ਡੀਏਪੀ ਖਾਦ ਨਾ ਮਿਲਣ ’ਤੇ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਭੁੱਚੋ ਮੰਡੀ, 9 ਅਕਤੂਬਰ
ਪਿੰਡ ਲਹਿਰਾ ਖਾਨਾ ਦੇ ਕਿਸਾਨਾਂ ਨੇ ਡੀਏਪੀ ਖਾਦ ਨਾ ਮਿਲਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਦੀ ਖੇਤੀਬਾੜੀ ਸਹਿਕਾਰੀ ਸੁਸਾਇਟੀ ਵਿੱਚ ਧਰਨਾ ਦਿੱਤਾ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਸੁਸਾਇਟੀ ਦੇ ਮੁਲਾਜ਼ਮ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਧਰਨੇ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਜਨਰਲ ਸਕੱਤਰ ਬਲਾਕ ਕਰਮਜੀਤ ਕੌਰ ਲਹਿਰਾ, ਬਲਾਕ ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ, ਸ਼ਮਸ਼ੇਰ ਸਿੰਘ ਅਤੇ ਪੱਪੀ ਸਿੰਘ ਨੇ ਕਿਹਾ ਕਿ ਲਹਿਰਾ ਖਾਨਾ ਦੀ ਸਹਿਕਾਰੀ ਸੁਸਾਇਟੀ ਵਿੱਚ ਵਿੱਚ ਹਾਲੇ ਤੱਕ ਡੀਏਪੀ ਖਾਦ ਨਹੀਂ ਪਹੁੰਚੀ। ਕਿਸਾਨਾਂ ਨੇ ਕਣਕ ਦੀ ਬਿਜਾਈ ਕਰਨੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਡੀਏਪੀ ਖਾਦ ਨਾਲ ਦਿੱਤੀਆਂ ਜਾ ਰਹੀਆਂ ਬੇਲੋੜੀਆਂ ਵਸਤਾਂ ਦੇ ਕੇ ਕਿਸਾਨਾਂ ’ਤੇ ਆਰਥਿੱਕ ਬੋਝ ਵਧਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਡੀਏਪੀ ਖਾਦ ਜਲਦੀ ਸੁਸਾਇਟੀ ਵਿੱਚ ਭੇਜੀ ਜਾਵੇ ਅਤੇ ਖਾਦ ਨਾਲ ਦਿੱਤੀਆਂ ਜਾ ਰਹੀਆਂ ਬੇਲੋੜੀਆਂ ਵਸਤਾਂ ਬੰਦ ਕੀਤੀਆਂ ਜਾਣ। ਉਨ੍ਹਾਂ ਸੁਣਵਾਈ ਨਾ ਹੋਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਮੁਲਾਜ਼ਮ ਨੇ ਭਰੋਸਾ ਦਿੰਦਿਆਂ ਕਿਹਾ ਹੈ ਕਿ ਜਲਦੀ ਹੀ ਖਾਦ ਦਾ ਰੈਕ ਲੱਗਣ ਵਾਲਾ ਹੈ। ਸਾਰੇ ਕਿਸਾਨਾਂ ਨੂੰ ਖਾਦ ਮਿਲ ਜਾਵੇਗੀ।