ਛੋਟਾ ਪਰਦਾ
ਧਰਮਪਾਲ
ਸਵਾਤੀ ਸ਼ਾਹ ਦਾ ਸ਼ਕਤੀਸ਼ਾਲੀ ਅਵਤਾਰ
ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਚ ਜਗ੍ਹਾ ਬਣਾਉਣ ਵਾਲੀ ਸਵਾਤੀ ਸ਼ਾਹ ਹੁਣ ਸਨ ਨੀਓ ਟੀਵੀ ਦੇ ਸ਼ੋਅ ‘ਰਿਸ਼ਤੋਂ ਸੇ ਬੰਧੀ ਗੌਰੀ’ ’ਚ ਇੱਕ ਦਮਦਾਰ ਕਿਰਦਾਰ ’ਚ ਨਜ਼ਰ ਆਵੇਗੀ। ਇਸ ਪਰਿਵਾਰਕ ਡਰਾਮੇ ਵਿੱਚ ਉਸ ਨੇ ਜਗਦੰਬਾ ਦੇਵੀ ਦੀ ਭੂਮਿਕਾ ਨਿਭਾਈ ਹੈ ਜੋ ਉਸ ਦੇ ਪਰਿਵਾਰ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਹ ਗੰਭੀਰ ਅਤੇ ਸਮਝਦਾਰੀ ਵਾਲੇ ਫ਼ੈਸਲੇ ਲੈਣ ਪ੍ਰਤੀ ਦ੍ਰਿੜ ਹੈ।
ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਸਵਾਤੀ ਸ਼ਾਹ ਕਹਿੰਦੀ ਹੈ, ‘‘ਇਸ ਸ਼ੋਅ ਵਿੱਚ ਮੈਂ ਜਗਦੰਬਾ ਦਾ ਕਿਰਦਾਰ ਨਿਭਾ ਰਹੀ ਹਾਂ, ਜੋ ਪਰਿਵਾਰ ਦੀ ਮੁਖੀ ਹੈ। ਉਹ ਵਿਧਵਾ ਹੈ, ਪਰ ਸਭ ਕੁਝ ਇਕੱਲੇ ਹੀ ਸੰਭਾਲਦੀ ਹੈ। ਪਰਿਵਾਰ, ਘਰ ਜਾਂ ਪਿੰਡ ਦੇ ਮਾਮਲਿਆਂ ਨਾਲ ਸਬੰਧਤ ਫ਼ੈਸਲਾ ਉਸ ਨੇ ਹੀ ਕਰਨਾ ਹੁੰਦਾ ਹੈ। ਹੁਣ ਤੱਕ ਤੁਸੀਂ ਮੈਨੂੰ ਹਲਕੇ-ਫੁਲਕੇ ਅਤੇ ਮਜ਼ੇਦਾਰ ਕਿਰਦਾਰਾਂ ਵਿੱਚ ਦੇਖਿਆ ਹੈ, ਪਰ ਇਸ ਵਾਰ ਮੈਂ ਇੱਕ ਸਖ਼ਤ ਕਿਰਦਾਰ ਵਿੱਚ ਨਜ਼ਰ ਆਵਾਂਗੀ।’’
ਉਹ ਅੱਗੇ ਕਹਿੰਦੀ ਹੈ, ‘‘ਇੱਕ ਮੁਖੀਆ ਦੇ ਤੌਰ ’ਤੇ ਜਗਦੰਬਾ ਬਹੁਤ ਜ਼ਿੰਮੇਵਾਰ ਹੈ। ਉਹ ਹਮੇਸ਼ਾਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀ ਹੈ ਨਾ ਕਿ ਉਨ੍ਹਾਂ ਨੂੰ ਲੈ ਕੇ ਚਿੰਤਾ ਕਰਦੀ ਹੈ। ਇਸ ਸ਼ੋਅ ਵਿੱਚ ਰਿਸ਼ਤਿਆਂ ਦੀ ਗਹਿਰਾਈ ਸਾਫ਼ ਦਿਖਾਈ ਦਿੰਦੀ ਹੈ ਅਤੇ ਕਹਾਣੀ ਨੂੰ ਇਸੇ ਤਾਣੇ-ਬਾਣੇ ਵਿੱਚ ਬੁਣਿਆ ਗਿਆ ਹੈ। ਜਿਵੇਂ-ਜਿਵੇਂ ਕਹਾਣੀ ਅੱਗੇ ਵਧੇਗੀ, ਦਰਸ਼ਕ ਸਮਝਣਗੇ ਕਿ ਜਗਦੰਬਾ ਅਜਿਹੀ ਕਿਉਂ ਹੈ। ਕੋਈ ਵੀ ਵਿਅਕਤੀ ਰਾਤੋ-ਰਾਤ ਸਖ਼ਤ ਜਾਂ ਮਜ਼ਬੂਤ ਨਹੀਂ ਬਣ ਜਾਂਦਾ, ਹਰ ਚੀਜ਼ ਪਿੱਛੇ ਇੱਕ ਕਹਾਣੀ ਹੁੰਦੀ ਹੈ।’’
‘ਪਿਆਰ ਕਾ ਪ੍ਰੋਫੈਸਰ’ ਪ੍ਰਣਬ ਸਚਦੇਵਾ
ਵੈੱਬ ਸੀਰੀਜ਼ ‘ਪਿਆਰ ਕਾ ਪ੍ਰੋਫੈਸਰ’ ਦਾ ਹਿੱਸਾ ਰਹੇ ਅਦਾਕਾਰ ਪ੍ਰਣਵ ਸਚਦੇਵਾ ਦਾ ਕਹਿਣਾ ਹੈ ਕਿ ਸ਼ੋਅ ਨੂੰ ਬਣਾਉਣ ’ਚ ਦੋ ਸਾਲ ਲੱਗ ਗਏ ਕਿਉਂਕਿ ਨਿਰਮਾਤਾ ਹਰ ਚੀਜ਼ ਨੂੰ ਬਿਹਤਰੀਨ ਬਣਾਉਣਾ ਚਾਹੁੰਦੇ ਸਨ। ਉਸ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਬਹੁਤ ਮਿਹਨਤ ਕੀਤੀ ਗਈ ਹੈ। ਇਸ ਦਾ ਪ੍ਰਸਾਰਣ ਅਮੇਜ਼ਨ ਐੱਮਐਕਸ ਪਲੇਅਰ ’ਤੇ ਹੋ ਰਿਹਾ ਹੈ।
ਉਹ ਕਹਿੰਦਾ ਹੈ, ‘‘ਸ਼ੋਅ ਬਣਾਉਣਾ ਇੱਕ ਸ਼ਹਿਰ ਬਣਾਉਣ ਵਰਗਾ ਹੈ ਅਤੇ ਕਈ ਵਾਰ ਇਸ ਵਿੱਚ ਸਮਾਂ ਲੱਗਦਾ ਹੈ, ਖ਼ਾਸ ਤੌਰ ’ਤੇ ਜਦੋਂ ਤੁਸੀਂ ਹਰ ਛੋਟੀ ਚੀਜ਼ ਨੂੰ ਸਹੀ ਕਰਨਾ ਚਾਹੁੰਦੇ ਹੋ। ਸਕ੍ਰਿਪਟ ਤੋਂ ਲੈ ਕੇ ਨਿਰਮਾਣ ਤੱਕ, ਇਸ ਨੂੰ ਸਭ ਤੋਂ ਵਧੀਆ ਬਣਾਉਣ ਲਈ ਬਹੁਤ ਸਾਰਾ ਕੰਮ ਕੀਤਾ ਗਿਆ ਹੈ। ਹੁਣ ਉਮੀਦ ਹੈ ਕਿ ਉਡੀਕ ਫ਼ਲਦਾਇਕ ਸਾਬਤ ਹੋਵੇਗੀ।’’
ਹਾਲਾਂਕਿ, ਉਸ ਦਾ ਇਹ ਵੀ ਕਹਿਣਾ ਹੈ ਕਿ ਲੋਕ ਉਨ੍ਹਾਂ ਦੇ ਸ਼ੋਅ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ‘‘ਹੁਣ ਤੱਕ ਸ਼ੋਅ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਜੋ ਪੂਰੀ ਟੀਮ ਲਈ ਹਮੇਸ਼ਾਂ ਉਤਸ਼ਾਹਜਨਕ ਰਿਹਾ ਹੈ। ਦਰਸ਼ਕਾਂ ਅਤੇ ਆਲੋਚਕਾਂ ਨੇ ਮੇਰੇ ਕੰਮ ਅਤੇ ਸ਼ੋਅ ਦੀ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ, ਜੋ ਇਹ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਰੁਝਾਨ ਕਿਸ ਤਰ੍ਹਾਂ ਦਾ ਹੈ। ਹੁਣ ਸਿਰਫ਼ ਇਹ ਉਮੀਦ ਹੈ ਕਿ ਇਹ ਸ਼ੋਅ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।’’
ਉਹ ਅੱਗੇ ਕਹਿੰਦਾ ਹੈ, ‘‘ਮੈਨੂੰ ਲੱਗਦਾ ਹੈ ਕਿ ਹਰ ਪ੍ਰਾਜੈਕਟ ਤੁਹਾਡੇ ਕਰੀਅਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ। ਇਹ ਸ਼ੋਅ ਮੇਰੇ ਲਈ ਇੱਕ ਵੱਖਰਾ ਅਨੁਭਵ ਰਿਹਾ ਹੈ ਅਤੇ ਮੈਨੂੰ ਕੁਝ ਨਵਾਂ ਖੋਜਣ ਦਾ ਮੌਕਾ ਮਿਲਿਆ ਹੈ। ਭਾਵੇਂ ਇਹ ਮੇਰੇ ਕਰੀਅਰ ਦੀ ਦਿਸ਼ਾ ਨੂੰ ਬਹੁਤ ਬਦਲੇ ਜਾਂ ਨਾ, ਇਹ ਮੇਰੇ ਸਫ਼ਰ ਵਿੱਚ ਇੱਕ ਰੁਮਾਂਚਕ ਕਦਮ ਰਿਹਾ ਹੈ। ਇਸ ਨੇ ਮੈਨੂੰ ਇੱਕ ਅਦਾਕਾਰ ਵਜੋਂ ਅੱਗੇ ਵਧਣ ਦਾ ਮੌਕਾ ਦਿੱਤਾ ਹੈ, ਜਿਸ ਲਈ ਮੈਂ ਸ਼ੁਕਰਗੁਜ਼ਾਰ ਹਾਂ।’’
ਸੱਸ-ਜਵਾਈ ਦਾ ਵਿਲੱਖਣ ਰਿਸ਼ਤਾ
ਟੀਵੀ ਦੀ ਦੁਨੀਆ ਵਿੱਚ ਬਹੁਤ ਸਾਰੇ ਰਿਸ਼ਤੇ ਦੇਖਣ ਨੂੰ ਮਿਲਦੇ ਹਨ, ਪਰ ਅੱਜਕੱਲ੍ਹ ਜ਼ੀ5 ਦੇ ਸ਼ੋਅ ‘ਜਮਾਈ ਨੰ. 1’ ਵਿੱਚ ਇੱਕ ਵਿਲੱਖਣ ਅਤੇ ਦਿਲਚਸਪ ਸੱਸ ਅਤੇ ਜਵਾਈ ਦਾ ਰਿਸ਼ਤਾ ਸਭ ਦਾ ਧਿਆਨ ਖਿੱਚ ਰਿਹਾ ਹੈ, ਉਹ ਹੈ ਨੀਲ ਅਤੇ ਕੰਚਨ ਦੀ ਟੱਕਰ! ਪ੍ਰਤਿਭਾਸ਼ਾਲੀ ਅਭਿਸ਼ੇਕ ਮਲਿਕ ਨੀਲ ਦੀ ਭੂਮਿਕਾ ਨਿਭਾ ਰਿਹਾ ਹੈ, ਜਦੋਂ ਕਿ ਅਨੁਭਵੀ ਅਭਿਨੇਤਰੀ ਪਾਪੀਆ ਸੇਨਗੁਪਤਾ ਕੰਚਨ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਦੋਵਾਂ ਵਿਚਾਲੇ ਝਗੜਾ, ਮਜ਼ਾਕੀਆ ਬਹਿਸਾਂ ਅਤੇ ਡਰਾਮੇ ਨਾਲ ਭਰੇ ਟਕਰਾਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਰਿਸ਼ਤੇ ਦੇ ਨਵੇਂ ਰੰਗ ਹਰ ਐਪੀਸੋਡ ’ਚ ਦੇਖਣ ਨੂੰ ਮਿਲਦੇ ਹਨ, ਜੋ ਸ਼ੋਅ ਨੂੰ ਹੋਰ ਵੀ ਰੁਮਾਂਚਕ ਬਣਾਉਂਦੇ ਹਨ।
ਇਸ ਕਹਾਣੀ ਦਾ ਕੇਂਦਰ ਕੰਚਨ ਹੈ ਜੋ ਚਲਾਕ ਅਤੇ ਤੇਜ਼ ਬੁੱਧੀ ਵਾਲੀ ਸੱਸ ਹੈ। ਉਹ ਹਮੇਸ਼ਾ ਆਪਣੇ ਜਵਾਈ ਨੀਲ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੀ ਹੈ, ਪਰ ਨੀਲ ਕਿਸੇ ਤੋਂ ਘੱਟ ਨਹੀਂ! ਉਹ ਆਪਣੀ ਸੂਝ-ਬੂਝ ਨਾਲ ਹਰ ਵਾਰ ਕੰਚਨ ਦੀਆਂ ਚਾਲਾਂ ਨੂੰ ਨਾਕਾਮ ਕਰ ਦਿੰਦਾ ਹੈ। ਦੋਵਾਂ ਵਿਚਾਲੇ ਇਹ ਟਕਰਾਅ ਕਦੇ ਗੁੱਸੇ ਨਾਲ ਭਰਿਆ ਹੁੰਦਾ ਹੈ ਅਤੇ ਕਦੇ ਮਜ਼ਾਕੀਆ ਤਾਅਨੇ ਨਾਲ ਭਰਿਆ ਹੁੰਦਾ ਹੈ, ਜਿਸ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਹੁੰਦਾ ਹੈ।
ਇਸ ਸ਼ੋਅ ਦੀ ਸਭ ਤੋਂ ਖ਼ਾਸ ਗੱਲ ਅਭਿਸ਼ੇਕ ਮਲਿਕ ਅਤੇ ਪਾਪੀਆ ਸੇਨਗੁਪਤਾ ਦਾ ਸ਼ਾਨਦਾਰ ਤਾਲਮੇਲ ਹੈ। ਉਸ ਦੀ ਅਦਾਕਾਰੀ ਇੰਨੀ ਸੁਭਾਵਿਕ ਜਾਪਦੀ ਹੈ ਕਿ ਦਰਸ਼ਕ ਕਹਾਣੀ ਨਾਲ ਜੁੜਿਆ ਮਹਿਸੂਸ ਕਰਦੇ ਹਨ। ਜਦੋਂ ਕੰਚਨ ਆਪਣੇ ਜਵਾਈ ਨੂੰ ਹਰਾਉਣ ਲਈ ਨਵੀਆਂ ਚਾਲਾਂ ਬਾਰੇ ਸੋਚਦੀ ਹੈ ਅਤੇ ਨੀਲ ਆਪਣੀ ਬੁੱਧੀ ਨਾਲ ਉਸ ਨੂੰ ਪਛਾੜ ਦਿੰਦਾ ਹੈ ਤਾਂ ਇਹ ਦੇਖਣਾ ਬਹੁਤ ਮਜ਼ੇਦਾਰ ਹੁੰਦਾ ਹੈ।
ਆਪਣੇ ਆਨ-ਸਕਰੀਨ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਅਭਿਸ਼ੇਕ ਮਲਿਕ ਨੇ ਕਿਹਾ, ‘‘ਪਾਪੀਆ ਮੈਡਮ ਨਾਲ ਕੰਮ ਕਰਨਾ ਵਧੀਆ ਅਨੁਭਵ ਹੈ। ਉਹ ਬਹੁਤ ਪ੍ਰਤਿਭਾਸ਼ਾਲੀ ਹਨ ਅਤੇ ਆਪਣੇ ਕਿਰਦਾਰ ਵਿੱਚ ਗਹਿਰਾਈ ਲਿਆਉਂਦੇ ਹਨ। ਸਾਡੇ ਝਗੜੇ ਆਨ-ਸਕਰੀਨ ਹੋ ਸਕਦੇ ਹਨ, ਪਰ ਆਫ-ਸਕਰੀਨ ਸਾਡੇ ਵਿੱਚ ਇੱਕ ਵਧੀਆ ਸਬੰਧ ਹੈ। ਉਨ੍ਹਾਂ ਨਾਲ ਹਰ ਦ੍ਰਿਸ਼ ਫਿਲਮਾਉਣਾ ਮਜ਼ੇਦਾਰ ਅਤੇ ਸਿੱਖਣ ਦਾ ਅਨੁਭਵ ਹੈ।’’