For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਚੁਕਾਈ ਨਾ ਹੋਣ ਵਿਰੁੱਧ ਆੜ੍ਹਤੀਆਂ ਵੱਲੋਂ ਨਾਅਰੇਬਾਜ਼ੀ

07:14 AM Oct 18, 2024 IST
ਝੋਨੇ ਦੀ ਚੁਕਾਈ ਨਾ ਹੋਣ ਵਿਰੁੱਧ ਆੜ੍ਹਤੀਆਂ ਵੱਲੋਂ ਨਾਅਰੇਬਾਜ਼ੀ
ਝੋਨੇ ਦੀ ਚੁਕਾਈ ਨਾ ਹੋਣ ਕਾਰਨ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆੜ੍ਹਤੀ।
Advertisement

ਬੀਰਬਲ ਰਿਸ਼ੀ
ਧੂਰੀ, 17 ਅਕਤੂਬਰ
ਫੈੱਡਰੇਸ਼ਨ ਆਫ ਆੜ੍ਹਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਆੜ੍ਹਤੀ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਆਪਣੇ ਸਾਥੀਆਂ ਸਣੇ ਝੋਨੇ ਦੀ ਚੁਕਾਈ ਨਾ ਹੋਣ ਦੇ ਰੋਸ ਵਜੋਂ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ 24 ਘੰਟਿਆਂ ਦਾ ਅਲਟਮੇਟਮ ਦਿੰਦਿਆਂ ਮਸਲਾ ਹੱਲ ਨਾ ਹੋਣ ’ਤੇ ਸੜਕਾਂ ’ਤੇ ਉੱਤਰਨ ਦੀ ਐਲਾਨ ਕੀਤਾ। ਕਾਮਰੇਡ ਸਮਰਾ ਨੇ ਅੱਜ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 8 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੋਈ ਪਰ ਇੱਕ ਵੀ ਬੋਰੀ ਦੀ ਕਿਸੇ ਵੀ ਮੰਡੀ ਵਿੱਚੋਂ ਚੁਕਾਈ ਨਹੀਂ ਹੋਈ। ਇਸ ਕਰ ਕੇ ਧੂਰੀ ਮੰਡੀ ਵਿੱਚ ਹੀ ਤਕਰੀਬਨ ਡੇਢ ਲੱਖ ਥੈਲਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣ ਤੋਂ ਵਿਹਲੇ ਹੋਣ ਮਗਰੋਂ ਹੁਣ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਤੇਜ਼ੀ ਨਾਲ ਆਵੇਗੀ ਅਤੇ ਚੁਕਾਈ ਨਾ ਹੋਣ ’ਤੇ ਹਾਲਤ ਬਦ ਤੋਂ ਬਦਤਰ ਹੋ ਜਾਵੇਗੀ।

Advertisement

ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਧਰਨਾ ਅੱਜ ਤੋਂ

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ 18 ਅਕਤੂਬਰ ਨੂੰ ਸੰਯੁਗਤ ਮੋਰਚੇ ਦੇ ਸੱਦੇ ’ਤੇ ਕਿਸਾਨ, ਮਜ਼ਦੂਰ, ਆੜ੍ਹਤੀਆਂ ਵੱਲੋਂ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਕੋਠੀ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਨੇ ਇਸ ਵਾਰ ਐਗਰੀਮੈਂਟ ਨਹੀਂ ਕੀਤਾ ਜਦੋਂਕਿ ਪੁਰਾਣਾ ਮਾਲ ਵੀ ਚੁੱਕਣ ਤੋਂ ਪਿਆ ਹੈ ਜਿਸ ਕਰ ਕੇ ਚੁਕਾਈ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ।

Advertisement

ਸ਼ੈੱਲਰ ਮਾਲਕਾਂ ਵੱਲੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਦੇ ਦਫ਼ਤਰ ਅੱਗੇ ਧਰਨਾ

ਸੰਗਰੂਰ (ਗੁਰਦੀਪ ਸਿੰਘ ਲਾਲੀ): ਖ਼ੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਭਵਾਨੀਗੜ੍ਹ ਦੇ ਸ਼ੈੱਲਰ ਮਾਲਕਾਂ ਉੱਪਰ ਸ਼ੈੱਲਰਾਂ ਵਿਚ ਝੋਨਾ ਲਗਾਉਣ ਵਾਸਤੇ ਕਥਿਤ ਤੌਰ ’ਤੇ ਦਬਾਅ ਪਾਉਣ ਤੋਂ ਰੋਹ ਵਿੱਚ ਸ਼ੈੱਲਰ ਮਾਲਕਾਂ ਵੱਲੋਂ ਇੱਥੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿਚ ਸ਼ੈੱਲਰ ਮਾਲਕ ਐਸੋਸੀਏਸ਼ਨ ਪੰਜਾਬ ਅਤੇ ਆਲ ਇੰਡੀਆ ਦੇ ਪ੍ਰਧਾਨ ਤਰਸੇਮ ਸੈਣੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਧਰਨੇ ਦੌਰਾਨ ਸ਼ੈੱਲਰ ਮਾਲਕਾਂ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਸੈਣੀ ਨੇ ਦੋਸ਼ ਲਾਇਆ ਕਿ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਵੱਲੋਂ ਭਵਾਨੀਗੜ੍ਹ ਦੇ ਸ਼ੈੱਲਰ ਮਾਲਕਾਂ ਨੂੰ ਬੁਲਾ ਕੇ ਸ਼ੈੱਲਰਾਂ ’ਚ ਝੋਨਾ ਲਗਾਉਣ ਲਈ ਦਬਾਅ ਪਾਇਆ ਗਿਆ। ਇਸ ਦੌਰਾਨ ਥਾਣਾ ਮੁਖੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਸ਼ੈਲਰ ਮਾਲਕ ਐਸੋਸੀਏਸ਼ਨ ਨਾਲ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਵਲੋਂ ਮੀਟਿੰਗ ਕਰ ਕੇ ਭਰੋਸਾ ਦਿਵਾਇਆ ਸੀ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਇਸ ਮਸਲੇ ਦਾ ਹੱਲ ਕਰਾਉਣਗੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਕੋਈ ਸ਼ੈੱਲਰ ਮਾਲਕ ਮਰਜ਼ੀ ਨਾਲ ਮਾਲ ਲਗਵਾਉਂਦਾ ਹੈ ਤਾਂ ਐਸੋਸੀਏਸ਼ਨ ਨੂੰ ਕੋਈ ਇਤਰਾਜ਼ ਨਹੀਂ ਪਰ ਇਸ ਲਈ ਉਹ ਸ਼ੈੱਲਰ ਮਾਲਕ ਖ਼ੁਦ ਜ਼ਿੰਮੇਵਾਰ ਹੋਵੇਗਾ। ਸ਼ੈੱਲਰ ਮਾਲਕ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਜ਼ਿਲ੍ਹੇ ਭਰ ਦੇ ਸ਼ੈੱਲਰਾਂ ਵਿੱਚ ਕੋਈ ਥਾਂ ਨਹੀਂ ਹੈ ਜਿਸ ਕਾਰਨ ਸ਼ੈੱਲਰ ਮਾਲਕ ਮਾਲ ਨਹੀਂ ਲਗਵਾ ਸਕਦੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਭਰੋਸਾ ਦਿਵਾਇਆ ਹੈ ਕਿ ਕਿਸੇ ਵੀ ਸ਼ੈੱਲਰ ਵਿਚ ਧੱਕੇ ਨਾਲ ਮਾਲ ਨਹੀਂ ਲਗਵਾਇਆ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਹਰਦੀਪ ਸਿੰਘ ਬੁੱਟਰ, ਹਰਪ੍ਰੀਤ ਸਿੰਘ ਢੀਂਡਸਾ, ਸੁਰੇਸ਼ ਜਿੰਦਲ, ਰਾਜੀਵ ਸਿੰਗਲਾ, ਵਿਜੇ ਬਾਂਸਲ, ਕੇਵਲ ਜਿੰਦਲ, ਰਿਸ਼ੀਪਾਲ, ਗਾਂਧੀ ਮਹਿਲਾਂ, ਸੁੁਰਜੀਤ ਸਿੰਘ ਢਿੱਲੋਂ, ਲਾਲੀ ਸੇਖੋਂ, ਬਿਕਰਮ ਸੁਨਾਮ, ਚਰਨਜੀਤ ਸ਼ਰਮਾ, ਵਿਕਾਸ ਗਰਗ, ਕਾਲਾ ਚੀਮਾ, ਪਰਮਜੀਤ ਅਮਰਗੜ੍ਹ, ਲਾਭ ਸਿੰਘ ਸੰਦੌੜ, ਪੋਪੀ ਸੁਨਾਮ, ਨਰਿੰਦਰ ਭਵਾਨੀਗੜ੍ਹ ਆਦਿ ਸ਼ੈਲਰ ਮਾਲਕ ਮੌਜੂਦ ਸਨ।

Advertisement
Author Image

sukhwinder singh

View all posts

Advertisement