ਕਾਂਗਰਸੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਗਗਨਦੀਪ ਅਰੋੜਾ
ਲੁਧਿਆਣਾ, 7 ਜੁਲਾਈ
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ ਦੇ ਦਫ਼ਤਰ ਟਿੱਬਾ ਰੋਡ ਦੇ ਬਾਹਰ ਸੀਨੀਅਰ ਮੀਤ ਪ੍ਰਧਾਨ ਸ਼ਾਮ ਸੁੰਦਰ ਮਲਹੋਤਰਾ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਕਾਂਗਰਸੀਆਂ ਨੇ ਦੋਸ਼ ਲਗਾਏ ਕਿ ਮੋਦੀ ਸਰਕਾਰ ਦੇ ਕਹਿਣ ’ਤੇ ਗੁਜਰਾਤ ਵਿੱਚ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਕੇਸ ਕੀਤਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਕਾਂਗਰਸੀਆਂ ਨੇ ਇਸ ਮੁੱਦੇ ਸਬੰਧੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਦਾ ਇਹ ਰੋਸ ਪ੍ਰਦਰਸ਼ਨ ਰਾਹੁਲ ਗਾਂਧੀ ਦੇ ਖ਼ਿਲਾਫ਼ ਗੁਜਰਾਤ ਵਿੱਚ ਦਰਜ ਕੀਤੇ ਗਏ ਮੁੱਕਦਮੇ ਦੇ ਸਬੰਧ ਵਿੱਚ ਅੱਜ ਆਏ ਫ਼ੈਸਲੇ ਦੇ ਖ਼ਿਲਾਫ਼ ਕੀਤਾ ਗਿਆ ਹੈ। ਇਸ ਫ਼ੈਸਲੇ ਨੂੰ ਦੇਖ ਕੇ ਲੱਗਦਾ ਹੈ ਕਿ ਦੇਸ਼ ਦੇ ਅੰਦਰ ਲੋਕਤੰਤਰ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ। ਇਹ ਕੇਸ ਕੋਈ ਚੋਰੀ ਡਕੈਤੀ ਦੀ ਜਾਂਚ ਦਾ ਅਪਰਾਧਿਕ ਕੇਸ ਨਹੀਂ ਹੈ। ਇਹ ਕੇਸ ਸਿਰਫ ਰਾਹੁਲ ਗਾਂਧੀ ਵੱਲੋਂ ਸੰਸਦ ਵਿੱਚ ਮੋਦੀ ਸਰਕਾਰ ਤੋਂ ਅਡਾਨੀ ਨਾਲ ਸਬੰਧਤ ਪੁੱਛੇ ਗਏ ਸਵਾਲਾਂ ਨੂੰ ਦਬਾਉਣ ਲਈ ਦਰਜ ਕੀਤਾ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਹਰ ਉਪਰਾਲੇ ਕਰ ਰਹੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉੱਚ ਅਦਾਲਤ ਤੋਂ ਰਾਹੁਲ ਗਾਂਧੀ ਨੂੰ ਇਨਸਾਫ ਜ਼ਰੂਰ ਮਿਲੇਗਾ।