ਝੋਨੇ ਦੀ ਸੁਸਤ ਖ਼ਰੀਦ: ਮੋਤੀ ਮਹਿਲ ਅੱਗੇ ਡਟੇ ਕਿਸਾਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਕਤੂਬਰ
ਝੋਨੇ ਦੀ ਖਰੀਦ ਸਬੰਧੀ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਕੋਠੀ ਅੱਗੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪਟਿਆਲਾ ਦੇ ਜਰਨਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਦੀ ਅਗਵਾਈ ਹੇਠ ਜਾਰੀ ਇਸ ਧਰਨੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧ ਰਹੀ ਹੈ ਪਰ ਕੇਂਦਰ ਤੇ ਪੰਜਾਬ ਸਰਕਾਰ ਕੁੰਭਕਰਨੀ ਦੀ ਨੀਂਦ ਸੁੱਤੀ ਪਈ ਹੈ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਮੰਡੀਆਂ ਵਿੱਚ ਠੇਢੇ ਵੱਜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਤੱਕ ਝੋਨੇ ਦੀ ਖ਼ਰੀਦ ਦੇ ਢੁੱਕਵੇਂ ਪ੍ਰਬੰਧ ਨਹੀਂ ਹੁੰਦੇ ਅਤੇ ਡੀਏਪੀ ਖਾਦ ਸਣੇ ਪਰਾਲੀ ਪ੍ਰਬੰਧਨ ਦਾ ਢੁੱਕਵਾਂ ਹੱਲ ਨਹੀਂ ਲੱਭਿਆ ਜਾਂਦਾ, ਉਦੋਂ ਤੱਕ ਟੌਲ ਪਲਾਜ਼ਿਆਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਸੰਘਰਸ਼ ਜਾਰੀ ਰਹੇਗਾ। ਧਰਨੇ ਨੂੰ ਜ਼ਿਲ੍ਹਾ ਸੰਗਠਨ ਸਕੱਤਰ ਬਲਰਾਜ ਜੋਸ਼ੀ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਇਸ ਮੌਕੇ ਬਲਾਕ ਆਗੂ ਹਰਦੀਪ ਡਰੌਲੀ, ਹਰਜਿੰਦਰ ਗੱਜੂਮਾਜਰਾ, ਬਲਜੀਤ ਸਿੰਘ ਕਾਲੇਮਾਜਰਾ, ਭਰਭੂਰ ਸਿੰਘ ਗਾਜੇਵਾਸ, ਭੁਪਿੰਦਰ ਸਿੰਘ ਕਲਬੁਰਸ਼ਾ ਤੋਂ ਇਲਾਵਾ ਪੈਪਸੀਕੋ ਵਰਕਰ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਗੱਜੁਮਜਰਾ ਨੇ ਵੀ ਸੰਬੋਧਨ ਕੀਤਾ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਅੱਜ ਤੀਜੇ ਦਿਨ ਵੀ ਇਥੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੀ ਕੋਠੀ ਅੱਗੇ ਰੋਸ ਧਰਨੇ ’ਤੇ ਡਟੇ ਰਹੇ ਅਤੇ ਕੇਂਦਰ ਤੇ ਰਾਜ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ’ਚ ਸੰਗਰੂਰ ਅਤੇ ਧੂਰੀ ਬਲਾਕ ਨਾਲ ਸਬੰਧਤ ਕਿਸਾਨ ਤੇ ਬੀਬੀਆਂ ਸ਼ਾਮਲ ਸਨ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਅਤੇ ਬਲਾਕ ਆਗੂ ਜਗਤਾਰ ਸਿੰਘ ਲੱਡੀ ਨੇ ਕਿਹਾ ਕਿ ਬਲਾਕ ਸੰਗਰੂਰ ਤੇ ਧੂਰੀ ਵੱਲੋਂ ਲਗਾਤਾਰ ਲੋਕਾਂ ਨੂੰ ਪਿੰਡਾਂ ਵਿਚ ਸਪੀਕਰ ਵਾਲੀਆਂ ਗੱਡੀਆਂ ਰਾਹੀਂ ਲਾਮਬੰਦ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਝੋਨੇ ਦੇ ਖਰੀਦ ਅਤੇ ਲਿਫਟਿੰਗ ਦੇ ਮਾੜੇ ਪ੍ਰਬੰਧਾਂ ਦਾ ਖਮਿਆਜ਼ਾ ਕਿਸਾਨ ਅਤੇ ਆੜਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਡੀਏਪੀ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰਾਂ ਵਲੋਂ ਲਾਪ੍ਰਵਾਹੀ ਵਰਤੀ ਗਈ ਹੈ ਜਿਸ ਕਾਰਨ ਹੀ ਅਜਿਹੇ ਹਾਲਾਤ ਪੈਦਾ ਹੋਏ ਹਨ ਅਤੇ ਕਿਸਾਨਾਂ ਨੂੰ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਰਿਕਾਰਡ ਵਿਚ ਰੈਡ ਐਂਟਰੀਆਂ ਪਾ ਕੇ ਕਿਸਾਨਾਂ ਨੂੰ ਧਮਕਾਉਣ ਦੀਆਂ ਵਿਊਂਤਾਂ ਬਣਾ ਰਹੀ ਹੈ। ਇਸਤੋਂ ਇਲਾਵਾ ਜੁਰਮਾਨਾ ਕਰਨ ਅਤੇ ਪੁਲੀਸ ਕੇਸ ਦਰਜ ਲਈ ਵੀ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੈਲਰਾਂ ਵਿਚੋਂ ਚਾਵਲ ਦਾ ਸਟਾਕ ਚੁਕਾਉਣ ਲਈ ਸਰਕਾਰਾਂ ਨੂੰ ਪਹਿਲਾਂ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸਨ ਤਾਂ ਜੋ ਝੋਨੇ ਦੀ ਲਵਾਈ ਲਈ ਸ਼ੈਲਰਾਂ ਵਿਚ ਲੋੜੀਂਦੀ ਸਪੇਸ ਹੁੰਦੀ ਪਰੰਤੂ ਸਰਕਾਰਾਂ ਵਲੋਂ ਲਾਪ੍ਰਵਾਹੀ ਵਰਤੀ ਗਈ ਜਿਸ ਕਾਰਨ ਝੋਨੇ ਦੇ ਸੀਜ਼ਨ ਦੌਰਾਨ ਅਜਿਹੀ ਸਮੱਸਿਆ ਦਾ ਕਿਸਾਨਾਂ, ਸ਼ੈਲਰ ਮਾਲਕਾਂ ਅਤੇ ਆੜਤੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਰਮਜੀਤ ਸਿੰਘ ਮੰਗਵਾਲ, ਬੂਟਾ ਸਿੰਘ, ਮਨਜੀਤ ਜਹਾਂਗੀਰ, ਹਰਮੇਲ ਸਿੰਘ ਲੋਹਾਖੇੜਾ, ਪ੍ਰਿਤਪਾਲ ਸਿੰਘ ਚੱਠੇ, ਹੈਪੀ ਸ਼ੇਰੋਂ, ਕਰਮਜੀਤ ਸਿੰਘ ਮੰਗਵਾਲ ਅਤੇ ਗੁਰਦੀਪ ਸਿੰਘ ਕੰਮੋਮਾਜਰਾ ਸ਼ਾਮਲ ਸਨ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਪੰਜਾਬ ਵਿੱਚ ਝੋਨੇ ਦੀ ਖਰੀਦ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੈਬਨਿਟ ਮੰਤਰੀਂ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਅੱਗੇ ਲਾਇਆ ਪੱਕਾ ਮੋਰਚਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ। ਹਾਜ਼ਰੀਨ ਕਿਸਾਨਾਂ ਨੇ ਰਾਜ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਾਣ-ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਰੁਲਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ। ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿੱਚ ਲੱਗੇ ਇਸ ਮੋਰਚੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਦਿਨ ਰਾਤ ਰੁਲ ਰਿਹਾ ਹੈ ਪਰ ਸਾਡੀਆਂ ਸਰਕਾਰਾਂ ਕੁੰਭ ਕਰਨ ਦੀ ਨੀਂਦ ਸੁੱਤੀਆਂ ਪਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਯਕੀਨੀ ਬਣਾਈ ਜਾਵੇ, ਡੀਏਪੀ ਖਾਦ ਦਾ ਪ੍ਰਬੰਧ ਅਤੇ ਪਰਾਲੀ ਦਾ ਯੋਗ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਸਦੇ ਨਾਲ ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸੰਘਰਸ਼ ਇਸੇ ਤਰ੍ਹਾਂ ਬਰਕਰਾਰ ਰਹੇਗਾ। ਅੱਜ ਦੇ ਧਰਨੇ ਨੂੰ ਦਰਬਾਰਾ ਸਿੰਘ ਛਾਜਲਾ, ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਨਕ ਕਣਕਵਾਲ, ਮਹਿੰਦਰ ਨਮੋਲ, ਮਨੀ ਸਿੰਘ ਭੈਣੀ, ਯਾਦਵਿੰਦਰ ਚੱਠੇ ਨਕਟੇ ,ਜੀਤ ਗੰਢੂਆਂ, ਜਸਵੀਰ ਕੌਰ, ਮਨਜੀਤ ਕੌਰ ਤੋਲਾਵਾਲ ਅਤੇ ਬਲਜੀਤ ਕੌਰ ਖਡਿਆਲ ਨੇ ਸੰਬੋਧਨ ਕੀਤਾ।
ਕਾਲਾਝਾੜ ਦਾ ਟੌਲ ਪਲਾਜ਼ਾ ਚੌਥੇ ਦਿਨ ਵੀ ਪਰਚੀ ਮੁਕਤ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਝੋਨੇ ਦੀ ਖਰੀਦ ਦੇ ਪ੍ਰਬੰਧਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਨੂੰ ਪਰਚੀ ਮੁਫ਼ਤ ਕਰਕੇ ਅੱਜ ਚੌਥੇ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਬਲਾਕ ਸਕੱਤਰ ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ ਅਤੇ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਅਤੇ ਡੀਏਪੀ ਖਾਦ ਦੀ ਘਾਟ ਪੂਰੀ ਕਰਨ ਸਮੇਤ ਅੱਠ ਮੰਗਾਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਸਾਰੇ ਪੰਜਾਬ ਵਿੱਚ ਮੋਰਚੇ ਜਾਰੀ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਟੌਲ ਪਲਾਜ਼ਾ ਕਾਲਾਝਾੜ ਵਿੱਚ ਵੀ ਧਰਨਾ ਜਾਰੀ ਰਹੇਗਾ। ਇੱਥੇ ਦੱਸਣਯੋਗ ਹੈ ਕਿ ਪਰਚੀ ਮੁਫ਼ਤ ਕਰਨ ਨਾਲ ਜਿੱਥੇ ਸੜਕ ਤੇ ਜਾਣ ਵਾਲੇ ਵਹੀਕਲਾਂ ਨੂੰ ਪਰਚੀ ਤੋਂ ਛੁਟਕਾਰਾ ਮਿਲਿਆ ਹੋਇਆ ਹੈ, ਉੱਥੇ ਹੀ ਟੌਲ ਪਲਾਜ਼ਾ ਕਾਲਾਝਾੜ ਦੀ ਮਨੇਜਮੈਂਟ ਨੂੰ ਤਕਰੀਬਨ 14 ਲੱਖ ਰੁਪਏ ਪ੍ਰਤੀ ਦਿਨ ਦਾ ਘਾਟਾ ਪੈ ਰਿਹਾ ਹੈ।
ਪੁਲੀਸ ਚੌਕੀ ਕਾਲਾਝਾੜ ਅੱਗੇ ਲਾਇਆ ਧਰਨਾ
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਪੁਲੀਸ ਚੌਕੀ ਕਾਲਾਝਾੜ ਅੱਗੇ ਧਰਨਾ ਦਿੱਤਾ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਪਿਛਲੇ ਲੰਬੇ ਸਮੇਂ ਤੋਂ ਕਾਲਾਝਾੜ ਚੌਂਕੀ ਨਾਲ ਸੰਬੰਧਤ ਤਿੰਨ ਚਾਰ ਮਸਲੇ ਸਨ, ਜਿਨ੍ਹਾਂ ਨੂੰ ਹੱਲ ਕਰਨ ਤੋਂ ਕਿ ਚੌਕੀ ਇੰਚਾਰਜ ਟਾਲਮਟੋਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਜਥੇਬੰਦੀ ਦਾ ਵਫ਼ਦ ਚੌਕੀ ਇੰਚਾਰਜ ਨੂੰ ਮਿਲਿਆ ਸੀ ਪਰ ਮਸਲੇ ਹੱਲ ਨਹੀਂ ਕੀਤੇ ਗਏ, ਜਿਸ ਕਾਰਨ ਅੱਜ ਕਾਲਾਝਾੜ ਚੌਕੀ ਅੱਗੇ ਧਰਨਾ ਦਿੱਤਾ ਗਿਆ। ਬਾਅਦ ਵਿਚ ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਨਾਮ ਸਿੰਘ ਵੱਲੋਂ ਬਲਾਕ ਆਗੂਆਂ ਨਾਲ ਬੈਠ ਕੇ ਮਸਲੇ ਫੌਰੀ ਹੱਲ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਵਿਧਾਇਕ ਦੇ ਦਫ਼ਤਰ ਅੱਗੇ ਪੱਕਾ ਮੋਰਚਾ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ ਦੇ ਕਾਲਜ ਰੋਡ ਸਥਿਤ ਦਫ਼ਤਰ ਅੱਗੇ ਸ਼ੁਰੂ ਕੀਤਾ ਪੱਕਾ ਮੋਰਚਾ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ। ਮੋਰਚੇ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ ਅਤੇ ਰਵਿੰਦਰ ਸਿੰਘ ਕਾਸਾਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਨੂੰ ਰੱਦ ਕਰਕੇ ਉਸ ਨੀਤੀ ‘ਚੋਂ ਬਾਹਰ ਆਏ,ਪੰਜਾਬ ਸਰਕਾਰ ਖ਼ਰੀਦੇ ਜਾ ਰਹੇ ਝੋਨੇ ਦੇ ਭੰਡਾਰਨ ਦਾ ਹੱਲ ਕਰੇ , ਝੋਨੇ ਦੀ ਘੱਟੋ ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਏ, ਝੋਨੇ ਦੀ ਖ਼ਰੀਦ ਲਈ ਨਮੀ ਦਾ ਮਿਆਰ 22 ਫ਼ੀਸਦੀ ਕਰੇ, ਪਰਾਲੀ ਨੂੰ ਬਗ਼ੈਰ ਸਾੜਨ ਤੋਂ ਉਸ ਦੇ ਨਿਪਟਾਰੇ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ, ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਦਰਜ ਮਾਮਲੇ ਰੱਦ ਕਰੇ ਅਤੇ ਮੰਡੀ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰੇ। ਇਸ ਮੌਕੇ ਚਰਨਜੀਤ ਸਿੰਘ ਹਥਨ, ਹਰਪਾਲ ਸਿੰਘ, ਦਰਸ਼ਨ ਸਿੰਘ ਰਟੋਲਾਂ, ਰਵਿੰਦਰ ਸਿੰਘ ਹਥਨ, ਜਗਰੂਪ ਸਿੰਘ ਖੁਰਦ, ਜਰਨੈਲ ਸਿੰਘ ਭੈਣੀ ਨੇ ਵੀ ਸੰਬੋਧਨ ਕੀਤਾ।
ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ ਭੁਟਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਜੇ ਤੱਕ ਝੋਨੇ ਦੀ ਖਰੀਦ ਦਾ ਪ੍ਰਬੰਧ ਨਹੀਂ ਕਰ ਸਕੀ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ ਦੇ ਦਫ਼ਤਰ ਅੱਗੇ ਦਿਨ-ਰਾਤ ਦੇ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।