ਕੈਨੇਡਾ ’ਚ ਮੰਦਰ ਦੀਆਂ ਕੰਧਾਂ ’ਤੇ ਲਿਖੇ ਨਾਅਰੇ
ਟੋਰਾਂਟੋ, 8 ਸਤੰਬਰ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਪ੍ਰਮੁੱਖ ਮੰਦਰ ਵਿੱਚ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਸਰੀ ਦੇ ਸ੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀਆਂ ਬਾਹਰਲੀਆਂ ਕੰਧਾਂ 'ਤੇ ਸਪ੍ਰੇਅ ਪੇਂਟ ਕੀਤਾ ਗਿਆ ਸੀ। ਸਪ੍ਰੇਅ ਨਾਲ ਲਿਖਿਆ ਗਿਆ,‘ਪੰਜਾਬ ਭਾਰਤ ਨਹੀਂ ਹੈ‘ ਅਤੇ ‘ਮੋਦੀ ਅਤਿਵਾਦੀ ਹੈ"। ਰਿਚਮੰਡ ਵਿੱਚ ਰੇਡੀਓ ਏਐੱਮ600 ਦੇ ਨਿਊਜ਼ ਡਾਇਰੈਕਟਰ ਸਮੀਰ ਕੌਸ਼ਲ ਨੇ ਐਕਸ ਕੌਸ਼ਲ 'ਤੇ ਲਿਖਿਆ, ‘ਹਿੰਦੂ ਮੰਦਰ ਸ੍ਰੀ ਮਾਤਾ ਭਾਮੇਸ਼ਵਰੀ ਦੁਰਗਾ ਦੇਵੀ ਸੁਸਾਇਟੀ ਮੰਦਰ ਦੀਆਂ ਕੰਧਾਂ ’ਤੇ ਕਾਲੇ ਸਪ੍ਰੇਅ ਪੇਂਟ ਨਾਲ ਨਾਅਰੇ ਲਿਖੇ ਗਏ ਹਨ। ਇਸ ਤਰ੍ਹਾਂ ਦੇ ਹਮਲੇ ਭਾਈਚਾਰੇ ਵਿੱਚ ਦਹਿਸ਼ਤ ਪੈਦਾ ਕਰਨ ਲਈ ਵੱਧ ਰਹੇ ਹਨ।’ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਹ ਘਟਨਾ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨ ਰਾਇਸ਼ੁਮਾਰੀ ਤੋਂ ਪਹਿਲਾਂ ਹੋਈ ਹੈ। ਪਾਬੰਦੀਸ਼ੁਦਾ ਸਮੂਹ ਸਿੱਖਸ ਫਾਰ ਜਸਟਿਸ ਵੱਲੋਂ ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਦੀ ਤਾਲਾਬੰਦੀ ਕਰਨ ਦੀ ਧਮਕੀ ਦਿੱਤੀ ਗਈ ਹੈ।