂ ਵਿੱਚ-ਵਿਚਾਲੇ ਦਰੜਿਆ ਜਾਵੇਂਗਾ। ਨਾਲੇ ਆਪਣੀ ਇਹ ਫ਼ਿਲਾਸਫ਼ੀ ਜਿਹੀ ਆਪਣੇ ਕੋਲ ਹੀ ਸਾਂਭ ਕੇ ਰੱਖ। ਸਮਝਿਐਂ!” ਗਰਜਵੀਂ ਤੇ ਉੱਚੀ ਆਵਾਜ਼ ਨੇ ਮਾਹੌਲ ਨੂੰ ਹੋਰ ਵੀ ਪੇਚੀਦਾ ਬਣਾ ਦਿੱਤਾ ਸੀ।
“ਤੇਰੀ ਹੋਂਦ ਨੂੰ ਅਸਾਂ ਕਿਵੇਂ ਮੰਨੀਏ? ਆਵਾਜ਼ਾਂ ਤੇ ਬਨਾਉਟੀ ਵੀ ਹੁੰਦੀਆਂ ਨੇ। ਜੇ ਤੂੰ ਆਪਣੀ ਹੋਂਦ ਦਰਸਾਏਂਗਾ, ਅਸੀਂ ਤਾਂ ਹੀ ਮੰਨਾਂਗੇ।” ਵਿਗਿਆਨੀ ਨੇ ਆਪਣੀ ਸੋਚ ਅਨੁਸਾਰ ਅਮਲੀ ਪਰਖ ਲਈ ਸਵਾਲ ਕੀਤਾ।
“ਤੂੰ ਕੌਣ ਹੁੰਦਾ ਏਂ ਮੈਨੂੰ ਪਰਖਣ ਵਾਲਾ। ਮੈਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰ। ਤੂੰ ਮੈਨੂੰ ਬੱਚਾ ਸਮਝਦਾ ਏਂ? ਖ਼ਬਰਦਾਰ ਜੇ ਮੇਰੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਗੁਸਤਾਖ਼ੀ ਕੀਤੀ ਤੇ।” ਇੱਕ ਗੰਭੀਰ ਤੇ ਤਾੜਨਾ ਭਰੀ ਆਵਾਜ਼ ਫਿਰ ਗਰਜੀ।
“ਮੇਰੇ ਰੱਬ ਵਰਗਿਆ ਸਰੋਤਿਆ ਬਾਹਲਾ ਰੰਜ ਨ੍ਹੀਂ ਮਨਾਈਦੈ। ਜੇ ਕੋਈ ਗਿਲਾ-ਸ਼ਿਕਵਾ ਵੀ ਹੈ ਤਾਂ ਮਿਲ ਬੈਠ ਕੇ ਸੁਲਝਾ ਲਈ ਦਾ। ਤੂੰ ਮੇਰਾ ਹੀ ਆਖਾ ਮੰਨ ਲੈ। ਆਹਮੋ-ਸਾਹਮਣੇ ਬੈਠ ਕੇ ਗੱਲ ਕਰੇਂਗਾ ਤਾਂ ਹੀ ਸਾਨੂੰ ਅਸਲੀਅਤ ਦਾ ਪਤਾ ਲੱਗੇਗਾ।” ਆਖਿਰ ਕਲਾਕਾਰ ਬੜੇ ਹੀ ਸ਼ਊਰ ਨਾਲ ਬੋਲਿਆ।
“ਭਾਅ ਜੀ, ਤੁਸੀਂ ਵੀ ਬਸ ਆਪਣੇ ਦਾਇਰੇ ਤੱਕ ਹੀ ਸੀਮਤ ਰਹੋ। ਇਨ੍ਹਾਂ ਪੰਗਿਆਂ ’ਚ ਨਾ ਪਵੋ, ਤਾਂ ਅੱਛੀ ਗੱਲ ਏ। ਇਕਾਂਤ ਵਿੱਚ ’ਕੱਲ-ਮਕੱਲੇ ਬੈਠੇ ਅਸੀਂ ਤੁਹਾਡੇ ਗਾਏ ਗੀਤ ਸੁਣ ਕੇ ਹੀ ਟੈਮ ਪਾਸ ਕਰਦੇ ਹਾਂ। ਤੁਹਾਡੇ ਨਾਲ ਸਾਡਾ ਕੋਈ ਗਿਲਾ ਨਹੀਂ ਏ। ਬਸ ਮੈਂ ਤਾਂ ਤੁਹਾਨੂੰ ਇਹੀ ਕਹਾਂਗਾ, ਇੱਥੋਂ ਜਾਓ ਤੇ ਆਪਣੇ ਕੰਮ ਨਾਲ ਵਾਸਤਾ ਰੱਖੋ।” ਅੱਗੋਂ ਕੁਝ ਧੀਮੀ ਪਰ ਖ਼ੁਸ਼ਕ ਜਿਹੀ ਆਵਾਜ਼ ਆਈ।
“ਭਾਈ ਸਾਬ੍ਹ, ਆਪਣੇ ਆਪ ਨੂੰ ਵੱਡਾ ਅਖਵਾਉਣ ਲਈ ਆਪਣੀ ਸੋਚ ਵੀ ਵੱਡੀ ਕਰਨੀ ਪੈਂਦੀ ਏ। ਤੂੰ ਤਾਂ ਇਵੇਂ ਉਗਰ-ਉਗਰ ਕੇ ਪੈਂਦਾ ਏਂ, ਜਿਵੇਂ ਅਗਲੇ ਨੂੰ ਖਾਣਾ ਹੁੰਦਾ ਏ। ਦੂਜਿਆਂ ਨੂੰ ਧਮਕੀਆਂ ਦੇਣਾ ਕਿੱਥੋਂ ਦੀ ਵਡੱਪਣ ਏ? ਜੇ ਤੇਰੇ ਮਨ ਵਿੱਚ ਥੋੜ੍ਹਾ ਜਿਹਾ ਵੀ ਰੱਬ ਦਾ ਭੈਅ ਏ ਤਾਂ ਇਨਸਾਨੀਅਤ ਕੀ ਗੱਲ ਕਰ। ਤੂੰ ਤਾਂ ਅੱਗ ਉਗਲ ਰਿਹੈਂ।” ਲੰਮੇ ਸਮੇਂ ਤੋਂ ਚੁੱਪ ਬੈਠੇ ਪੁਜਾਰੀ ਨੇ ਵੀ ਹੌਸਲਾ ਜਿਹਾ ਕਰਕੇ ਆਪਣੀ ਚੁੱਪ ਤੋੜੀ।
“ਓ ਵੱਡੇ ਵਿਦਵਾਨਾ, ਤੂੰ ਆਪਣੇ ਆਪ ਨੂੰ ਬੜਾ ਪਵਿੱਤਰ ਤੇ ਇਨਸਾਨੀਅਤ ਦਾ ਠੇਕੇਦਾਰ ਸਮਝਦਾ ਏਂ। ਤੈਨੂੰ ਪਤੈ, ਦੀਵੇ ਥੱਲੇ ਹਮੇਸ਼ਾ ਨ੍ਹੇਰਾ ਹੁੰਦਾ ਏ। ਤੁਸੀਂ ਲੋਕ ਰੱਬ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕਰਦੇ ਓ, ਲੁੱਟਦੇ ਓ ਤੇ ਆਪ ਵੱਡੇ ਚਾਨਣ ਮੁਨਾਰੇ ਬਣਦੇ ਓ। ਤੂੰ ਕਿੱਧਰੋਂ ਮੇਰੇ ਨਾਲ ਗੱਲ ਕਰਨ ਵਾਲਾ ਹੋ ਗਿਐਂ? ਜੇ ਚੰਗੀ ਚਾਹੁੰਨੈ ਤਾਂ ਇੱਥੋਂ ਚੱਲਦਾ ਬਣ। ਨਹੀਂ ਤਾਂ ਫਿਰ ਮੈਨੂੰ ਆਪਣਾ ਦੂਜਾ ਰੂਪ...।” ਆਵਾਜ਼ ਗੁੱਸੇ ਵਿੱਚ ਜ਼ੋਰ ਨਾਲ ਚਿਲਾਈ।
ਇਸ ਗੁੱਸੇ ਭਰੀ ਆਵਾਜ਼ ਤੋਂ ਬਾਅਦ ਕੋਈ ਵੀ ਸਵਾਲ-ਜਵਾਬ ਨਾ ਹੋਇਆ, ਜਿਵੇਂ ਡਰ ਨਾਲ ਸਭ ਮੈਦਾਨ ਛੱਡ ਕੇ ਭੱਜ ਗਏ ਹੋਣ।
“ਹੁਣ ਤੁਸੀਂ ਮੰਨਦੇ ਓ, ਕਿਸ ਦਾ ਕੱਦ ਵੱਡਾ ਏ?” ਕੁਝ ਸਮੇਂ ਬਾਅਦ ਆਵਾਜ਼ ਉੱਚੀ ਸਵੈਮਾਣ ਨਾਲ ਦੁਬਾਰਾ ਗੂੰਜੀ। ਫਿਰ ਵੀ ਅੱਗੋਂ ਕੋਈ ਆਵਾਜ਼ ਨਾ ਆਈ।
“ਬਾਬਾ ਜੀ, ਇਹ ਆਵਾਜ਼ ਕਿਸ ਪਾਤਰ ਦੀ ਏ?” ਚੁੱਪ-ਚਾਪ ਕਹਾਣੀ ਸੁਣ ਰਹੇ ਅਸ਼ੀਸ਼ ਨੇ ਆਪਣੇ ਬਾਬੇ ਨੂੰ ਹੈਰਾਨੀ ਨਾਲ ਪੁੱਛਿਆ।
“ਪੁੱਤਰ, ਇਹ ਤੂੰ ਦੱਸ ਨਾ?”
“ਹਾਂ-ਹਾਂ ਬਾਬਾ ਜੀ, ਮੈਂ ਸਮਝ ਗਿਆ, ਸਮਝ ਗਿਆ। ਇਹ ਕਿਸੇ ਦੰਗਾਕਾਰੀ ਦੀ ਆਵਾਜ਼ ਏ। ਫਿਰ ਤਾਂ ਇਹ ਆਵਾਜ਼ ਵਾਲਾ ਹੀ ਸਭ ਤੋਂ ਵੱਡਾ ਹੋਇਐ।” ਅਸ਼ੀਸ਼ ਝਬਦੇ ਬੋਲਿਆ।
“ਨਹੀਂ-ਨਹੀਂ ਅਸ਼ੀਸ਼, ਇੰਜ ਨਹੀਂ ਏਂ। ਤੈਨੂੰ ਯਾਦ ਏ! ਕੁਝ ਸਾਲ ਪਹਿਲਾਂ ਇੱਕ ਨਿੱਕੇ ਜਿਹੇ ਅਦਿੱਸ ਵਾਇਰਸ ਨੇ ਦੁਨੀਆ ਭਰ ਵਿੱਚ ਕਿੰਨਾ ਕਹਿਰ ਮਚਾਇਆ ਸੀ। ਲੱਖਾਂ ਲੋਕ ਮਾਰੇ ਗਏ ਸਨ। ਨੇਤਾ, ਵਿਗਿਆਨੀ, ਪੁਜਾਰੀ, ਕਲਾਕਾਰ, ਫ਼ਿਲਾਸਫ਼ਰ ਤੇ ਦੰਗਾਕਾਰੀ ਉਸ ਨੇ ਕਿਸੇ ਨੂੰ ਵੀ ਨਹੀਂ ਸੀ ਬਖ਼ਸ਼ਿਆ। ਇਹ ਸਭ ਲੋਕ ਡਰਦੇ ਆਪੋ-ਆਪਣੇ ਘਰਾਂ ਅੰਦਰ ਹੀ ਤਾੜੇ ਗਏ ਸਨ।”
“ਬਾਬਾ ਜੀ, ਪਰ ਇਸ ’ਤੇ ਤਾਂ ਵਿਗਿਆਨੀਆਂ ਨੇ ਆਪਣੀ ਖੋਜ ਨਾਲ ਕਾਬੂ ਪਾ ਲਿਆ ਸੀ।”
“ਅਸ਼ੀਸ਼ ਬੇਟਾ, ਵਿਗਿਆਨੀ ਇਹ ਵੀ ਆਖਦੇ ਨੇ ਕਿ ਭਵਿੱਖ ਵਿੱਚ ਇਸ ਤੋਂ ਖ਼ਤਰਨਾਕ ਕੋਈ ਹੋਰ ਵਾਇਰਸ ਵੀ ਆ ਸਕਦੈ।”
“ਬਾਬਾ ਜੀ, ਅੱਜਕੱਲ੍ਹ ਵਿਗਿਆਨਕ ਯੁੱਗ ਏ। ਵਿਗਿਆਨੀ ਉਸ ’ਤੇ ਵੀ ਕਾਬੂ ਪਾ ਲੈਣਗੇ।” ਅਸ਼ੀਸ਼ ਅਹੁਲ ਕੇ ਬੋਲਿਆ। ਅਸ਼ੀਸ਼ ਆਪਣੇ ਬਾਬਾ ਜੀ ਦੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਸੀ ਹੋ ਰਿਹਾ। ਉਸ ਦੀ ਹਰ ਦਲੀਲ ਅੱਗੇ ਆਪਣੀ ਕੋਈ ਨਵੀਂ ਹੀ ਦਲੀਲ ਕੱਢ ਮਾਰਦਾ।
“ਪੁੱਤਰਾ, ਤੂੰ ਤਾਂ ਇੱਕ ਪਾਤਰ ਦਾ ਕਰੈਕਟਰ ਵੇਖ ਕੇ ਹੀ ਛੋਟੇ-ਵੱਡੇ ਕੱਦ ਦਾ ਅਨੁਮਾਨ ਲਾਈ ਜਾਨਾ ਏਂ। ਪਹਿਲਾਂ ਕਹਾਣੀ ਦੀ ਪੂਰੀ ਸਕ੍ਰਿਪਟ ਤਾਂ ਸੁਣ ਲਈ ਦੀ ਏ।” ਆਖਿਰ ਹਰਭਗਵਾਨ ਨੇ ਅਸ਼ੀਸ਼ ਨੂੰ ਗੁੱਸੇ ਨਾਲ ਆਖਿਆ।
“ਬੇਟਾ ਅਸ਼ੀਸ਼, ਤੂੰ ਆਪਣੇ ਬਾਬਾ ਜੀ ਦੀ ਗੱਲ ਮੰਨਦਾ ਕਿਉਂ ਨਹੀਂ? ਤੈਨੂੰ ਕੁਝ ਦਿਨ ਪਹਿਲਾਂ ਮੈਂ ਦੱਸਿਆ ਸੀ ਨਾ ਕਿ ਹਰ ਘਟਨਾ ਪਿੱਛੇ ਕੋਈ ਨਾ ਕੋਈ ਭੇਤ ਛੁਪਿਆ ਹੁੰਦੈ। ਪਹਿਲਾਂ ਪੂਰੀ ਕਹਾਣੀ ਸੁਣ ਤਾਂ ਲੈ। ਫਿਰ ਆਪਣੀ ਰਾਇ ਦੇ ਦੇਵੀਂ।” ਆਪਣੀ ਮੰਮੀ ਦੀ ਇਹ ਸਲਾਹ ਮੰਨ ਕੇ ਅਸ਼ੀਸ਼ ਬੜੇ ਗਹੁ ਨਾਲ ਕਹਾਣੀ ਸੁਣਨ ਲੱਗਾ, ਜਿਵੇਂ ਮੰਮੀ ਦੀ ਦਿੱਤੀ ਸਲਾਹ ਉਸ ਨੂੰ ਦਰੁਸਤ ਜਾਪੀ ਹੋਵੇ।
“ਘੁੱਗ ਵਸਦੇ ਸ਼ਹਿਰ ਵਿੱਚ ਅਚਾਨਕ ਦੰਗੇ ਭੜਕਣ ਨਾਲ ਕਈ ਲੋਕ ਮਾਰੇ ਗਏ ਤੇ ਅਨੇਕਾਂ ਜ਼ਖ਼ਮੀ ਹੋ ਗਏ ਨੇ।”
ਇੰਨੇ ਨੂੰ ਟੈਲੀਵਿਜ਼ਨ ’ਤੇ ਇਹ ਖ਼ਬਰ ਸੁਣਾਈ ਦਿੱਤੀ। ਇਹ ਦੁੱਖਭਰੀ ਖ਼ਬਰ ਸੁਣ ਕੇ ਘਰ ਵਿੱਚ ਡਰਾਉਣਾ ਮਾਹੌਲ ਉਸਰ ਗਿਆ ਸੀ, ਜਿਵੇਂ ਮੁਰਦਾਘਰ ਦੀ ਖ਼ਾਮੋਸ਼ੀ ਹੋਵੇ।
“ਅਸ਼ੀਸ਼, ਹੁਣ ਦੱਸ ਕਿਸ ਦਾ ਕੱਦ ਵੱਡਾ ਏ?” ਉਦਾਸ ਬੈਠੇ ਅਸ਼ੀਸ਼ ਨੂੰ ਹਰਭਗਵਾਨ ਨੇ ਸਵਾਲ ਕੀਤਾ।
ਆਪਣੇ ਬਾਬਾ ਜੀ ਦਾ ਇਹ ਸਵਾਲ ਸੁਣ ਕੇ ਅਸ਼ੀਸ਼ ਗੰਭੀਰ ਜਿਹਾ ਹੋਇਆ ਸੋਚੀਂ ਪੈ ਗਿਆ, ਜਿਵੇਂ ਇਸ ਘਟਨਾ ਦੀ ਪੂਰੀ ਸਕ੍ਰਿਪਟ ਸਮਝ ਕੇ ਛੁਪਿਆ ਭੇਤ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਵੋਟਾਂ ਦਾ ਦਿਨ ਹੋਣ ਕਾਰਨ ਫਿਰ ਹਰਭਗਵਾਨ ਆਪਣੇ ਪੋਤਰੇ ਨੂੰ ਨਾਲ ਲੈ ਕੇ ਵਾਹੋਦਾਹੀ ਵੋਟ ਪਾਉਣ ਚਲੇ ਗਿਆ।
ਸੰਪਰਕ: 9779716824