ਦੋ ਸਾਲ ਤੋਂ ਸੜਕਾਂ ਨਾ ਬਣਨ ’ਤੇ ਨਾਅਰੇਬਾਜ਼ੀ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 29 ਜੂਨ
ਇਥੋਂ ਦੀ ਦਾਣਾ ਮੰਡੀ ਦੀਆਂ ਮੁੱਖ ਸੜਕਾਂ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਨੇ ਨਗਰ ਪਰਿਸ਼ਦ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿਛਲੇ ਦੋ ਸਾਲ ਤੋਂ ਟੁੱਟੀਆਂ ਸੜਕਾਂ ਦਾ ਨਿਰਮਾਣ ਨਾ ਹੋਣ ਤੋਂ ਦੁਖੀ ਆੜ੍ਹਤੀਆਂ ਤੇ ਹੋਰ ਲੋਕਾਂ ਨੇ ਹੁਣ ਇਨ੍ਹਾਂ ਸੜਕਾਂ ਤੋਂ ਆਮ ਲੋਕਾਂ ਨੂੰ ਨਾ ਜਾਣ ਦੀ ਅਪੀਲ ਕਰਦਿਆਂ ਸਿਰਫ ਵੀਆਈਪੀ ਲੋਕਾਂ ਲਈ ਕਰਾਰ ਦਿੰਦਿਆਂ, ਇਨ੍ਹਾਂ ਸੜਕਾਂ ‘ਤੇ ਵਿੰਗਆਤਮਕ ਵੀਪੀਆਈ ਦੇ ਬੋਰਡ ਲਾ ਦਿੱਤੇ ਹਨ। ਅਨਾਜ ਮੰਡੀ ਨੂੰ ਜਾਣ ਵਾਲੀ ਜਨਤਾ ਭਵਨ ਤੋਂ ਕਬੀਰ ਚੌਕ ਅਤੇ ਕਬੀਰ ਚੌਕ ਤੋਂ ਸੀ ਬਲਾਕ ਤੱਕ ਜਾਣ ਵਾਲੀਆਂ ਸੜਕਾਂ ਦਾ ਨਿਰਮਾਣ ਪਿਛਲੇ ਦੋ ਸਾਲਾਂ ਤੋਂ ਨਹੀਂ ਹੋਇਆ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਮਹਿਤਾ ਤੇ ਮਹਾਵੀਰ ਸ਼ਰਮਾ ਨੇ ਦੱਸਿਆ ਕਿ ਇਹ ਸੜਕਾਂ ਅੱਗੇ ਸਰਕਾਰੀ ਹਸਪਤਾਲ ਵੱਲ ਜਾਂਦੀਆਂ ਹਨ ਤੇ ਹਰ ਦਿਨ ਇਨ੍ਹਾਂ ਸੜਕਾਂ ਰਾਹੀਂ ਸੈਂਕੜੇ ਮਰੀਜ਼ ਹਸਪਤਾਲ ਜਾਂਦੇ ਹਨ। ਸੜਕਾਂ ‘ਤੇ ਡੂੰਘੇ ਟੋਏ ਹੋਣ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੜਕਾਂ ਜਲਦ ਨਾ ਬਣੀਆਂ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕਰਨਗੇ।