For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਛੋਟੇ ਪੱਧਰ ’ਤੇ ਆਰਗੈਨਿਕ ਕਣਕ ਦੀ ਕਾਸ਼ਤ

07:32 AM Nov 30, 2024 IST
ਪੰਜਾਬ ਵਿੱਚ ਛੋਟੇ ਪੱਧਰ ’ਤੇ ਆਰਗੈਨਿਕ ਕਣਕ ਦੀ ਕਾਸ਼ਤ
Advertisement

ਬ੍ਰਿਸ਼ ਭਾਨ ਬੁਜਰਕ

Advertisement

ਪੰਜਾਬ ਦੇ ਕਿਸਾਨਾਂ ਵੱਲੋਂ ਕਣਕ ਨੂੰ ਮੁੱਖ ਫ਼ਸਲ ਵਜੋਂ ਮੰਨਿਆ ਜਾਦਾ ਹੈ ਕਿਉਂਕਿ ਇਹ ਫ਼ਸਲ ਕਿਸਾਨਾਂ ਦੇ ਪਸ਼ੂਆਂ ਤੋਂ ਲੈ ਕੇ ਘਰੇਲੂ ਖਾਣ ਦਾ ਕੰਮ ਆਉਂਦੀ ਹੈ ਅਤੇ ਦੁਨੀਆਂ ਭਰ ਵਿੱਚ ਕਣਕ ਤੋਂ ਬਹੁਤ ਸਾਰੇ ਉਤਪਾਦ ਬਣਾ ਕੇ ਵੇਚੇ ਜਾਂਦੇ ਹਨ। ਜਿਵੇਂ ਕਿ ਬਰੈਡ, ਰਸ, ਡਬਲਰੋਟੀ ਅਤੇ ਹੋਰ ਬਹੁਤ ਸਾਰੇ ਖਾਧ ਪਦਾਰਥ ਅਜਿਹੇ ਹਨ ਜਿਹੜੇ ਕਣਕ ਤੋਂ ਤਿਆਰ ਹੁੰਦੇ ਹਨ। ਹੁਣ ਕਣਕ ਦੀ ਫ਼ਸਲ ਦੀਆਂ ਕਈ ਕਿਸਮਾਂ, ਹਰਿਆਣਾ, ਰਾਜਸਥਾਨ, ਯੂਪੀ, ਮਹਾਂਰਾਸ਼ਟਰ ਆਦਿ ਵਰਗੇ ਕਈ ਹੋਰ ਸੂਬਿਆਂ ਵਿੱਚ ਵੀ ਪੈਦਾ ਹੋ ਰਹੀਆਂ ਹਨ। ਪਰ ਕਣਕ ਦੀ ਬਿਜਾਈ ਲਈ ਕਿਸਮਾਂ ਦੀ ਚੋਣ ਅਤੇ ਘੱਟ ਖ਼ਰਚ ਨਾਲ ਫ਼ਸਲ ਨੂੰ ਪਕਾਉਣ ਜਾਂ ਨਦੀਨਾਂ ਦੀ ਰੋਕਥਾਮ ਬਿਨਾਂ ਜ਼ਹਿਰਾਂ ਤੋਂ ਕਰਨ ਅਤੇ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਆਰਗੈਨਿਕ ਕਣਕ ਦੀ ਕਾਸ਼ਤ ਕਰਨ ਵਰਗੇ ਕਈ ਮਸਲੇ ਕਾਸ਼ਤਕਾਰ ਕਿਸਾਨਾਂ ਅਤੇ ਲੋਕਾਂ ਦੇ ਸਾਹਮਣੇ ਖੜ੍ਹੇ ਹਨ। ਹੁਣ ਕੁਝ ਕੁ ਪਰਿਵਾਰਾਂ ਕੋਲ ਮੱਧ ਪ੍ਰਦੇਸ਼ (ਐੱਮਪੀ) ਦੀ ਬਿਨਾਂ ਖਾਦਾਂ ਅਤੇ ਸਪਰੇਆਂ ਵਾਲੀ ਕਣਕ ਪਹੁੰਚ ਰਹੀ ਹੈ। ਇਸ ਨੂੰ ਉਹ ਮਹਿੰਗੇ ਭਾਅ ’ਤੇ ਖ਼ਰੀਦ ਵੀ ਰਹੇ ਹਨ ਪਰ ਪੰਜਾਬ ਦੇ ਕਿਸਾਨਾਂ ਨੂੰ ਕੋਈ ਵੀ ਅਜਿਹੀ ਖੇਤੀ ਕਰਨ ਵੱਲ ਪ੍ਰੇਰਿਤ ਨਹੀਂ ਕਰ ਰਿਹਾ ਕਿ ਪੰਜਾਬ ਵਿੱਚ ਆਪਣੇ ਅਤੇ ਗੁਆਂਢੀਆਂ ਦੀ ਜਾਂ ਆਪਣੇ ਆੜ੍ਹਤੀਏ ਦੀ ਲੋੜ ਪੂਰੀ ਕਰਨ ਵਾਸਤੇ 2/4 ਏਕੜ ਕਣਕ ਪੰਜਾਬ ਵਿੱਚ ਹੀ ਬੀਜ ਲਈ ਜਾਵੇ ਸਗੋਂ ਇੱਥੇ ਐੱਮਪੀ ਦੀ ਆਰਗੈਨਿਕ ਕਣਕ ਕਹਿ ਕੇ ਵੇਚੀ ਜਾ ਰਹੀ ਹੈ। ਇਸ ਲੇਖ ਵਿੱਚ ਕਣਕ ਸਬੰਧੀ ਅਜਿਹੀਆਂ ਹੀ ਸਮੱਸਿਆਵਾਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ।

Advertisement

ਕਣਕ ਦੀ ਬਿਜਾਈ:

ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਣਕ ਦੀ ਬਿਜਾਈ ਤਕਰੀਬਨ ਨਵੰਬਰ ਮਹੀਨੇ ਦੀ ਪਹਿਲੇ ਹਫ਼ਤੇ ਤੋਂ ਲੈ ਕੇ ਅਖ਼ੀਰਲੇ ਹਫ਼ਤੇ ਤੱਕ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੋਣ ਵਾਲੀ ਕਣਕ ਦੀ ਬਿਜਾਈ ਨੂੰ ਪਛੇਤੀ ਹੀ ਮੰਨਿਆ ਜਾਂਦਾ ਹੈ। ਆਮ ਤੌਰ ’ਤੇ ਪਿੰਡਾਂ ਵਿੱਚ ਦੀਵਾਲੀ ਵਾਲੇ ਦਿਨ ਕਾਫ਼ੀ ਹੱਦ ਤੱਕ ਕਣਕ ਦੀ ਬਿਜਾਈ ਦਾ ਕੰਮ ਨਿੱਬੜ ਜਾਂਦਾ ਸੀ ਪਰ ਸਾਲ 2022 ਦੀ ਦੀਵਾਲੀ ਅਕਤੂਬਰ ਦੇ ਅਖ਼ੀਰਲੇ ਹਫ਼ਤੇ ਹੀ ਆ ਰਹੀ ਹੈ। ਇਸ ਕਰ ਕੇ ਬਿਜਾਈ ਦੀ ਕੇਂਦਰ ਬਿੰਦੂ ਦੀਵਾਲੀ ਨੂੰ ਨਹੀਂ ਮੰਨਿਆ ਜਾ ਸਕਦਾ। ਹੁਣ ਤੋਂ ਚਾਰ ਦਹਾਕੇ ਪਿੱਛੇ ਵਾਲੀ ਕਣਕ ਦੀ ਬਿਜਾਈ ਅਤੇ ਮੌਜੂਦਾ ਦੌਰ ਵਾਲੀ ਬਿਜਾਈ ਵਿੱਚ ਜ਼ਮੀਨ/ਅਸਮਾਨ ਦਾ ਫ਼ਰਕ ਹੈ। ਪਹਿਲਾਂ ਬਲਦਾਂ ਦੇ ਪਿੱਛੇ ਬੋਰ ਵਾਲਾ ਹਲ ਜੋੜ ਕੇ ਇੱਕ ਬੰਦਾ ਬੋਰ ਵਿੱਚੋਂ ਖਾਦ ਪਾਉਂਦਾ ਸੀ ਅਤੇ ਦੂਜਾ ਉਸ ਦੇ ਪਿੱਛੇ ਬਣਨ ਵਾਲੀਆਂ ਖੁੱਡਾਂ ਵਿੱਚ ਕਣਕ ਦਾਣੇ ਕੇਰਦਾ ਸੀ। ਇਸ ਤਰ੍ਹਾਂ ਦੀ ਬਿਜਾਈ ਨਾਲ ਇੱਕ ਦਿਨ ਵਿੱਚ 2/3 ਏਕੜ ਹੀ ਬੀਜੇ ਜਾਂਦੇ ਸਨ ਅਤੇ ਬਾਅਦ ਵਿੱਚ ਬੀਜੀ ਹੋਈ ਕਣਕ ’ਤੇ ਸੁਹਾਗੀ ਮਾਰ ਕੇ 2/3 ਦਿਨਾਂ ਬਾਅਦ ਵੱਟਾਂ ਪਾ ਕੇ ਕਣਕ ਨੂੰ ਪਾਣੀ ਦੇਣ ਦਾ ਪ੍ਰਬੰਧ ਕੀਤਾ ਜਾਂਦਾ ਸੀ। ਫਿਰ ਤਿੰਨ ਚਾਰ ਫਾਲਿਆਂ ਵਾਲੀ ਕਣਕ ਬੀਜਣੀ ਮਸ਼ੀਨ ਆ ਗਈ। ਇਸ ਨਾਲ ਖਾਦ ਅਤੇ ਕਣਕ ਇਕੱਠੀ ਹੀ ਜ਼ਮੀਨ ਵਿੱਚ ਕੇਰ ਦਿੱਤੀ ਜਾਂਦੀ ਸੀ। ਹੁਣ ਮਸ਼ੀਨਰੀ ਦਾ ਯੁੱਗ ਹੋਣ ਕਰ ਕੇ ਟਰੈਕਟਰ ਪਿੱਛੇ ਕਣਕ ਬੀਜਣੀ ਡਰਿੱਲ ਪਾ ਕੇ ਇੱਕ ਦਿਨ ਵਿੱਚ 12/13 ਏਕੜ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਦੀ ਪਰਖ:

ਕਣਕ ਦੇ ਬੀਜ ਦਾ ਫੁਟਾਰਾ ਦੇਖਣ ਲਈ ਦੋ ਤਿੰਨ ਆਸਾਨ ਜਿਹੇ ਤਰੀਕੇ ਲੱਭੇ ਗਏ ਹਨ। ਪਹਿਲਾ ਤਰੀਕਾ ਤਾਂ ਇਹ ਹੈ ਕਿ ਜਿਹੜੀ ਕਣਕ ਦਾ ਬੀਜ ਕਿਸਾਨ ਬੀਜਣਾ ਚਾਹੁੰਦਾ ਹੈ, ਉਸ ਕਣਕ ਦੇ 100 ਕੁ ਦਾਣੇ 40 ਕਿਲੋ ਵਿੱਚੋਂ (ਛਾਂਟ ਕੇ ਨਹੀਂ) ਅੰਦਾਜ਼ੇ ਨਾਲ ਲੈ ਲਵੋ ਅਤੇ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਿੱਚ ਇੱਕ ਹਫ਼ਤਾ ਪਹਿਲਾਂ ਬੀਜੋ ਅਤੇ ਫਿਰ ਉਨ੍ਹਾਂ ਦੇ ਫੁਟਾਰੇ ਵਾਲੇ ਬੀਜਾਂ ਦੀ ਗਿਣਤੀ ਕਰੋ। ਜੇ 100 ਵਿੱਚੋਂ 95 ਬੀਜ ਉੱਗ ਆਏ ਹਨ ਤਾਂ ਤੁਹਾਡਾ ਕਣਕ ਦਾ ਬੀਜ ਸਫ਼ਲ ਹੈ। ਜੇ ਉੱਗਣ ਵਾਲੇ ਬੀਜਾਂ ਦੀ ਮਾਤਰਾ 65/70 ਹੈ ਤਾਂ ਤੁਹਾਡੇ ਕਣਕ ਦੇ ਬੀਜ ਦਾ ਫੁਟਾਰਾ ਬਹੁਤਾ ਹੋਣ ਵਾਲਾ ਨਹੀਂ ਹੈ। ਕਿਤੇ ਨਾ ਕਿਤੇ ਦੁਸਹਿਰਾ ਮਨਾਉਣ ਪਿੱਛੇ ਵੀ ਸਾਡੇ ਬਜ਼ੁਰਗਾਂ ਦੀ ਅਜਿਹੀ ਹੀ ਕਾਢ ਕੰਮ ਕਰ ਰਹੀ ਸੀ ਕਿਉਕਿ ਬਰਾਨੀ ਧਰਤੀ ਹੋਣ ਕਰ ਕੇ ਜੌ ਦੇ ਬੀਜਾਂ ਦਾ ਛਿੱਟਾ ਹੀ ਦਿੱਤਾ ਜਾਂਦਾ ਸੀ। ਥੋੜ੍ਹੀ ਜਿਹੀ ਬਰਸਾਤ ਹੋਣ ਨਾਲ ਵੀ ਬੀਜ ਵਿੱਚ ਤਾਕਤ ਹੋਣ ਕਰ ਕੇ ਟਿੱਬਿਆਂ ਵਿੱਚ ਫ਼ਸਲ ਹੋ ਜਾਂਦੀ ਸੀ ਪਰ ਪੰਜਾਬ ਵਿੱਚ ਜੌਆਂ ਦੀ ਫ਼ਸਲ ਦੀ ਕਾਸ਼ਤ ਖ਼ਤਮ ਹੋਣ ਤੋਂ ਬਾਅਦ ਵੀ ਅਸੀਂ ਦਸਹਿਰੇ ਦੇ ਰੂਪ ਵਿੱਚ ਜੌਂ ਬੀਜਣ ਦਾ ਤਜਰਬਾ ਕਰ ਰਹੇ ਹਾਂ। ਕਿਸਾਨ ਵੀਰ ਕਣਕ ਦੇ ਬੀਜ ਦੀ ਪਰਖ ਦਸਹਿਰੇ ਦੇ ਰੂਪ ਵਿੱਚ ਵੀ ਕਰ ਸਕਦੇ ਹਨ। ਉਨ੍ਹਾਂ ਸਮਿਆਂ ਵਿੱਚ ਕਣਕ ਦੀ ਫ਼ਸਲ ਕਿਤੇ ਵੀ ਨਹੀਂ ਸੀ ਸਗੋਂ ਜੌਆਂ ਦੀ ਬਿਜਾਈ ਹੁੰਦੀ ਸੀ। ਇਸ ਕਰ ਕੇ ਦਸਹਿਰੇ ਦੇ ਰੂਪ ਵਿੱਚ ਜੌਂ ਦੇ ਬੀਜ ਦਾ ਫੁਟਾਰਾ ਦੇਖਿਆ ਜਾਂਦਾ ਸੀ। 7 ਜਾਂ 11 ਭਾਂਡਿਆਂ ਵਿੱਚ ਜੌ ਬੀਜਣ ਦਾ ਮਤਲਬ ਵੀ ਇਹ ਹੀ ਸੀ। ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਜਿੰਨੇ ਏਕੜ ਵਿੱਚ ਬੀਜ ਪਾਉਣਾ ਹੋਵੇ, ਓਨੇ ਹੀ ਏਕੜ ਦੇ ਹਿਸਾਬ ਨਾਲ ਭਾਂਡਿਆਂ ਜਾਂ ਕਿਆਰੀਆਂ ਵਿੱਚ ਬੀਜ ਦੀ ਪਰਖ ਕਰਨੀ ਪਵੇਗੀ। ਇਸ ਤਰ੍ਹਾਂ ਜੌਂ ਅਤੇ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਸ਼ੁੱਧ ਅਤੇ ਵਧੀਆ ਬੀਜ ਦੇ ਕਿਸਾਨ ਸਸਤੇ ਅਤੇ ਸੌਖੇ ਢੰਗ ਨਾਲ ਪਰਖ ਕਰ ਸਕਦੇ ਹਨ।

ਜ਼ਮੀਨ ਦੀ ਮਿੱਟੀ ਪਰਖ:

ਖੇਤ ਵਿੱਚ ਕੋਈ ਵੀ ਫ਼ਸਲ ਬੀਜਣੀ ਹੋਵੇ ਤਾਂ ਸਾਲ ਵਿੱਚ ਇੱਕ ਵਾਰੀ ਮਿੱਟੀ ਪਰਖ ਜ਼ਰੂਰ ਕਰਵਾਓ ਕਿਉਂਕਿ ਮਿੱਟੀ ਪਰਖ ਕਰਵਾਉਣ ਨਾਲ ਬੇਲੋੜੀਆਂ ਖਾਦਾਂ ਅਤੇ ਹੋਰ ਤੱਤਾਂ ਨੂੰ ਜ਼ਮੀਨ ਵਿੱਚ ਪਾਉਣ ਤੋਂ ਬਚਾਅ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਪੈਸੇ ਦੀ ਬੱਚਤ ਹੁੰਦੀ ਹੈ ਦੂਜੀ ਜ਼ਮੀਨ ਦੀ ਸਿਹਤ ਵੀ ਬਣੀ ਰਹਿੰਦੀ ਹੈ। ਕਈ ਵਾਰ ਜ਼ਮੀਨ ਵਿੱਚ ਛੋਟੇ/ਵੱਡੇ ਅਜਿਹੇ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਕਈ ਕਈ ਸਾਲ ਤੱਕ ਪਾਉਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਪਰ ਅਸੀਂ ਬਿਨਾਂ ਜ਼ਰੂਰਤ ਤੋਂ ਹਰ ਸਾਲ ਦੁਕਾਨਦਾਰ ਦੇ ਕਹਿਣ ’ਤੇ ਪਾ ਦਿੰਦੇ ਹਾਂ। ਇਸੇ ਤਰ੍ਹਾਂ ਹੀ ਖਾਦਾਂ ਦੀ ਗੱਲ ਆਉਂਦੀ ਹੈ ਕਈ ਵਾਰ ਝੋਨੇ ਤੋਂ ਬਾਅਦ ਕਣਕ ਜਾਂ ਕਣਕ ਤੋਂ ਬਾਅਦ ਝੋਨੇ ਦੀ ਫ਼ਸਲ ਵਿੱਚ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ। ਜਿਹੜੀਆਂ ਜ਼ਮੀਨਾਂ ਵਿੱਚ ਫਲੀਆਂ ਵਾਲੀਆਂ ਜਾਂ ਬਰਸੀਮ ਬਗੈਰਾ ਦੀ ਬਿਜਾਈ ਕੀਤੀ ਹੁੰਦੀ ਹੈ, ਉੱਥੇ ਨਾਈਟ੍ਰੋਜਨ ਦੀ ਬਹੁਤ ਘੱਟ ਜ਼ਰੂਰਤ ਪੈਦੀ ਹੈ। ਖੇਤ ਦੀ ਮਿੱਟੀ ਪਰਖ ਕਰਵਾਉਣ ਸਮੇਂ ਕਦੇ ਵੀ ਖੇਤ ਦੀਆਂ ਵੱਟਾਂ ਕੋਲੋਂ ਮਿੱਟੀ ਦੇ ਨਮੂਨੇ ਨਾ ਭਰੋ ਕਿਉਂਕਿ ਵੱਟਾਂ ਕੋਲ ਪਸ਼ੂਆਂ ਦੀ ਚਰਾਂਦ ਹੋਣ ਕਰ ਕੇ ਖਾਦ ਬਗੈਰਾ ਪਈ ਰਹਿੰਦੀ ਹੈ। ਇਸ ਕਰ ਕੇ ਮਿੱਟੀ ਦੇ ਨਮੂਨੇ ਘੱਟੋ-ਘੱਟ ਚਾਰ ਥਾਵਾਂ ਤੋਂ ਜ਼ਮੀਨ ਦੀ ਫ਼ਸਲ ਜਿੰਨੀ ਡੂੰਘਾਈ ਤੋਂ ਲਏ ਜਾਣ ਅਤੇ ਚਾਰੇ ਥਾਵਾਂ ਦੀ ਮਿੱਟੀ ਨੂੰ ਆਪਸ ਵਿੱਚ ਮਿਲਾ ਕੇ ਉਸ ਵਿੱਚੋਂ ਥੋੜ੍ਹੀ ਜਿਹੀ ਮਿੱਟੀ ਦਾ ਨਮੂਨਾ ਲੈ ਕੇ ਜਾਓ ਅਤੇ ਮਿੱਟੀ ਪਰਖ ਦੇ ਮੁਤਾਬਕ ਖਾਦਾਂ ਅਤੇ ਹੋਰ ਲੋੜੀਦੇ ਤੱਤਾਂ ਦੀ ਵਰਤੋਂ ਕਰੋ।

ਪਾਣੀ ਅਤੇ ਖਾਦ:

ਕਣਕ ਦੀ ਬਜਾਈ ਕਰਨ ਸਮੇਂ ਪ੍ਰਤੀ ਏਕੜ 40 ਕਿਲੋ ਬੀਜ ਅਤੇ ਇੱਕ ਥੈਲਾ ਡੀਏਪੀ ਖਾਦ ਪਾਇਆ ਜਾਂਦਾ ਹੈ। ਉਸ ਤੋਂ 26/30 ਦਿਨਾਂ ਬਾਅਦ ਪਹਿਲਾ ਪਾਣੀ ਲਗਾਇਆ ਜਾਂਦਾ ਹੈ ਅਤੇ ਇੱਕ ਥੈਲਾ ਯੂਰੀਆ ਖਾਦ ਪਾਈ ਜਾਂਦੀ ਹੈ। ਪਾਣੀ ਲਗਾਉਣ ਦਾ ਇਹ ਸਮਾਂ ਮੌਸਮ ਅਤੇ ਜ਼ਮੀਨ ਮੁਤਾਬਕ ਬਦਲਿਆ ਵੀ ਜਾ ਸਕਦਾ ਹੈ। ਪਾਣੀ ਲਗਾਉਣ ਤੋਂ ਬਾਅਦ ਜ਼ਮੀਨ ਵੱਤਰ ਹੋ ਜਾਣ ’ਤੇ ਨਦੀਨ-ਨਾਸ਼ਕ ਤੇ ਇੱਕ ਥੈਲਾ ਯੂਰੀਆ ਖਾਦ ਦਾ ਇੱਕ ਥੈਲਾ ਦੂਜੇ ਪਾਣੀ ਨਾਲ ਪਾਇਆ ਜਾਂਦਾ ਹੈ। ਹੁਣ ਨਵੀਆਂ ਖੋਜਾਂ ਹੋਣ ਕਰ ਕੇ ਸਪਰੇਅ ਵਾਲਾ ਯੂਰੀਆ ਵੀ ਆ ਰਿਹਾ ਹੈ। ਇਸ ਦਾ ਫ਼ਸਲ ’ਤੇ ਸਪਰੇਅ ਕੀਤਾ ਜਾ ਸਕਦਾ ਹੈ ਅਤੇ ਖ਼ਰਚਾ ਵੀ ਬਹੁਤ ਘੱਟ ਆਉਂਦਾ ਹੈ। ਜੇ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਵਾਹੀ ਹੋਵੇ ਤਾਂ ਇੱਕ ਹੈਕਟੇਅਰ ਵਿੱਚ ਅੰਦਾਜ਼ਨ 30 ਕਿਲੋ ਨਾਈਟ੍ਰੋਜਨ, 13 ਕਿਲੋ ਫਾਸਫੋਰਸ, 30 ਕਿਲੋ ਪੋਟਾਸ਼, 6 ਕਿਲੋ ਸਲਫਰ, 2400 ਕਿਲੋ ਕਾਰਬਨ ਤਿਆਰ ਹੋ ਜਾਂਦੇ ਹਨ। ਜ਼ਮੀਨੀ ਪੱਧਰ ਵਿੱਤੇ ਤਜਰਬਾ ਕਰਨ ਵਾਲੇ ਕਿਸਾਨਾਂ ਦਾ ਮੰਨਣਾ ਹੈ ਕਿ ਪਰਾਲੀ ਜ਼ਮੀਨ ਵਿੱਚ ਗਾਲਣ ਜਾਂ ਰੱਖਣ ਤੋਂ ਬਾਅਦ ਵੀ ਖਾਦ ਆਮ ਨਾਲੋਂ ਜ਼ਿਆਦਾ ਪਾਉਣੀ ਪੈਂਦੀ ਹੈ ਅਤੇ ਜ਼ੀਰੋ ਡਰਿੱਲ ਰਾਹੀਂ ਕਣਕ ਦੀ ਕੀਤੀ ਗਈ ਬਿਜਾਈ ਕਾਰਨ ਜ਼ਮੀਨ ਵਿੱਚ ਪਰਾਲੀ ਜ਼ਿਆਦਾ ਹੋਣ ਕਰ ਕੇ ਕਣਕ ਦੇ ਖੇਤ ਵਿੱਚ ਚੂਹੇ ਖੁੱਡਾਂ ਬਣਾ ਲੈਂਦੇ ਹਨ। ਇਸ ਕਰ ਕੇ ਕਣਕ ਦੇ ਬੀਜ ਦਾ ਨੁਕਸਾਨ ਹੁੰਦਾ ਹੈ।

ਨਦੀਨਾਂ ਦੀ ਮਾਰ ਅਤੇ ਬਚਾਅ:

ਕਣਕ ਦੀ ਫ਼ਸਲ ਵਿੱਚ ਨਦੀਨ ਬਹੁਤ ਵੱਡੀ ਗਿਣਤੀ ਵਿੱਚ ਹੋ ਜਾਂਦੇ ਹਨ। ਇਨ੍ਹਾਂ ਵਿੱਚ ਗੁੱਲੀ ਡੰਡਾ, ਚੌੜੇ ਪੱਤਿਆਂ ਵਾਲਾ ਪਾਲਕ, ਖੰਡਾ, ਬੂਈ ਆਦਿ ਵਰਗੇ ਨਦੀਨ ਸ਼ਾਮਲ ਹਨ। ਹੋ ਸਕਦਾ ਹੈ ਕਿ ਕੁਝ ਇਲਾਕਿਆਂ ਵਿੱਚ ਇਨ੍ਹਾਂ ਨਦੀਨਾਂ ਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੋਵੇ। ਇਨ੍ਹਾਂ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਦਵਾਈਆਂ ਮਿਲਦੀਆਂ ਹਨ ਪਰ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਕੀੜੇਮਾਰ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਦੇ ਕਹਿਣ ਮੁਤਾਬਕ ਦਵਾਈ ਦਾ ਛਿੜਕਾਅ ਨਾ ਕਰਨ ਕਿਉਂਕਿ ਜ਼ਿਆਦਾਤਰ ਦੁਕਾਨਦਾਰ ਕੰਪਨੀਆਂ ਵੱਲੋਂ ਵੱਧ ਮੁਨਾਫ਼ਾ ਦੇਣ ਵਾਲੇ ਉਤਪਾਦ ਵੇਚਦੇ ਹਨ। ਵਿਗਿਆਨ ਦਾ ਯੁੱਗ ਹੋਣ ਕਰ ਕੇ ਤੁਸੀਂ ਫ਼ਸਲ ਵਿੱਚ ਉੱਗੇ ਹੋਏ ਨਦੀਨਾਂ ਦੀ ਫੋਟੋ ਆਪਣੇ ਮੋਬਾਈਲ ਵਿੱਚ ਖਿੱਚ ਕਰ ਕੇ ਲੋੜੀਂਦੀ ਦਵਾਈ ਦਾ ਪਤਾ ਕਰ ਸਕਦੇ ਹੋ ਜਾਂ ਫਿਰ ਖੇਤੀ ਦੇ ਮਾਹਿਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ।

ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ:

ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਜ਼ਿਆਦਾਤਰ ਬਿਮਾਰੀਆਂ ਦਾ ਕਾਰਨ ਕੁਦਰਤੀ ਨਹੀਂ ਹੈ ਸਗੋਂ ਬਹੁਤ ਸਾਰੀਆਂ ਬਿਮਾਰੀਆਂ ਮਨੁੱਖ ਨੇ ਖ਼ੁਦ ਪੈਦਾ ਕੀਤੀਆਂ ਹਨ। ਇਨ੍ਹਾਂ ਨੂੰ ਬਿਨਾਂ ਖਾਦ ਅਤੇ ਸਪਰੇਆਂ ਤੋਂ ਅਨਾਜ ਪੈਦਾ ਕਰ ਕੇ ਕੁਝ ਹੱਦ ਤੱਕ ਦੂਰ ਕੀਤਾ ਜਾ ਸਕਦਾ। ਜੇ ਕਣਕ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਵਪਾਰਕ ਤੌਰ ’ਤੇ ਫ਼ਸਲ ਨਹੀਂ ਬੀਜਣੀ ਚਾਹੁੰਦਾ ਤਾਂ ਆਪਣੇ ਪਰਿਵਾਰ ਦੇ ਖਾਣ ਵਾਸਤੇ 1/2 ਏਕੜ ਆਰਗੈਨਿਕ ਕਣਕ ਦੀ ਬਿਜਾਈ ਕਰ ਸਕਦਾ ਹੈ। ਇਸ ਦਾ ਝਾੜ ਜ਼ਿਆਦਾ ਨਾ ਸਹੀ ਪਰ ਉਸ ਦੇ ਪਰਿਵਾਰ ਦੇ ਖਾਣ ਵਾਸਤੇ ਪੈਦਾ ਹੋ ਸਕਦੀ ਹੈ। ਕਣਕ ਦੀ ਬਿਜਾਈ ਤੋਂ ਪਹਿਲਾਂ 4 ਟਰਾਲੀਆਂ ਰੂੜੀ ਪ੍ਰਤੀ ਏਕੜ ਪਾਈ ਜਾ ਸਕਦੀ ਹੈ। ਪਰ ਰੂੜੀ ਦਾ ਖਾਦ 2/3 ਤਿੰਨ ਸਾਲ ਪੁਰਾਣੀ ਹੋਣੀ ਚਾਹੀਦੀ ਹੈ। ਪਸ਼ੂਆਂ ਦੇ ਗੋਹੇ ਨੂੰ ਖਾਦ ਨਹੀਂ ਮੰਨਿਆ ਜਾ ਸਕਦਾ। ਸਗੋਂ 2 ਤੋਂ 3 ਸਾਲ ਡੂੰਘੇ ਟੋਏ ਵਿੱਚ ਦੱਬੇ ਪਏ ਮਲ ਮੂਤਰ ਨੂੰ ਰੂੜੀ ਦਾ ਖਾਦ ਕਿਹਾ ਜਾ ਸਕਦਾ ਹੈ ਜਾਂ ਫਿਰ ਆਰਗੈਨਿਕ ਜੀਵਾਣੂ ਖਾਦ ਵੀ ਪਾ ਸਕਦੇ ਹੋ। ਗੁੜ ਨੂੰ 10 ਦਿਨਾਂ ਤੱਕ ਪਾਣੀ ਵਿੱਚ ਰੱਖਣ ਤੋਂ ਬਾਅਦ ਫ਼ਸਲ ’ਤੇ ਉਸ ਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਿਸਾਨ ਆਰਗੈਨਿਕ ਕਣਕ ਦੀ ਫ਼ਸਲ ਵੀ ਪੈਦਾ ਕਰ ਸਕਦੇ ਹਨ।

ਘਰੇਲੂ ਪੱਧਰ ’ਤੇ ਕਣਕ ਦਾ ਬੀਜ ਰੱਖਣਾ:

ਦੇਸ਼ ਦੇ ਜ਼ਿਆਦਾਤਰ ਕਿਸਾਨ ਹਰ ਫ਼ਸਲ, ਫੁੱਲ, ਸਬਜ਼ੀਆਂ ਆਦਿ ਦੇ ਬੀਜ ਲੈਣ ਲਈ ਬੀਜ ਕੰਪਨੀਆਂ ’ਤੇ ਨਿਰਭਰ ਹੋ ਚੁੱਕੇ ਹਨ ਜਦੋਂਕਿ ਕਿਸਾਨ ਘਰੇਲੂ ਪੱਧਰ ’ਤੇ ਆਪਣੀ ਫ਼ਸਲ ਦਾ ਬੀਜ ਰੱਖ ਸਕਦੇ ਹਨ। ਜਦੋਂ ਬਾਜ਼ਾਰ ਵਿੱਚ ਬੀਜ ਕੰਪਨੀਆਂ ਦਾ ਕਬਜ਼ਾ ਨਹੀਂ ਸੀ, ਉਸ ਵੇਲੇ ਕਿਸਾਨ ਹਰ ਫ਼ਸਲ ਦਾ ਬੀਜ ਖ਼ੁਦ ਰੱਖਦੇ ਸਨ। ਬੀਜ ਕੰਪਨੀਆਂ ਕੋਲੋਂ ਖ਼ਰੀਦਿਆ ਗਿਆ ਬੀਜ ਵੀ ਕਿਸਾਨ ਦੇ ਖੇਤ ਵਿੱਚੋਂ ਹੀ ਪੈਦਾ ਹੋ ਕੇ ਆਉਂਦਾ ਹੈ ਪਰ ਹੁਣ ਸਾਡੇ ਦੇਸ਼ ਦਾ ਕਿਸਾਨ ਮਿਹਨਤ ਕਰਨੀ ਛੱਡ ਗਿਆ ਹੈ। ਕੰਪਨੀਆਂ ਵੱਲੋਂ ਦਿੱਤਾ ਜਾਂਦਾ ਬੀਜ ਮਸ਼ੀਨਾਂ ਰਾਹੀਂ ਗਰੇਡ ਕੀਤਾ ਜਾਂਦਾ ਹੈ। ਤਿੰਨ ਜਾਂ ਚਾਰ ਨੰਬਰ ਵਾਲੀ ਮਸ਼ੀਨ ਦੇ ਬੀਜ ਦੀ ਪੈਕਿੰਗ ਕਰ ਦਿੱਤੀ ਜਾਂਦੀ ਹੈ। ਕਿਸਾਨ ਵੀ ਆਪਣੇ ਖੇਤ ਵਿੱਚੋਂ ਸਭ ਤੋਂ ਵਧੀਆ ਫ਼ਸਲ ਵਾਲਾ ਖੇਤ ਚੁਣ ਕੇ ਉਸ ਦਾ ਬੀਜ ਰੱਖ ਸਕਦੇ ਹਨ। ਕਣਕ ਦੀ ਜਾਂ ਹੋਰ ਕਿਸੇ ਵੀ ਫ਼ਸਲ ਲਈ ਜ਼ਿਆਦਾ ਜਾਣਕਾਰੀ ਲੈਣ ਲਈ ਖੇਤੀ ਮਾਹਿਰਾਂ ਨਾਲ ਵੀ ਸੰਪਰਕ ਕਰ ਸਕਦੇ ਹੋ।
ਸੰਪਰਕ: 98761-01698

Advertisement
Author Image

joginder kumar

View all posts

Advertisement