ਛੋਟਾ ਪਰਦਾ
ਧਰਮਪਾਲ
ਐਸ਼ਵਰਿਆ ਫਿਰ ਬਣੀ ਮਾਤਾ ਪਾਰਵਤੀ
ਐਸ਼ਵਰਿਆ ਰਾਜ ਭਾਕੁਨੀ ਟੀਵੀ ਸ਼ੋਅ ‘ਜੈ ਵੀਰ ਹਨੂੰਮਾਨ’ ਵਿੱਚ ਮਾਤਾ ਪਾਰਵਤੀ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ‘ਸ਼੍ਰੀਮਦ ਰਾਮਾਇਣ’ ਵਿੱਚ ਵੀ ਇਹੀ ਕਿਰਦਾਰ ਨਿਭਾ ਚੁੱਕੀ ਹੈ। ਉਸ ਨੇ ਦੱਸਿਆ ਕਿ ਦਰਸ਼ਕਾਂ ਅਤੇ ਨਿਰਮਾਤਾਵਾਂ ਨੂੰ ਉਸ ਦੀ ਅਦਾਕਾਰੀ ਬਹੁਤ ਪਸੰਦ ਆਈ, ਜਿਸ ਕਾਰਨ ਉਸ ਨੂੰ ਇਸ ਨਵੇਂ ਸ਼ੋਅ ਵਿੱਚ ਵੀ ਇਹ ਭੂਮਿਕਾ ਮਿਲੀ।
ਐਸ਼ਵਰਿਆ ਨੇ ਕਿਹਾ, ‘‘ਮੈਂ ਸ਼੍ਰੀਮਦ ਰਾਮਾਇਣ ਵਿੱਚ ਮਾਤਾ ਪਾਰਵਤੀ ਦੀ ਭੂਮਿਕਾ ਨਿਭਾ ਰਹੀ ਸੀ ਅਤੇ ਦਰਸ਼ਕਾਂ ਦੇ ਨਾਲ-ਨਾਲ ਨਿਰਮਾਤਾਵਾਂ ਦੁਆਰਾ ਮੇਰੇ ਪ੍ਰਦਰਸ਼ਨ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਲੋਕਾਂ ਦੇ ਹੁੰਗਾਰੇ ਦੇ ਆਧਾਰ ’ਤੇ ਨਿਰਮਾਤਾਵਾਂ ਨੂੰ ਲੱਗਿਆ ਕਿ ਤਰੁਣ ਖੰਨਾ ਅਤੇ ਮੈਂ ਪਰਦੇ ’ਤੇ ਮਹਾਦੇਵ ਅਤੇ ਪਾਰਵਤੀ ਦੇ ਰੂਪ ਵਿੱਚ ਸਭ ਤੋਂ ਵਧੀਆ ਦਿਖਾਈ ਦਿੰਦੇ ਹਾਂ। ਇਸੇ ਲਈ ਮੈਨੂੰ ‘ਜੈ ਵੀਰ ਹਨੂੰਮਾਨ’ ਵਿੱਚ ਦੁਬਾਰਾ ਪਾਰਵਤੀ ਬਣਨ ਦਾ ਮੌਕਾ ਮਿਲਿਆ। ਮੈਂ ਇਸ ਭੂਮਿਕਾ ਲਈ ਇੱਕ ਲੁੱਕ ਟੈਸਟ ਵੀ ਦਿੱਤਾ ਅਤੇ ਖੁਸ਼ਕਿਸਮਤੀ ਨਾਲ ਮੈਨੂੰ ਇਹ ਭੂਮਿਕਾ ਮਿਲੀ।’’
ਉਸ ਨੇ ਮੰਨਿਆ ਕਿ ਕਿਸੇ ਵੀ ਅਦਾਕਾਰ ਲਈ ਮਿਥਿਹਾਸਕ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਹੁੰਦਾ ਹੈ। ‘‘ਅਜਿਹੀਆਂ ਭੂਮਿਕਾਵਾਂ ਵਿੱਚ ਅਦਾਕਾਰ ਕੋਲ ਖੋਜ ਕਰਨ ਲਈ ਬਹੁਤਾ ਸਮਾਂ ਨਹੀਂ ਹੁੰਦਾ। ਤੁਸੀਂ ਆਪਣੇ ਪੱਖ ਤੋਂ ਕੁਝ ਵੀ ਨਹੀਂ ਜੋੜ ਸਕਦੇ ਜਾਂ ਇਸ ਨੂੰ ਆਪਣੇ ਤਰੀਕੇ ਨਾਲ ਨਹੀਂ ਨਿਭਾ ਸਕਦੇ। ਮਾਂ ਪਾਰਵਤੀ ਵਰਗੇ ਕਿਰਦਾਰ ਨੂੰ ਬ੍ਰਹਮਤਾ, ਮਾਣ, ਮਾਸੂਮੀਅਤ ਅਤੇ ਸ਼ਰਧਾ ਨਾਲ ਨਿਭਾਉਣ ਦੀ ਲੋੜ ਹੈ। ਨਾਲ ਹੀ, ਜਦੋਂ ਕਿਸੇ ਦੀ ਰੱਖਿਆ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਬਹੁਤ ਦ੍ਰਿੜ ਅਤੇ ਮਾਂ ਦੇ ਪਿਆਰ ਨਾਲ ਭਰਪੂਰ ਹੁੰਦੀ ਹੈ।’’
ਉਹ ਅੱਗੇ ਕਹਿੰਦੀ ਹੈ, ‘‘ਸਮੇਂ ਦੇ ਨਾਲ, ਇਸ ਖੇਤਰ ਵਿੱਚ ਤਜਰਬਾ ਹਾਸਲ ਕਰਦੇ ਹੋਏ, ਮੈਂ ਸਿੱਖਿਆ ਹੈ ਕਿ ਇਨ੍ਹਾਂ ਕਿਰਦਾਰਾਂ ਨੂੰ ਗਹਿਰਾਈ ਅਤੇ ਸੱਚਾਈ ਨਾਲ ਕਿਵੇਂ ਨਿਭਾਉਣਾ ਹੈ।’’
ਐਸ਼ਵਰਿਆ ‘ਪ੍ਰਿਥਵੀਰਾਜ ਚੌਹਾਨ’, ‘ਪ੍ਰਾਈਡ’, ‘ਸ਼ਾਸਨ ਸਭਾ’ ਵਰਗੀਆਂ ਫਿਲਮਾਂ ਅਤੇ ‘ਵਿਘਨਹਰਤਾ ਗਣੇਸ਼ਾ’, ‘ਗੁਪਤਾ ਬ੍ਰਦਰਜ਼’ ਅਤੇ ‘ਤੇਨਾਲੀ ਰਾਮ’ ਵਰਗੇ ਟੀਵੀ ਸ਼ੋਅ ਦਾ ਹਿੱਸਾ ਰਹੀ ਹੈ। ਉਸ ਦਾ ਮੰਨਣਾ ਹੈ ਕਿ ਪਹਿਲਾਂ ਮਿਥਿਹਾਸਕ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਟਾਈਪਕਾਸਟ ਹੁੰਦੇ ਸਨ, ਪਰ ਹੁਣ ਇੰਡਸਟਰੀ ਬਦਲ ਰਹੀ ਹੈ।
ਉਸ ਨੇ ਕਿਹਾ, ‘‘ਪਹਿਲਾਂ, ਜਿਨ੍ਹਾਂ ਕਲਾਕਾਰਾਂ ਨੇ ਮਿਥਿਹਾਸਕ ਕਿਰਦਾਰ ਨਿਭਾਏ ਸਨ, ਉਨ੍ਹਾਂ ਨੂੰ ਹੋਰ ਸ਼ੋਅ ਜਾਂ ਫਿਲਮਾਂ ਵਿੱਚ ਹੋਰ ਭੂਮਿਕਾਵਾਂ ਮਿਲਣੀਆਂ ਮੁਸ਼ਕਲ ਲੱਗਦੀਆਂ ਸਨ, ਪਰ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਹਨ। ਦਰਸ਼ਕ ਹੁਣ ਵਧੇਰੇ ਖੁੱਲ੍ਹੇ ਵਿਚਾਰਾਂ ਵਾਲੇ ਹਨ ਅਤੇ ਮਿਥਿਹਾਸਕ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਨੂੰ ਵੀ ਵੱਖ-ਵੱਖ ਸ਼ੈਲੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।’’
ਅਭਿਸ਼ੇਕ ਨੇ ਪਹਿਨੀ ਲਾਲ ਸਾੜ੍ਹੀ

ਜ਼ੀ ਟੀਵੀ ਦਾ ਨਵਾਂ ਸ਼ੋਅ ‘ਜਮਾਈ ਨੰਬਰ 1’ ਆਪਣੀ ਦਿਲਚਸਪ ਕਹਾਣੀ ਅਤੇ ਮਜ਼ਬੂਤ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਲਗਾਤਾਰ ਮੋਹਿਤ ਕਰ ਰਿਹਾ ਹੈ। ਇਸ ਸ਼ੋਅ ਵਿੱਚ ਨੀਲ (ਅਭਿਸ਼ੇਕ ਮਲਿਕ) ਅਤੇ ਰਿਧੀ (ਸਿਮਰਨ ਕੌਰ) ਦੇ ਵਿਆਹ ਤੋਂ ਬਾਅਦ, ਕਹਾਣੀ ਨੇ ਇੱਕ ਨਵਾਂ ਮੋੜ ਲੈ ਲਿਆ ਹੈ ਜਿੱਥੇ ਨੀਲ ਚੋਟਵਾਨੀ ਪਰਿਵਾਰ ਦਾ ਘਰ ਜਮਾਈ ਬਣਨ ਲਈ ਤਿਆਰ ਹੈ, ਪਰ ਕੰਚਨ (ਪਾਪੀਆ ਸੇਨਗੁਪਤਾ) ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਅਤੇ ਨੀਲ ਲਈ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਪੈਦਾ ਕਰ ਰਹੀ ਹੈ।
ਅਗਲੇ ਐਪੀਸੋਡਾਂ ਵਿੱਚ ਕੰਚਨ, ਨੀਲ ਨੂੰ ਬੇਇੱਜ਼ਤ ਕਰਨ ਲਈ ਆਪਣਾ ਸਭ ਤੋਂ ਵੱਡਾ ਹਥਿਆਰ ਵਰਤਦੀ ਹੈ। ਉਹ ਨੀਲ ਨੂੰ ਚੁਣੌਤੀ ਦਿੰਦੀ ਹੈ ਕਿ ਜੇ ਉਹ ਘਰ ਜਮਾਈ ਬਣ ਗਿਆ ਹੈ ਤਾਂ ਉਸ ਨੂੰ ਸਾੜ੍ਹੀ ਵੀ ਪਹਿਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ! ਉਸ ਨੂੰ ਲੱਗਦਾ ਹੈ ਕਿ ਨੀਲ ਸਾਰਿਆਂ ਦੇ ਸਾਹਮਣੇ ਘਬਰਾ ਜਾਵੇਗਾ, ਸ਼ਰਮਿੰਦਾ ਹੋ ਜਾਵੇਗਾ। ਪਰ ਨੀਲ ਖੇਡ ਨੂੰ ਬਦਲਣ ਵਿੱਚ ਮਾਹਰ ਹੈ! ਉਹ ਆਪਣੇ ਹੀ ਅੰਦਾਜ਼ ਵਿੱਚ ਆਪਣਾ ਅਪਮਾਨ ਕਰਨ ਦੀ ਸਾਜ਼ਿਸ਼ ਦਾ ਜਵਾਬ ਦਿੰਦਾ ਹੈ। ਉਹ ਲਾਲ ਸਾੜ੍ਹੀ ਨੂੰ ਰਵਾਇਤੀ ਪਹਿਰਾਵੇ ਵਿੱਚ ਬਦਲਦਾ ਹੈ ਅਤੇ ਇਸ ਨੂੰ ਧੋਤੀ ਵਾਂਗ ਇਸ ਤਰ੍ਹਾਂ ਪਹਿਨਦਾ ਹੈ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ! ਜਿਸਦਾ ਮਜ਼ਾਕ ਉਡਾਉਣ ਲਈ ਇਹ ਯੋਜਨਾ ਬਣਾਈ ਗਈ ਸੀ, ਉਹ ਇੱਕ ਸ਼ਕਤੀਸ਼ਾਲੀ ਫੈਸ਼ਨ ਸਟੇਟਮੈਂਟ ਵਿੱਚ ਬਦਲ ਜਾਂਦਾ ਹੈ। ਇੱਕ ਵਾਰ ਫਿਰ ਨੀਲ ਸਾਬਤ ਕਰਦਾ ਹੈ ਕਿ ਉਹ ਹਮੇਸ਼ਾ ਇੱਕ ਕਦਮ ਅੱਗੇ ਰਹਿੰਦਾ ਹੈ! ਇੰਨਾ ਹੀ ਨਹੀਂ, ਅਭਿਸ਼ੇਕ ਮਲਿਕ ਖ਼ੁਦ ਵੀ ਇਸ ਦ੍ਰਿਸ਼ ਨੂੰ ਫਿਲਮਾਉਣ ਲਈ ਬਹੁਤ ਉਤਸ਼ਾਹਿਤ ਸੀ। ਉਸ ਨੇ ਸਾੜ੍ਹੀ ਤੋਂ ਧੋਤੀ ਵਿੱਚ ਇਸ ਤਬਦੀਲੀ ਨੂੰ ਨੀਲ ਦੇ ਆਤਮਵਿਸ਼ਵਾਸ ਅਤੇ ਸਵੈਗ ਦਾ ਸਭ ਤੋਂ ਸ਼ਾਨਦਾਰ ਪਲ ਦੱਸਿਆ।
ਅਭਿਸ਼ੇਕ ਮਲਿਕ ਨੇ ਕਿਹਾ, ‘‘ਇਹ ਮੇਰੇ ਲਈ ਬਿਲਕੁਲ ਨਵਾਂ ਅਨੁਭਵ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਲਾਲ ਸਾੜ੍ਹੀ ਪਹਿਨਾਂਗਾ - ਉਹ ਵੀ ਧੋਤੀ ਵਿੱਚ ਬਦਲਣ ਤੋਂ ਬਾਅਦ! ਜਦੋਂ ਮੈਂ ਇਸ ਨੂੰ ਪਹਿਨਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੈਂ ਆਪਣੇ ਆਪ ’ਤੇ ਹੱਸ ਰਿਹਾ ਸੀ, ਪਰ ਜਦੋਂ ਮੈਂ ਆਖਰੀ ਦਿੱਖ ਦੇਖੀ ਤਾਂ ਮੈਂ ਹੈਰਾਨ ਰਹਿ ਗਿਆ। ਸੱਚ ਕਹਾਂ ਤਾਂ ਇਹ ਭਾਰਤੀ ਟੈਲੀਵਿਜ਼ਨ ’ਤੇ ਕੁਝ ਵੱਖਰਾ ਕਰਨ ਦਾ ਵਧੀਆ ਮੌਕਾ ਸੀ। ਸੈੱਟ ’ਤੇ ਇਸ ਸੀਨ ਨੂੰ ਸ਼ੂਟ ਕਰਨਾ ਬਹੁਤ ਮਜ਼ੇਦਾਰ ਸੀ। ਮੇਰੀ ਟੀਮ ਹੱਸ ਰਹੀ ਸੀ, ਪਰ ਅੰਤ ਵਿੱਚ ਜੋ ਦਿੱਖ ਸਾਹਮਣੇ ਆਈ ਉਹ ਦੇਖਣ ਯੋਗ ਸੀ। ਨੀਲ ਦਾ ਕਿਰਦਾਰ ਮੈਨੂੰ ਹਰ ਵਾਰ ਕੁਝ ਨਵਾਂ ਕਰਨ ਦਾ ਮੌਕਾ ਦਿੰਦਾ ਹੈ ਅਤੇ ਇਹੀ ਮੈਨੂੰ ਇਸ ਬਾਰੇ ਸਭ ਤੋਂ ਵੱਧ ਪਸੰਦ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਵਿਲੱਖਣ ਪਲ ਦਾ ਓਨਾ ਹੀ ਆਨੰਦ ਲੈਣਗੇ, ਜਿੰਨਾ ਮੈਨੂੰ ਇਸ ਨੂੰ ਪੇਸ਼ ਕਰਨ ਵਿੱਚ ਆਇਆ!”
ਹੌਰਰ ਨੂੰ ਮਿਲਿਆ ਨਵਾਂ ਚਿਹਰਾ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਆਪਣਾ ਡਰਾਉਣਾ ਸ਼ੋਅ ‘ਆਮੀ ਡਾਕਿਨੀ’ ਲੈ ਕੇ ਆ ਰਿਹਾ। ਇਸ ਦਾ ਪ੍ਰਸਾਰਣ 24 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਹ ਰੁਮਾਂਚਕ ਸ਼ੋਅ ਰਹੱਸ, ਡਰਾਮਾ ਅਤੇ ਡਰਾਉਣੇ ਅਲੌਕਿਕ ਤੱਤਾਂ ਨਾਲ ਭਰੀ ਇੱਕ ਦਿਲਚਸਪ ਕਹਾਣੀ ਪੇਸ਼ ਕਰਕੇ ਕਹਾਣੀ ਸੁਣਾਉਣ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਵਾਅਦਾ ਕਰਦਾ ਹੈ।
ਖੂਬਸੂਰਤ ਅਤੇ ਰਹੱਸਮਈ ਕੋਲਕਾਤਾ ਦੇ ਪਿਛੋਕੜ ਵਿੱਚ ‘ਆਮੀ ਡਾਕਿਨੀ’ ਪਿਆਰ, ਦਰਦ ਅਤੇ ਬਦਲੇ ਦੀ ਸ਼ਕਤੀਸ਼ਾਲੀ ਅਤੇ ਰਹੱਸ ਭਰੀ ਕਹਾਣੀ ਨੂੰ ਦਿਖਾਏਗਾ। ਇਸ ਰਹੱਸਮਈ ਅਤੇ ਡਰਾਉਣੇ ਸ਼ੋਅ ਵਿੱਚ ਅਭਿਨੇਤਰੀ ਸ਼ੀਨ ਦਾਸ ‘ਡਾਕਿਨੀ’ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਸ਼ੋਅ ਦੀ ਕਹਾਣੀ ‘ਡਾਕਿਨੀ’ ਦੇ ਭਾਵਨਾਤਮਕ ਅਤੇ ਮਨੋਵਿਗਿਆਨਕ ਸੰਘਰਸ਼ ਨੂੰ ਦਰਸਾਉਂਦੀ ਹੈ। ਡਾਕਿਨੀ ਇੱਕ ਅਜਿਹੀ ਔਰਤ ਹੈ ਜਿਸ ਦੀ ਆਤਮਾ ਦਹਾਕਿਆਂ ਤੋਂ ਜ਼ਿੰਦਗੀ ਅਤੇ ਮੌਤ ਵਿਚਕਾਰ ਫਸੀ ਹੋਈ ਹੈ। ਗਹਿਰੇ ਦੁੱਖ, ਅਧੂਰੇ ਪਿਆਰ ਅਤੇ ਬੇਇਨਸਾਫ਼ੀ ਨਾਲ ਲੱਦੀ ਹੋਈ ਉਹ ਆਪਣੇ ਗੁਆਚੇ ਪਤੀ ਦੀ ਭਾਲ ਵਿੱਚ ਇਸ ਦੁਨੀਆ ਵਿੱਚ ਵਾਪਸ ਆਉਂਦੀ ਹੈ। ਉਸ ਦੀ ਖੋਜ ਦੀ ਯਾਤਰਾ ਡਰ ਅਤੇ ਭੈਅ ਨਾਲ ਭਰੀ ਹੋਵੇਗੀ।
ਸ਼ੀਨ ਦਾਸ ਆਪਣੇ ਉਤਸ਼ਾਹ ਨੂੰ ਪ੍ਰਗਟਾਉਂਦੇ ਹੋਏ ਕਹਿੰਦੀ ਹੈ, ‘‘ਇਸ ਸ਼ੋਅ ਬਾਰੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਡਰ, ਰਹੱਸ ਅਤੇ ਮਨੁੱਖੀ ਭਾਵਨਾਵਾਂ ਦਾ ਇੱਕ ਵਿਲੱਖਣ ਸੁਮੇਲ ਹੈ। ਮੈਂ ਇਸ ਸ਼ੋਅ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਹ ਡਰਾਉਣੀ ਸ਼ੈਲੀ ਵਿੱਚ ਕੁਝ ਨਵਾਂ ਲਿਆਉਂਦਾ ਹੈ। ਡਾਕਿਨੀ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਇੱਕ ਚੁਣੌਤੀ ਹੈ ਕਿਉਂਕਿ ਉਹ ਭੂਤ ਵਰਗੀ ਨਹੀਂ ਹੈ। ਉਸ ਦੀ ਇੱਕ ਕਹਾਣੀ ਹੈ, ਇੱਕ ਅਤੀਤ ਹੈ। ਇਸ ਕਿਰਦਾਰ ਨੂੰ ਨਿਭਾਉਣ ਲਈ ਮੈਨੂੰ ਬਹੁਤ ਅਧਿਐਨ ਅਤੇ ਸਿਖਲਾਈ ਲੈਣੀ ਪਈ। ਉਹ ਕੋਈ ਅਜਿਹੀ ਰੂਹ ਨਹੀਂ ਹੈ ਜੋ ਸਿਰਫ਼ ਬਦਲਾ ਲੈਂਦੀ ਹੈ, ਪਰ ਉਸ ਦੀਆਂ ਭਾਵਨਾਵਾਂ ਉਸ ਦੇ ਪਿਛਲੇ ਸੰਘਰਸ਼ਾਂ ਅਤੇ ਬੇਇਨਸਾਫ਼ੀਆਂ ਨਾਲ ਜੁੜੀਆਂ ਹੋਈਆਂ ਹਨ। ਇਸ ਇੱਕ ਕਿਰਦਾਰ ਵਿੱਚ ਇੰਨੀ ਗਹਿਰਾਈ ਅਤੇ ਭਾਵਨਾ ਹੈ ਕਿ ਮੈਂ ਇਸ ਦੇ ਪ੍ਰਸਾਰਣ ਨੂੰ ਬੇਸਬਰੀ ਨਾਲ ਉਡੀਕ ਰਹੀ ਹਾਂ।’’