ਹਾਸਿਆਂ ਦਾ ਵਣਜਾਰਾ ਬੀਨੂੰ ਢਿੱਲੋਂ
ਰਾਜਵੰਤ ਸਿੰਘ ਤੱਖੀ
ਟੈਲੀਵਿਜ਼ਨ ਦੀ ਦੁਨੀਆਂ ਤੋਂ ਪੌਲੀਵੁੱਡ ’ਚ ਪੁੱਜਿਆ ਹਾਸਰਸ ਕਲਾਕਾਰ ਬੀਨੂੰ ਢਿੱਲੋਂ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਅਜੋਕੇ ਪੌਲੀਵੁੱਡ ’ਚ ਬੀਨੂੰ ਢਿੱਲੋਂ ਇਕ ਵਿਸ਼ੇਸ਼ ਅਦਾਕਾਰ ਬਣ ਕੇ ਉੱਭਰ ਰਿਹਾ ਹੈ। ਦਰਜਨਾਂ ਫ਼ਿਲਮਾਂ ’ਚ ਕਾਮੇਡੀ ਦਾ ਰਸ ਘੋਲਣ ਵਾਲੇ ਬੀਨੂੰ ਢਿੱਲੋਂ ਦੀਆਂ ਫ਼ਿਲਮਾਂ ਸਰੋਤਿਆਂ ਵਿਚ ਦਿਲਚਸਪੀ ਪੈਦਾ ਕਰਦੀਆਂ ਹਨ।
ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੇ ਪਿੰਡ ਧੂਰੀ ਦਾ ਜੰਮਪਲ ਬੀਨੂੰ ਢਿੱਲੋਂ ਤੇਜ਼ ਤਰਾਰ ਬੋਲਚਾਲ ਵਾਲਾ ਅਜਿਹਾ ਸੰਜੀਦਾ ਅਦਾਕਾਰ ਹੈ, ਜਿਸ ਤੋਂ ਬਗੈਰ ਪੌਲੀਵੁੱਡ ਫ਼ਿਲਮਾਂ ਅਧੂਰੀਆਂ ਮਹਿਸੂਸ ਹੋਣ ਲੱਗੀਆਂ ਹਨ, ਇਹੀ ਕਾਰਨ ਹੈ ਕਿ ਪੌਲੀਵੁੱਡ ਦੀ ਹਰ ਦੂਜੀ ਰਿਲੀਜ਼ ਹੋਣ ਵਾਲੀ ਫ਼ਿਲਮ ’ਚ ਉਹ ਮੌਜੂਦ ਹੁੰਦਾ ਹੈ। ਪੜ੍ਹਾਈ ਤੋਂ ਬਾਅਦ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵਿਜ਼ਨ ਵਿਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਟੈਲੀਵਿਜ਼ਨ ਵੱਲ ਰੁਖ਼ ਕਰ ਲਿਆ ਸੀ, ਜਿਸ ਤੋਂ ਬਾਅਦ ਉਹ ਕਾਮੇਡੀਅਨ, ਵਧੀਆ ਅਦਾਕਾਰ ਦੇ ਨਾਲ-ਨਾਲ ਬਿਹਤਰੀਨ ਭੰਗੜਚੀ ਵਜੋਂ ਵੀ ਪਛਾਣਿਆ ਜਾਣ ਲੱਗਿਆ ਸੀ।
ਦੂਰਦਰਸ਼ਨ ਕੇਂਦਰ ਜਲੰਧਰ ਦੇ ਨਾਟਕਾਂ ਦੌਰਾਨ ਦਰਸ਼ਕਾਂ ਸਾਹਮਣੇ ਆਏ ਬੀਨੂੰ ਢਿੱਲੋਂ ਨੂੰ ਇਸ ਮੁਕਾਮ ’ਤੇ ਪੁੱਜਣ ਲਈ ਕਾਫ਼ੀ ਘਾਲਣਾ ਘਾਲਣੀ ਪਈ। ਯੂਨੀਵਰਸਿਟੀ ’ਚ ਪੜ੍ਹਦਿਆਂ ਉਸਨੇ ਨਾਟਕਾਂ ’ਚ ਹਿੱਸਾ ਲੈਣਾ ਸ਼ੁਰੂ ਕੀਤਾ। ਨਾਟਕਾਂ ਤੋਂ ਬਾਅਦ ਉਹ ਹੁਣ ਪੌਲੀਵੁੱਡ ’ਚ ਵੀ ਅਜਿਹਾ ਨਾਮਵਰ ਅਦਾਕਾਰ ਬਣ ਚੁੱਕਿਆ ਹੈ ਕਿ ਹੁਣ ਤਕ ਉਹ ਦਰਜਨਾਂ ਤੋਂ ਜ਼ਿਆਦਾ ਪੰਜਾਬੀ ਫ਼ਿਲਮਾਂ ’ਚ ਬਤੌਰ ਕਾਮੇਡੀਅਨ ਵਜੋਂ ਵੱਖਰੀ ਪਛਾਣ ਬਣਾ ਚੁੱਕਿਆ ਹੈ। ਪੰਜਾਬੀ ਫ਼ਿਲਮਾਂ ਦੇ ਵੱਡੇ ਕਾਮੇਡੀਅਨ ਮੰਨੇ ਜਾਂਦੇ ਜਸਵਿੰਦਰ ਭੱਲਾ ਨਾਲ ਬੀਨੂੰ ਦੀ ਅਦਾਕਾਰੀ ਫ਼ਿਲਮ ਵਿਚ ਅਜਿਹੀ ਜਾਨ ਭਰਦੀ ਹੈ ਕਿ ਅਜਿਹੀ ਫ਼ਿਲਮ ਟਿਕਟ ਖਿੜਕੀ ’ਤੇ ਸਫਲ ਰਹਿੰਦੀ ਹੀ ਹੈ। ਕਾਮੇਡੀ ਵਿਚ ਚੰਗਾ ਨਾਮਣਾ ਖੱਟਣ ਤੋਂ ਬਾਅਦ ਉਹ ਹੁਣ ਮੁੱਖ ਅਦਾਕਾਰ ਵਜੋਂ ਵੀ ਉੱਭਰ ਰਿਹਾ ਹੈ। ‘ਵਧਾਈਆਂ ਜੀ ਵਧਾਈਆਂ’, ‘ਦੇਖ ਬਰਾਤਾਂ ਚੱਲੀਆਂ’, ‘ਦੁੱਲਾ ਭੱਟੀ’, ‘ਨੌਕਰ ਵਹੁਟੀ ਦਾ’, ‘ਚੰਨੋ ਕਮਲੀ ਯਾਰ ਦੀ’ ਆਦਿ ਫ਼ਿਲਮਾਂ ਵਿਚ ਉਹ ਨਾਇਕ ਵਜੋਂ ਦਿਖਾਈ ਦਿੱਤਾ ਹੈ। ਉਸ ਦੀਆਂ ਕਈ ਫ਼ਿਲਮਾਂ ਅਜਿਹੀਆਂ ਹਨ, ਜਨਿ੍ਹਾਂ ਵਿਚ ਉਸਦੀ ਕਾਮੇਡੀ ਨੇ ਸਰੋਤਿਆਂ ਨੂੰ ਲੋਟ ਪੋਟ ਕੀਤਾ ਹੈ, ਇਨ੍ਹਾਂ ਵਿਚੋਂ ‘ਮੁੰਡੇ ਕਮਾਲ ਦੇ’, ‘ਅੰਗਰੇਜ਼’, ‘ਗੋਰਿਆਂ ਨੂੰ ਦਫ਼ਾ ਕਰੋ’, ‘ਆ ਗਏ ਮੁੰਡੇ ਯੂ.ਕੇ ਦੇ’, ‘ਓ ਮਾਈ ਪਿਓ ਜੀ’, ‘ਕੈਰੀ ਆਨ ਜੱਟਾ’ ਅਤੇ ‘ਕੈਰੀ ਆਨ ਜੱਟਾ-2’, ‘ਮਿਸਟਰ ਐਂਡ ਮਿਸਿਜ਼’ ਅਤੇ ‘ਮਿਸਟਰ ਐਂਡ ਮਿਸਿਜ਼-2’, ‘ਬੰਬੂਕਾਟ’, ‘ਲੱਕੀ ਦੀ ਅਨਲੱਕੀ ਸਟੋਰੀ’, ‘ਜੱਟ ਇਨ ਗੋਲਮਾਲ’, ‘ਬੈਸਟ ਆਫ ਲੱਕ’, ‘ਦਿਲਦਾਰੀਆਂ’, ‘ਲਵ ਪੰਜਾਬ’, ‘ਮਰ ਗਏ ਓਏ ਲੋਕੋ’ ਅਤੇ ‘ਕਾਲਾ ਸ਼ਾਹ ਕਾਲਾ’ ਆਦਿ ਫ਼ਿਲਮਾਂ ਮੁੱਖ ਹਨ।
ਪੌਲੀਵੁੱਡ ’ਚ ਕਾਮੇਡੀ ਦਾ ਰਸ ਘੋਲਣ ਵਾਲਾ ਬੀਨੂੰ ਢਿੱਲੋਂ ਹੁਣ ਬੌਲੀਵੁੱਡ ਵਿਚ ਵੀ ਚਮਕਣ ਲੱਗਿਆ ਹੈ। ਸਾਲ 2018 ਵਿਚ ਰਿਲੀਜ਼ ਹੋਈ ਬੌਲੀਵੁੱਡ ਫ਼ਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ’ਚ ਉਸਨੇ ਬਤੌਰ ਕਾਮੇਡੀਅਨ ਪ੍ਰਵੇਸ਼ ਕੀਤਾ ਸੀ। ਇਸ ਫ਼ਿਲਮ ਵਿਚ ਪੰਜਾਬੀ ਪਰਿਵਾਰ ਦਿਖਾਈ ਦਿੱਤਾ ਸੀ ਤੇ ਬੀਨੂੰ ਇਸ ਫ਼ਿਲਮ ਵਿਚ ਬੌਲੀਵੁੱਡ ਦੇ ਦਿੱਗਜ਼ ਅਭਨਿੇਤਾ ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਅਦਾਕਾਰੀ ਕਰਦਾ ਨਜ਼ਰ ਆਇਆ ਸੀ। ਇਹ ਫ਼ਿਲਮ ਬੀਨੂੰ ਦੀ ਸਫਲਤਾ ਲਈ ਇਕ ਪੌੜੀ ਸਿੱਧ ਹੋਈ ਹੈ। ਉਸਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਉਹ ਬੌਲੀਵੁੱਡ ਦੀਆਂ ਫ਼ਿਲਮਾਂ ਵਿਚ ਨਜ਼ਰ ਆਏਗਾ।
ਸੰਪਰਕ: 98554-87835