ਨਿੱਕੀਆਂ ਜਿੰਦਾਂ ਵੱਡੇ ਸਾਕੇ
ਡਾ. ਅਮਨਦੀਪ ਸਿੰਘ ਟੱਲੇਵਾਲੀਆ
‘ਸਾਕਾ ਸਰਹਿੰਦ’ ਦਾ ਅੱਖਰ-ਅੱਖਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ੁਲਮ ਸਾਹਮਣੇ ਸੀਸ ਝੁਕਾਉਣਾ ਅਣਖੀ ਲੋਕਾਂ ਦਾ ਕੰਮ ਨਹੀਂ ਅਤੇ ਨਾਲ ਹੀ ਇਹ ਸਾਕਾ ਇਸ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਕੋਈ ਮੌਤ ‘ਸੁੱਤੇ ਹੋਏ ਲੋਕਾਂ ਨੂੰ ਜਗਾਉਣ ਲਈ’ ਜਾਂ ‘ਜ਼ੁਲਮ ਰਾਜ ਦੇ ਤਖਤਾਂ-ਤਾਜਾਂ ਨੂੰ ਹਿਲਾਉਣ ਲਈ ਹੋਈ ਹੋਵੇ’ ਤਾਂ ਮੌਤ ਨੂੰ ਤੇ ਉਮਰ ਨੂੰ ਮਾਪਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ।
‘ਸਾਕਾ ਸਰਹਿੰਦ’ ਕਿਉਂ ਵਾਪਰਿਆ? ਆਨੰਦਪੁਰ ਸਾਹਿਬ ਦੀ ਲੜਾਈ ਜੋ ਇਤਿਹਾਸਕਾਰਾਂ ਅਨੁਸਾਰ ਮਈ 1704 ਈ: (ਸੰਮਤ 1761) ਨੂੰ ਸ਼ੁਰੂ ਹੋਈ ਸੀ, ਲਗਾਤਾਰ ਸੱਤ ਮਹੀਨੇ ਚੱਲਦੀ ਰਹੀ। ਕਿਲ੍ਹੇ ਦੇ ਅੰਦਰ ਸਿੰਘਾਂ ਕੋਲ ਰਾਸ਼ਨ ਪਾਣੀ ਮੁੱਕ ਗਿਆ ਅਤੇ ਉਧਰ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਵੀ ਹੋਰ ਬਹੁਤਾ ਚਿਰ ਲੜਨ ਦੇ ਸਮਰੱਥ ਨਹੀਂ ਸਨ। ਇਸ ਕਰਕੇ ਉਨ੍ਹਾਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਜੀ ਕੋਲੋਂ ਆਨੰਦਪੁਰ ਦਾ ਕਿਲ੍ਹਾ ਖਾਲੀ ਕਰਵਾ ਲਿਆ ਅਤੇ ਕਿਹਾ ਕਿ ਉਹ ਮੁੜ ਕੇ ਵਾਰ ਨਹੀਂ ਕਰਨਗੇ ਪਰ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਇਹ ਲੋਕ ਕਦੇ ਵੀ ਆਪਣੀ ਆਖੀ ਗੱਲ ਤੋਂ ਮੁਕਰ ਸਕਦੇ ਹਨ। ਇਸ ਦੇ ਬਾਵਜੂਦ ਮਾਤਾ ਗੁਜਰੀ ਜੀ ਅਤੇ ਕੁੱਝ ਸਿੰਘਾਂ ਦੇ ਕਹਿਣ ’ਤੇ ਗੁਰੂ ਜੀ ਨੇ ਕਿਲ੍ਹਾ ਛੱਡ ਦਿੱਤਾ ਅਤੇ ਰੋਪੜ ਦੇ ਇਲਾਕੇ ਵੱਲ ਵਧਣਾ ਸ਼ੁਰੂ ਕਰ ਦਿੱਤਾ। ਹਾਲੇ ਗੁਰੂ ਜੀ ਦਾ ਵਹੀਰ ਸਰਸਾ ਨਦੀ ਕੰਢੇ ਹੀ ਪਹੁੰਚਿਆ ਸੀ ਕਿ ਪਿੱਛੋਂ ਆ ਰਹੀ ਦੁਸ਼ਮਣ ਦੀ ਫੌਜ ਨੇ ਮੁੜ ਹਮਲਾ ਕਰ ਦਿੱਤਾ। ਸਰਸਾ ਨਦੀ ਵਿੱਚ ਉਸ ਵੇਲੇ ਹੜ੍ਹ ਆਇਆ ਹੋਇਆ ਸੀ। ਇਸ ਸਥਾਨ ’ਤੇ ਲਹੂ ਡੋਲਵੀਂ ਟੱਕਰ ਸ਼ੁਰੂ ਹੋਈ। ਬਹੁਤ ਕੀਮਤੀ ਇਤਿਹਾਸ ਸਰਸਾ ਨਦੀ ਵਿੱਚ ਰੁੜ ਗਿਆ। ਇਸੇ ਹੀ ਸਥਾਨ ’ਤੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਵੱਡੇ ਸਾਹਿਬਜ਼ਾਦੇ, ਪਿਤਾ ਗੁਰੂ ਗੋਬਿੰਦ ਸਿੰਘ ਜੀ ਸਮੇਤ ਕੁੱਝ ਸਿੰਘਾਂ ਦੇ ਨਾਲ ਚਮਕੌਰ ਵੱਲ ਨੂੰ ਚਲੇ ਗਏ ਜਦਕਿ ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਂ ਗੁਜਰੀ ਜੀ ਇਕੱਲੇ ਰਹਿ ਗਏ। ਪੋਹ ਦੀ ਰੁੱਤ, ਕਹਿਰਾਂ ਦੀ ਸਰਦੀ ਦੋ ਛੋਟੇ ਛੋਟੇ ਬਾਲ ਦਾਦੀ ਦੀ ਉਂਗਲੀ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦੇ ਔਕੜਾਂ ਭਰੇ ਸਫ਼ਰ ਨੂੰ ਤਹਿ ਕਰ ਰਹੇ ਸਨ। ਇੰਝ ਤੁਰਦੇ-ਤੁਰਦੇ ਉਹ ਗੁਰੂ ਘਰ ਦੇ ਰਸੋਈਏ ਗੰਗੂ ਦੇ ਪਿੰਡ ਸਹੇੜੀ ਜਾ ਪਹੁੰਚੇ। ਉਹ ਬੱਚਿਆਂ ਅਤੇ ਦਾਦੀ ਜੀ ਨੂੰ ਆਪਣੇ ਘਰੇ ਲੈ ਗਿਆ। ਦਾਦੀ ਜੀ ਕੋਲ ਕੁੱਝ ਗਹਿਣੇ ਅਤੇ ਕੁੱਝ ਪੈਸੇ ਸਨ। ਬੱਸ ਇਨ੍ਹਾਂ ਗਹਿਣਿਆਂ ਦੀ ਚਮਕ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਅਤੇ ਉਹ ਇਨ੍ਹਾਂ ਕੀਮਤੀ ਵਸਤਾਂ ਨੂੰ ਹਾਸਲ ਕਰਨ ਲਈ ਹੀਰਿਆਂ ਤੋਂ ਵੀ ਸੋਹਣੇ ਛੋਟੇ ਬੱਚਿਆਂ ਦੀ ਮੌਤ ਦਾ ਕਾਰਨ ਬਣਿਆ।
ਸਹੇੜੀ ਦੇ ਚੌਧਰੀ ਅਤੇ ਗੰਗੂ ਨੇ ਇਸ ਗੱਲ ਦੀ ਇਤਲਾਹ ਮੋਰਿੰਡੇ ਦੇ ਰੰਘੜ ਨੂੰ ਦਿੱਤੀ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਅਤੇ ਮਾਤਾ ਨੂੰ ਵਜ਼ੀਰ ਖਾਨ ਕੋਲ ਫੜਾ ਕੇ ਵੱਡਾ ਇਨਾਮ ਜਿੱਤਣਾ ਚਾਹੁੰਦੇ ਸਨ। ਇਸ ਤਰ੍ਹਾਂ ਉਨ੍ਹਾਂ ਤਿੰਨਾਂ ਨੇ ਮਿਲ ਕੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦਾ ਬੰਦੀ ਬਣਾ ਦਿੱਤਾ। ਸਾਹਿਬਜ਼ਾਦਿਆਂ ਨੂੰ ਅਤੇ ਦਾਦੀ ਜੀ ਨੂੰ ਇੱਕ ਰਾਤ ਠੰਢੇ ਬੁਰਜ ਵਿੱਚ ਰੱਖਿਆ ਗਿਆ। ਪੋਹ ਦੀ ਠੰਡੀ ਹਵਾ ਕਲੇਜਿਆਂ ਨੂੰ ਚੀਰ ਕੇ ਲੰਘ ਰਹੀ ਸੀ ਪਰ ਸਿਦਕ ਦੇ ਪੱਕੇ ਸ਼ਹੀਦ ਦਾਦੇ ਦੇ ਪੋਤੇ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਦਾ ਆਨੰਦ ਮਾਣ ਰਹੇ ਸਨ। 24 ਦਸੰਬਰ 1704 ਈ: ਦਾ ਦਿਨ ਚੜ੍ਹਿਆ, ਠੰਡੇ ਬੁਰਜ ਵਿੱਚੋਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀ ਆਏ। ਇਸ ਸਥਿਤੀ ਦਾ ਜ਼ਿਕਰ ਅੱਲ੍ਹਾ ਯਾਰ ਖਾਂ ਜੋਗੀ ‘ਸ਼ਹੀਦਾਨਿ ਵਫ਼ਾ’ ਵਿੱਚ ਇਸ ਤਰ੍ਹਾਂ ਕਰਦਾ ਹੈ:
ਜਾਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰੂੰ ਜਰਾ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ,
ਮਰਨ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ।
ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ, ਸੂਰਮਿਆਂ ਨੇ ਕਚਿਹਰੀ ਵਿੱਚ ਖਲੋ ਕੇ, ਗੱਜ ਕੇ ਫਤਹਿ ਬੁਲਾਈ। ਇਹ ਦੇਖ ਕੇ ਸੂਬਾ ਕੰਬ ਉੱਠਿਆ। ਕਹਿੰਦੇ ਹਨ ਜਿਸ ਦਰਵਾਜ਼ੇ ਰਾਹੀਂ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਲਿਆਂਦਾ ਗਿਆ ਉਹ ਬਹੁਤ ਨੀਵਾਂ ਸੀ ਤਾਂ ਕਿ ਜਦੋਂ ਉਹ ਅੰਦਰ ਵੜਣ ਤਾਂ ਉਨ੍ਹਾਂ ਦੀ ਨੀਵੀਂ ਪੈ ਜਾਵੇ ਪਰ ਅਣਖ ਨਾਲ ਜਿਉਣ ਵਾਲੇ ਸੂਰਮਿਆਂ ਦੀ ਧੌਣ ਕਾਇਰਾਂ ਸਾਹਮਣੇ ਨਹੀਂ ਝੁਕ ਸਕਦੀ।
ਸੂਬੇ ਨੇ ਸਾਹਿਬਜ਼ਾਦਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ। ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੋਰਿੰਡੇ ਦੇ ਇੱਕ ਅਹਿਲਕਾਰ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਅਤੇ ਭਰਾ ਚਮਕੌਰ ਦੀ ਜੰਗ ਵਿੱਚ ਮਾਰੇ ਗਏ ਹਨ। ਇਸ ਕਰਕੇ ਉਨ੍ਹਾਂ ਦਾ ਕੋਈ ਆਸਰਾ ਨਹੀਂ ਰਿਹਾ। ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਵਜ਼ੀਰ ਖਾਨ ਉਨ੍ਹਾਂ ਦੀ ਰੱਖਿਆ ਕਰ ਸਕਦਾ ਹੈ। ਸੂਰਜ ਪ੍ਰਕਾਸ਼ ਅਨੁਸਾਰ:
ਸਾਹਿਬਜ਼ਾਦਿਓ ਪਿਤਾ ਤੁਹਾਰਾ ਗਢ ਚਮਕੌਰ ਘੇਰ ਗਹਿ ਮਾਰਾ।
ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ ਸੰਗੀ ਸਿੰਘ ਸਕਲ ਸੋ ਮਾਰੇ।
ਅੱਗੋਂ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ:
ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ ਜਗ ਮਹਿੰ ਕੋਨ ਸਕੇ ਤਿੰਹ ਮਾਰਾ।
ਜਿੰਮ ਆਕਾਸ਼ ਕੋ ਕਿਆ ਕੋਈ ਮਾਰਹਿ ਕੌਨ ਅੰਧੇਰੀ ਕੋ ਨਿਰਵਾਰਹਿ।
ਸੂਬੇ ਦੀ ਗੱਲ ਸੁਣ ਕੇ ਸਾਹਿਬਜ਼ਾਦਿਆਂ ਨੇ ਜੁਆਬ ਦਿੱਤਾ ਕਿ ਉਨ੍ਹਾਂ ਨੂੰ ਤਾਂ ਅਕਾਲ ਪੁਰਖ ਦੇ ਆਸਰੇ ਦੀ ਲੋੜ ਹੈ। ਹੋਰ ਕੋਈ ਆਸਰੇ ਦੀ ਲੋੜ ਨਹੀਂ। ਸੂਬੇ ਨੂੰ ਜਦੋਂ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਸ ਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਢੇ ਬੁਰਜ ਵਿੱਚ ਰੱਖਣ ਦਾ ਹੁਕਮ ਕੀਤਾ। ਭੁੱਖੇ ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰ ਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਵੀ ਲੈ ਕੇ ਬੁਰਜ ਵਿੱਚ ਪਹੁੰਚਿਆ। ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਬਾਬਾ ਮੋਤੀ ਰਾਮ ਮਹਿਰਾ ਦਾ ਧੰਨਵਾਦ ਕੀਤਾ:
ਪਿਖ ਕੇ ਪ੍ਰੇਮ ਸੂ ਮੋਤੀ ਕੇਰਾ,
ਮਾਤਾ ਕਹਯੋ ਭਲਾ ਹੋਵੈ ਤੇਰਾ।
ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਦੇ ਮੁੱਖ ਚੁੰਮੇ ਅਤੇ ਉਨ੍ਹਾਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਕੇ ਗੱਜ ਕੇ ਫ਼ਤਹਿ ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਮੁੜ ਇਸ ਨੂੰ ਠੁਕਰਾ ਦਿੱਤਾ। ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇ ਤਾਂ ਉਹ ਕੀ ਕਰਨਗੇ। ਉਨ੍ਹਾਂ ਜਵਾਬ ਦਿੱਤਾ ਕਿ ਉਹ ਆਪਣੇ ਪਿਤਾ ਵਾਂਗ ਸ਼ੇਰਾਂ ਦੀ ਫੌਜ ਤਿਆਰ ਕਰਨਗੇ ਅਤੇ ਉਸ (ਵਜ਼ੀਰ ਖਾਨ) ਵਰਗੇ ਗਿੱਦੜਾਂ ਦੇ ਤਖ਼ਤ-ਤਾਜ਼ ਹਿਲਾ ਕੇ ਰੱਖ ਦੇਣਗੇ। ਸੂਬੇ ਨੇ ਆਪਣੀ ਹਾਰ ਲੁਕਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ। ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਬਾਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਇਹ ਉਹ ਕੁਲਿਹਣੀ ਘੜੀ ਸੀ ਜਿਸ ਨੂੰ ਸੁਣ ਕੇ ਧਰਤੀ ਕੰਬੀ, ਅਸਮਾਨ ਡੋਲਿਆ, ਪੱਥਰ ਮੋਮ ਵਾਂਗ ਪਿਘਲ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਅਰਸ਼ਾਂ ’ਚੋਂ ਖੂਨ ਦੇ ਅੱਥਰੂ ਵਹਾਏ। ਜਿਸ ਸਮੇਂ ਇਹ ਫ਼ੈਸਲਾ ਸੁਣਾਇਆ ਗਿਆ ਉਸ ਵੇਲੇ ਮਾਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ। ਉਹ ਉਠ ਖਲੋਤਾ ਅਤੇ ‘ਹਾਅ ਦਾ ਨਾਅਰਾ’ ਮਾਰਿਆ। ਉਸ ਨੇ ਕਿਹਾ ਕਿ ਬੱਚਿਆਂ ’ਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ। ਇਸਲਾਮ ਇਸ ਪਾਪ ਦੀ ਮਨਜ਼ੂਰੀ ਨਹੀਂ ਦਿੰਦਾ। ਇਸ ਹਾਅ ਦੇ ਨਾਅਰੇ ਨੂੰ ਸੁਣ ਕੇ ਵਜ਼ੀਰ ਖਾਨ ਦਾ ਮਨ ਕੁੱਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, ‘‘ਵਜ਼ੀਰ ਖਾਨ ਇਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ ਕਿਉਂਕਿ ਦੁਸ਼ਮਣ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ।’’ ਬੱਸ ਫਿਰ ਕੀ ਸੀ ਉਹ ਅੰਤਿਮ ਘੜੀ ਆ ਗਈ। ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਹਾਲੇ ਕੰਧ ਛਾਤੀ ਤੱਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਧੜੰਮ ਡਿੱਗ ਪਿਆ। ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿੱਚ ਆ ਗਏ।
ਕੁੱਝ ਇਤਿਹਾਸਕਾਰਾਂ ਅਨੁਸਾਰ ਤੀਜੀ ਪੇਸ਼ੀ 26 ਦਸੰਬਰ ਨੂੰ ਅਤੇ ਕੁੱਝ ਮੁਤਾਬਿਕ 27 ਦਸੰਬਰ 1704 ਈ. ਨੂੰ ਹੋਈ। ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਗਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ ਅਤੇ ਸੂਬੇ ਨੇ ਬੱਚਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਦਿੱਤਾ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਉਹ ਕਿਹੜੀ ਅੱਖ ਸੀ ਜਿਹੜੀ ਇਸ ਗੱਲ ਨੂੰ ਸੁਣ ਕੇ ਨਾ ਰੋਈ ਹੋਵੇ। ਇਸ ਬਾਰੇ ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਲਿਖਦੇ ਹਨ:
ਸ਼ਾਸ਼ਲ ਬੇਗ ਅਰ ਬਾਸ਼ਲ ਬੇਗ।
ਉਭੈ ਜਲਾਦਨ ਖਿਚ ਕੈ ਤੇਗ।
ਤਿਸਹੀ ਠਉਰ ਖਰਿਓ ਕੈ ਸੀਸ।
ਤੁਰਤ ਉਤਾਰੇ ਦੁਸ਼ਟੈਂ ਰੀਸ।
ਤੇਰਾਂ ਪੋਹ ਥਾ ਮੰਗਲਵਾਰ।
ਮਚਿਓ ਸ਼ਹਿਰ ਮੇਂ ਹਾਹਾਕਾਰ।
ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸਪੱਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿੱਚ ਦਮ ਘੁੱਟਣ ਕਰ ਕੇ ਨਹੀਂ ਹੋਈ ਸਗੋਂ ਉਨ੍ਹਾਂ ਦੇ ਸਿਰ ਕਲਮ ਕੀਤੇ ਗਏ। ਇਸ ਦੁਖ਼ਦਾਈ ਖ਼ਬਰ ਦਾ ਪਤਾ ਜਦੋਂ ਮਾਤਾ ਗੁਜਰੀ ਜੀ ਨੂੰ ਲੱਗਿਆ ਤਾਂ ਉਨ੍ਹਾਂ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਵੀ ਜੋਤੀ ਜੋਤ ਸਮਾ ਗਏ। ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮਾਤਾ ਗੁਜਰੀ ਜੀ ਨੂੰ ਬੁਰਜ ਤੋਂ ਧੱਕਾ ਦੇ ਦਿੱਤਾ ਗਿਆ ਸੀ। ਪਰ ਇਹ ਗੱਲਾਂ ਇਤਿਹਾਸਕ ਪੱਖ ’ਤੇ ਖਰੀਆਂ ਨਹੀਂ ਉਤਰਦੀਆਂ। ਮਾਤਾ ਜੀ ਬਿਰਧ ਅਵਸਥਾ ਵਿੱਚ ਸਨ। ਤਿੰਨ-ਚਾਰ ਦਿਨਾਂ ਤੋਂ ਭੁੱਖਣ-ਭਾਣੇ ਠੰਢੇ ਬੁਰਜ ਵਿੱਚ ਕੈਦ ਸਨ। ਪੋਹ ਦੀ ਠੰਢੀ ਹਵਾ ਅਤੇ ਭੁੱਖ ਨੇ ਹੀ ਸਰੀਰ ਕਾਫ਼ੀ ਕਮਜ਼ੋਰ ਕਰ ਦਿੱਤਾ ਸੀ ਤੇ ਇਸੇ ਤਰ੍ਹਾਂ ਉਹ ਵੀ ਆਪਣਾ ਸਰੀਰ ਤਿਆਗ ਗਏ।
ਟੋਡਰ ਮੱਲ ਖੱਤਰੀ ਨੇ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਅਤੇ ਤਿੰਨਾਂ ਦੇਹਾਂ ਦਾ ਸਸਕਾਰ ਕਰ ਦਿੱਤਾ। ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 ਨੂੰ ਵਾਪਰਿਆ। ਭਾਵੇਂ ਵਜ਼ੀਰ ਖਾਨ ਨੇ ਦੋ ਚਮਕਦੇ ਹੀਰਿਆਂ ਨੂੰ ਬਿਨਾਂ ਕਸੂਰ ਤੋਂ ਮਿੱਟੀ ਵਿੱਚ ਰੋਲ ਦਿੱਤਾ ਪਰ ਉਹ ਸੂਰਮੇ ਤਾਂ ਅਮਰ ਹਨ। ਉਨ੍ਹਾਂ ਦੀ ਸ਼ਹੀਦੀ ਨੇ ‘ਬੰਦੇ’ ਵਰਗੇ ਵੈਰਾਗੀ ਸਾਧੂਆਂ ਦੇ ਮਨ ’ਤੇ ਅਜਿਹਾ ਅਸਰ ਕੀਤਾ ਕਿ ਜਿਹੜੇ ਡੇਰੇ ਦੇ ਆਲੇ ਦੁਆਲੇ ਖ਼ੂਨ ਦਾ ਛਿੱਟਾ ਡੁੱਲ੍ਹਿਆ ਵੀ ਬਰਦਾਸ਼ਤ ਨਹੀਂ ਸਨ ਕਰਦੇ, ਐਨੇ ਡੁੱਲ੍ਹੇ ਖੂਨ ਨੂੰ ਦੇਖ ਕੇ ਪਾਪੀ ਕੋਲੋਂ ਬਦਲਾ ਲੈਣ ਦੀ ਪੱਕੀ ਧਾਰ ਗਏ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
ਸੰਪਰਕ: 98146-99446