ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਖ ਮੰਤਰੀ ਦੀ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਨੂੰ ਮੱਠਾ ਹੁੰਗਾਰਾ

06:22 AM Oct 10, 2024 IST

ਹਰਜੀਤ ਸਿੰਘ
ਡੇਰਾਬਸੀ, 9 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਬਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਵੀ ਕੋਈ ਖ਼ਾਸ ਜਲਵਾ ਨਹੀਂ ਦਿਖਾ ਸਕੀ। ਹਲਕੇ ਵਿੱਚ ਸਿਰਫ਼ ਅੱਧੀ ਦਰਜਨ ਪਿੰਡਾਂ ਵਿੱਚ ਹੀ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਜਦਕਿ 8 ਪਿੰਡਾਂ ਵਿੱਚ ਨਾਮਜ਼ਦਗੀਆਂ ਰੱਦ ਹੋਣ ਕਾਰਨ ਬਿਨਾਂ ਮੁਕਾਬਲਾ ਸਰਪੰਚ ਜੇਤੂ ਐਲਾਨੇ ਗਏ ਹਨ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਆਪਣੇ ਜੱਦੀ ਪਿੰਡ ਬਾਕਰਪੁਰ ਵਿੱਚ ਸਰਬਸੰਮਤੀ ਨਹੀਂ ਹੋ ਸਕੀ। ਇੱਥੇ ਸਰਪੰਚੀ ਲਈ ਖੜ੍ਹੇ ਇੱਕ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਰੱਦ ਹੋਏ ਹਨ।
ਵੇਰਵਿਆਂ ਅਨੁਸਾਰ ਵਿਧਾਨ ਸਭਾ ਹਲਕਾ ਡੇਰਾਬਸੀ ਅਧੀਨ ਕੁੱਲ 101 ਪਿੰਡ ਆਉਂਦੇ ਹਨ। ਇਨ੍ਹਾਂ ਵਿੱਚੋਂ 93 ਪਿੰਡਾਂ ਵਿੱਚ ਪੰਚਾਇਤ ਚੋਣਾਂ ਹੋਣਗੀਆਂ। ਇਨ੍ਹਾਂ ਵਿੱਚੋਂ 23 ਪਿੰਡ ਅਨੁਸੂਚਿਤ ਜਾਤੀਆਂ ਲਈ ਅਤੇ 47 ਪਿੰਡ ਮਹਿਲਾਵਾਂ ਲਈ ਰਾਖਵੇਂ ਹਨ।
ਹਲਕੇ ਦੇ ਸਿਰਫ਼ 6 ਪਿੰਡਾਂ ਵਿੱਚ ਸਰਬਸੰਮਤੀ ਨਾਲ ਪੂਰੀ ਪੰਚਾਇਤਾਂ ਚੁਣੀਆਂ ਗਈਆਂ ਹਨ। ਇਨ੍ਹਾਂ ਵਿਚ ਬਹੋੜਾ ਤੋਂ ਗੁਰਦੀਪ ਕੌਰ, ਅੰਬਛਪਾ ਤੋਂ ਪਰਮਜੀਤ ਕੌਰ, ਜੰਡਲੀ ਤੋਂ ਬੇਅੰਤ ਕੌਰ, ਖੇੜੀ ਤੋਂ ਇਕਬਾਲ ਕੌਰ, ਮੋਰਠੀਕਰੀ ਤੋਂ ਹਰਮਨਜੋਤ ਕੌਰ ਤੇ ਕਕਰਾਲੀ ਤੋਂ ਰਿਤਿਕਾ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਹਨ। ਇਸੇ ਤਰ੍ਹਾਂ 8 ਪਿੰਡਾਂ ਵਿੱਚ ਨਾਮਜ਼ਦਗੀਆਂ ਰੱਦ ਹੋਣ ਕਾਰਨ ਬਿਨਾਂ ਮੁਕਾਬਲਾ ਸਰਪੰਚ ਜੇਤੂ ਐਲਾਨੇ ਗਏ ਹਨ। ਇਨ੍ਹਾਂ ਵਿਚ ਚਡਿਆਲਾ ਤੋਂ ਦਲਬੀਰ ਸਿੰਘ, ਫਤਹਿਪੁਰ ਜੱਟਾਂ ਤੋਂ ਗੁਰਵਿੰਦਰ ਸਿੰਘ, ਖੇੜੀ ਜੱਟਾਂ ਤੋਂ ਮਨਵੀਰ ਸਿੰਘ, ਤੋਫਾਂਪੁਰ ਤੋਂ ਸੁਨੀਤਾ, ਬਾਹਰ ਤੋਂ ਧਰਮਪਾਲ ਸਿੰਘ, ਹਿਮਾਂਯੂੰਪੁਰ ਤੋਂ ਦਲਬੀਰ ਸਿੰਘ, ਬੜਾਣਾ ਤੋਂ ਸਤਵਿੰਦਰ ਸਿੰਘ ਅਤੇ ਕੁਰਲੀ ਤੋਂ ਨਰਿੰਦਰ ਸਿੰਘ ਦਾ ਨਾਂ ਸ਼ਾਮਲ ਹੈ। ਕੁੱਲ 314 ਪੰਚਾਇਤ ਮੈਂਬਰ ਸਰਬਸੰਮਤੀ ਅਤੇ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ ਹਨ। ਖਾਲੀ ਵਾਰਡਾਂ ਦੀ ਗਿਣਤੀ 60 ਹੈ ਅਤੇ ਇੱਕ ਸੀਟ ਸਰਪੰਚ ਦੇ ਅਹੁਦੇ ਲਈ ਖਾਲੀ ਰਹਿ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ 8 ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਸਨ। ਇਨ੍ਹਾਂ ਨੂੰ ਵੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਪਤਾ ਚੱਲਿਆ ਹੈ ਕਿ ਇਨ੍ਹਾਂ ਪੰਚਾਇਤਾਂ ਨੂੰ ਸਰਕਾਰ ਵੱਲੋਂ ਫੁੱਟੀ ਕੌਡੀ ਵੀ ਨਹੀਂ ਦਿੱਤੀ ਗਈ। ਮੌਜੂਦਾ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟ ਦੇਣ ਦੇ ਐਲਾਨ ਦੇ ਬਾਵਜੂਦ ਲੋਕਾਂ ਉਤੇ ਕੋਈ ਖ਼ਾਸ ਅਸਰ ਨਹੀਂ ਹੋਇਆ।

Advertisement

ਵਿਰੋਧੀ ਧਿਰਾਂ ਵੱਲੋਂ ਸਰਕਾਰ ’ਤੇ ਵਧੀਕੀਆਂ ਦੇ ਦੋਸ਼

ਸਾਬਕਾ ਵਿਧਾਇਕ ਐਨਕੇ ਸ਼ਰਮਾ, ਕਾਂਗਰਸੀ ਆਗੂ ਦੀਪਇੰਦਰ ਢਿੱਲੋਂ, ਭਾਜਪਾ ਆਗੂ ਐੱਸਐੱਮਐੱਸ ਸੰਧੂ, ਮਨਪ੍ਰੀਤ ਸਿੰਘ ਬਨੀ ਸੰਧੂ ਸਣੇ ਹੋਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪੰਚਾਇਤੀ ਚੋਣਾਂ ਵਿੱਚ ਹਾਰ ਦੇ ਡਰੋਂ ਉਨ੍ਹਾਂ ਦੇ ਸਮਰਥਕਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਕੇ ਸ਼ਰ੍ਹੇਆਮ ਧੱਕੇਸ਼ਾਹੀ ਕੀਤੀ ਹੈ।

ਵਿਰੋਧੀਆਂ ਦੇ ਸਾਰੇ ਦੋਸ਼ ਬੇਬੁਨਿਆਦ: ਰੰਧਾਵਾ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਰੋਧੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਰਕਾਰ ਪੰਚਾਇਤੀ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਲੋਕਾਂ ਵੱਲੋਂ ਨਕਾਰੇ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਉਹ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।

Advertisement

ਪਾਰਦਰਸ਼ਤਾ ਨਾਲ ਹੋਣਗੀਆਂ ਚੋਣਾਂ: ਐੱਸਡੀਐੱਮ

ਐੱਸਡੀਐੱਮ ਡੇਰਾਬਸੀ ਅਮਿਤ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਾਰਦਰਸ਼ਤਾ ਨਾਲ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਚੋਣ ਪ੍ਰਕਿਰਿਆ ਨੂੰ ਪੂਰੇ ਅਮਨ-ਅਮਾਨ ਨਾਲ ਨੇਪਰੇ ਚਾੜਿ੍ਹਆ ਜਾਵੇਗਾ।

ਹਾਈ ਕੋਰਟ ਨੇ ਦਿੱਤੀ ਸਟੇਅ

ਸਾਬਕਾ ਵਿਧਾਇਕ ਐਨਕੇ ਸ਼ਰਮਾ ਨੇ ਦੱਸਿਆ ਕਿ ਨਾਮਜ਼ਦਗੀਆਂ ਰੱਦ ਹੋਣ ਵਾਲੇ ਪਿੰਡਾਂ ਸਬੰਧੀ ਹਾਈ ਕੋਰਟ ’ਚ ਦਾਖ਼ਲ ਕੀਤੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 14 ਤਰੀਕ ਨੂੰ ਜਵਾਬ ਮੰਗਿਆ ਹੈ।

Advertisement