For the best experience, open
https://m.punjabitribuneonline.com
on your mobile browser.
Advertisement

ਹਾਰ ਦੇ ਡਰੋਂ ਨਿਮਾਣੀ ਬਣੀ ਨੰਨ੍ਹੀ ਛਾਂ: ਭਗਵੰਤ ਮਾਨ

10:34 AM May 24, 2024 IST
ਹਾਰ ਦੇ ਡਰੋਂ ਨਿਮਾਣੀ ਬਣੀ ਨੰਨ੍ਹੀ ਛਾਂ  ਭਗਵੰਤ ਮਾਨ
ਭੁੱਚੋ ਮੰਡੀ ਵਿੱਚ ਰੋਡ ਸ਼ੋਅ ਦੌਰਾਨ ਸੰਬੋਧਨ ਕਰਦੇ ਹੋਏ ਭਗਵੰਤ ਮਾਨ।
Advertisement

ਪਵਨ ਗੋਇਲ/ਹੁਸ਼ਿਆਰ ਸਿੰਘ ਘਟੌੜਾ
ਭੁੱਚੋ ਮੰਡੀ/ਰਾਮਾ ਮੰਡੀ, 23 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ ਦੇਰ ਸ਼ਾਮ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਉਨ੍ਹਾਂ ਸ਼ਹਿਰ ਦੇ ਘੰਟਾ ਘਰ ਚੌਕ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਨੇ ਲੋਕਾਂ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਕੀਤੇ ਹਨ, ਹੁਣ ਲੋਕ ਵੀ ‘ਆਪ’ ਨੂੰ 13 ਸੀਟਾਂ ਜਿਤਾ ਕੇ ਬਾਕੀ ਸਿਆਸੀ ਪਾਰਟੀਆਂ ਨੂੰ ਜ਼ੀਰੋ ਕਰ ਦੇਣ। ਉਨ੍ਹਾਂ ਹਰਸਿਮਰਤ ਕੌਰ ’ਤੇ ਵਿਅੰਗ ਕਸਦਿਆਂ ਕਿਹਾ ਕਿ ਪਹਿਲਾਂ ਨੰਨ੍ਹੀ ਛਾਂ ਕਹਿੰਦੀ ਹੁੰਦੀ ਸੀ, ਹੁਣ ਹਾਰ ਦੇ ਡਰੋਂ ਆਪਣੇ ਖੁਦ ਨੂੰ ਨਿਮਾਣੀ ਕਹਿਣ ਲੱਗ ਪਈ ਹੈ।
ਲੋਕਾਂ ਨੇ ਜਦੋਂ ਭਗਵੰਤ ਮਾਨ ਨੂੰ ‘ਬਾਈ ਜੀ’ ਕਹਿ ਕੇ ਬਾਦਲਾਂ ਦੀ ਕਿਕਲੀ ਸੁਣਾਉਣ ਦੀ ਮੰਗ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਭਰਾਵੋ ਕਿਕਲੀ ਨਾ ਸੁਣੋ, ਸੁਖਵੀਰ ਬਾਦਲ ਬਿਮਾਰ ਹੈ, ਕਿਤੇ ਉਸ ਨੂੰ ਕੁਝ ਹੋ ਨਾ ਜਾਵੇ। ਫਿਰ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਾਦਲਾਂ ਦੀ ਕਿਕਲੀ ਸੁਣਾ ਕੇ ਲੋਕਾਂ ਨੂੰ ਖੁਸ਼ ਕਰ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਪੰਜਾਬ ਵਿੱਚ ਪਹਿਲਾ ਮੁੱਖ ਮੰਤਰੀ ਹਾਂ, ਜਿਸ ਨੂੰ ਲੋਕ ਬਾਈ ਜੀ ਕਹਿ ਕੇ ਬੁਲਾਉਂਦੇ ਹਨ। ਪਹਿਲਾਂ ਕੋਈ ਰਾਜਾ ਜੀ ਅਤੇ ਕੋਈ ਕਾਕਾ ਜੀ ਅਖਵਾਉਂਦੇ ਸਨ।’’ ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਆਪ ਦੇ ਉਮੀਦਵਾਰ ਨੂੰ ਸਫ਼ਲ ਬਣਾਉਣ। ਮੁੱਖ ਮੰਤਰੀ ਨੇ ਖੁਦ ਲੋਕਾਂ ’ਤੇ ਲਗਾਤਾਰ ਫੁੱਲ ਬਰਸਾਏ।
ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ, ਬਲਜਿੰਦਰ ਕੌਰ ਮਾਹਲ, ਸੁਮਨਪ੍ਰੀਤ ਕੌਰ ਸਿੱਧੂ, ਰਕੇਸ਼ ਕੁਮਾਰ ਪੁਰੀ, ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਸਤਿੰਦਰ ਬਿੱਟੂ, ਸਰਬਜੀਤ ਸਿੰਘ ਮਾਹਲ, ਗੁਰਦੀਪ ਸਿੰਘ ਉੱਪਲੀ, ਪਿ੍ਰੰਸ ਗੋਲਨ, ਥੂਥ ਵਿੰਗ ਦੇ ਹਲਕਾ ਇੰਚਾਰਜ਼ ਹਰਦੀਪ ਮਾਹਲ, ਬਲਾਕ ਪ੍ਰਧਾਨ ਰਾਜਵਿੰਦਰ ਰਾਜੂ, ਰਿੰਕੂ ਸ਼ਰਮਾ, ਕਮਲਜੀਤ ਕੌਰ, ਯਾਦਵਿੰਦਰ ਸ਼ਰਮਾ, ਗੱਗੂ ਸਮਾਘ, ਜਸਪਾਲ ਬੇਗਾ, ਗੋਰਾ ਮਾਹਲ, ਗੁਰਪ੍ਰੀਤ ਗਿੱਲ ਅਤੇ ਲੋਕਾਂ ਦਾ ਭਾਰੀ ਇਕੱਠ ਸੀ।
ਇਸੇ ਦੌਰਾਨ ਭਗਵੰਤ ਮਾਨ ਨੇ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿਚ ਰਾਮਾ ਮੰਡੀ ਵਿਚ ਰੋਡ ਸ਼ੋਅ ਕੀਤਾ। ਉਨ੍ਹਾਂ ਆਖਿਆ ਕਿ ਅਕਾਲੀ ਤੇ ਕਾਂਗਰਸੀਆਂ ਨੇ ਪੰਜਾਬ ਨੂੰ ਦੋਵੇਂ ਹੱਥੀ ਲੁੱਟਿਆ ਹੈ ਅਤੇ ਹੁਣ ਆਮ ਆਦਮੀਆਂ ਦੇ ਚੋਣ ਮੈਦਾਨ ’ਚ ਆਉਣ ਮਗਰੋਂ ਖਾਸ ਆਦਮੀਆਂ ਦੀਆਂ ਨੀਦ ਉਡੀ ਗਈ ਹੈ। ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਲੰਬਾ ਸਮਾਂ ਹਲਕੇ ਦੀ ਅਗਵਾਈ ਕੀਤੀ ਤੇ ਫੂਡ ਪ੍ਰਾਸੈਸਿੰਗ ਮੰਤਰੀ ਰਹੇ ਪਰ ਉਨ੍ਹਾਂ ਇਥੇ ਇਸ ਸਬੰਧੀ ਰੁਜ਼ਗਾਰ ਪ੍ਰਾਪਤੀ ਲਈ ਕੋਈ ਉਪਰਾਲਾ ਜਾਂ ਯੂਨਿਟ ਨਹੀਂ ਲਗਵਾਇਆ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਬੀਤੀ ਸ਼ਾਮ ਰਾਮਾਂ ਮੰਡੀ ਦੇ ਬਾਜ਼ਾਰਾਂ ’ਚ ਕੀਤੇ ਰੋਡ ਸ਼ੋਅ ਮੌਕੇ ਇੱਕ ਮੋਟਰਸਾਈਕਲ ਚੋਰੀ ਹੋ ਗਿਆ। ਹਾਲਾਂਕਿ ਮੁੱਖ ਮੰਤਰੀ ਦੀ ਫੇਰੀ ਮੌਕੇ ਪੁਲੀਸ ਵੱਲੋਂ ਸ਼ਹਿਰ ’ਚ ਨਾਕਾਬੰਦੀ ਕੀਤੀ ਗਈ ਸੀ ਅਤੇ ਕਈ ਬਾਜ਼ਾਰਾਂ ਨੂੰ ਆਵਾਜਾਈ ਪੱਖੋਂ ਬਿਲਕੁੱਲ ਬੰਦ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਮੋਟਰਸਾਈਕਲ ਚੋਰੀ ਹੋ ਗਿਆ। ਅਜਿਹੇ ਵਿਚ ਲੋਕਾਂ ਵਿਚ ਭਾਰੀ ਸਹਿਮ ਹੈ।

Advertisement

ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਠੇਕਾ ਮੁਲਾਜ਼ਮ।

ਭੁੱਚੋ ਮੰਡੀ: ਇਥੇ ਰੋਡ ਸ਼ੋਅ ਲਈ ਆਏ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਨੂੰ ਰਾਤ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪੱਕੇ ਨਾ ਕਰਨ ਦੇ ਰੋਸ ਵਜੋਂ ਭੁੱਚੋ ਕੈਂਚੀਆਂ ਰੋਡ ’ਤੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਠੇਕਾ ਮੁਲਾਜ਼ਮਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਨੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਲਾਰੇ-ਲੱਪੇ ਲਗਾ ਕੇ ਢਾਈ ਸਾਲ ਲੰਘਾ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਠੇਕਾ ਮੁਲਾਜ਼ਮਾਂ ਨੂੰ ਅਣਗੌਲਿਆ ਕਰ ਰਹੀ ਹੈ। ਇਸ ਦਾ ਖ਼ਮਿਆਜ਼ਾ ਸਰਕਾਰ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।

Advertisement
Author Image

joginder kumar

View all posts

Advertisement
Advertisement
×