ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਔਰਤਾਂ ਖ਼ਿਲਾਫ਼ ਹੋਏ ਰਹੇ ਜਬਰ ਵਿਰੁੱਧ ਰੋਸ ਮਾਰਚ ’ਚ ਗੂੰਜੇ ਨਾਅਰੇ

10:42 AM Aug 20, 2024 IST
ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਕਰਦੇ ਹੋਏ ਲੋਕ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਅਗਸਤ
ਪੱਛਮੀ ਬੰਗਾਲ ਦੇ ਕੋਲਕਾਤਾ ’ਚ ਇਕ ਡਾਕਟਰ ਨਾਲ ਜਬਰ ਜਨਾਹ ਮਗਰੋਂ ਹੱਤਿਆ ਕਰਨ ਦੇ ਭਖਵੇਂ ਮਾਮਲੇ ਦੌਰਾਨ ਹੀ ਉੱਤਰਾਖੰਡ ਅਤੇ ਰਾਜਸਥਾਨ ’ਚ ਨਾਬਾਲਗ ਬੱਚੀਆਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਦੇ ਰੋਸ ਵਜੋਂ ਅੱਜ ਸ਼ਾਮ ਵੇਲੇ ਇਥੇ ਰੋਸ ਮਾਰਚ ਕੀਤਾ ਗਿਆ। ਇਸ ’ਚ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੁਲਜ਼ਮਾਂ ਲਈ ਸਖ਼ਤ ਸਜ਼ਾਵਾਂ ਦੀ ਜ਼ੋਰਦਾਰ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਵਹਿਸ਼ੀ, ਸ਼ਰਮਸਾਰ ਕਰਨ ਵਾਲੇ ਮਾਮਲਿਆਂ ’ਚ ਵੀ ਸਿਆਸਤ ਤੋਂ ਬਾਜ਼ ਨਾ ਆਉਣਾ ਸਿਆਸੀ ਲੋਕਾਂ ਦੀ ਮਾੜੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਜਦੋਂ ਕੋਲਕਾਤਾ ’ਚ ਇਹ ਘਟਨਾ ਵਾਪਰਦੀ ਹੈ ਤਾਂ ਕੇਂਦਰ ਸਰਕਾਰ ਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਪੂਰੀ ਤਰ੍ਹਾਂ ਹਮਲਾਵਰ ਨਜ਼ਰ ਆਉਂਦੀ ਹੈ। ਇਸ ਘਟਨਾ ਤੋਂ ਬਾਅਦ ਜਿਵੇਂ ਹੀ ਭਾਜਪਾ ਸ਼ਾਸਤ ਰਾਜਾਂ ਉੱਤਰਾਖੰਡ ਤੇ ਰਾਜਸਥਾਨ ’ਚ ਨਾਬਾਲਗ ਬੱਚੀਆਂ ਨਾਲ ਜਬਰ-ਜਨਾਹ ਹੁੰਦਾ ਹੈ ਤਾਂ ਇਹੋ ਪਾਰਟੀ ਤੇ ਕੇਂਦਰ ਸਰਕਾਰ ਦਾ ਰੁਖ਼ ਹੋਰ ਹੁੰਦਾ ਹੈ। ਅਜਿਹਾ ਹੀ ਵਿਰੋਧੀ ਪਾਰਟੀਆਂ ਕਰਦੀਆਂ ਹਨ। ਇਹ ਸਿਰਫ਼ ਕਿਸੇ ਸੂਬੇ ਨਾਲ ਜੁੜਿਆ ਮੁੱਦਾ ਨਹੀਂ ਸਗੋਂ ਇਹ ਬੱਚੀਆਂ ਦੀ ਹੋਂਦ, ਮਾਣ-ਸਤਿਕਾਰ ਤੇ ਉਨ੍ਹਾਂ ਦੇ ਬੋਲਣ-ਸੋਚਣ ਦੀ ਆਜ਼ਾਦੀ ਦਾ ਮਾਮਲਾ ਹੈ। ਇਨ੍ਹਾਂ ਦੀ ਪੱਤ ਲੁੱਟਣ ਦੀਆਂ ਘਟਨਾਵਾਂ ਨੂੰ ਸੂਬੇ, ਸਿਆਸੀ ਪਾਰਟੀਆਂ ਨਾਲ ਜੋੜ ਕੇ ਦੇਖਣਾ ਹੀ ਆਪਣੇ ਆਪ ’ਚ ਜਮੀਰ ਤੋਂ ਡਿੱਗੀ ਸੋਚ ਵਾਲਾ ਕਾਰਜ ਹੈ। ਸਥਾਨਕ ਕਮੇਟੀ ਪਾਰਕ ਵਿਖੇ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਨੇ ਇਸ ਰੋਸ ਮਾਰਚ ’ਚ ਸ਼ਮੂਲੀਅਤ ਕੀਤੀ। ਕੰਵਲਜੀਤ ਖੰਨਾ, ਐਡਵੋਕੇਟ ਅਮਨਦੀਪ ਕੌਰ, ਬਲਰਾਜ ਸਿੰਘ ਕੋਟਉਮਰਾ, ਮਾ. ਰਣਜੀਤ ਸਿੰਘ ਹਠੂਰ, ਜਸਵੰਤ ਸਿੰਘ ਕਲੇਰ, ਅਵਤਾਰ ਸਿੰਘ, ਇੰਦਰਜੀਤ ਸਿੰਘ ਧਾਲੀਵਾਲ, ਹਰਬੰਸ ਸਿੰਘ ਅਖਾੜਾ, ਸੁਖਵੰਤ ਕੌਰ ਗਾਲਿਬ, ਹਰਬੰਸ ਕੌਰ, ਗੁਰਮੇਲ ਸਿੰਘ ਰੂਮੀ, ਜਸਵਿੰਦਰ ਸਿੰਘ ਭਮਾਲ, ਸੁਰਜੀਤ ਸਿੰਘ ਦੌਧਰ ਤੇ ਹੋਰਨਾਂ ਨੇ ਕਿਹਾ ਕਿ ਸਭ ਤੋ ਵੱਧ ਅਬਾਦੀ ਵਾਲੇ ਦੇਸ਼ ’ਚ ਔਰਤਾਂ ਨਾਲ ਜਬਰ-ਜਨਾਹ ਤੇ ਕਤਲ ਦੀਆਂ ਦਿਨੋਂ ਦਿਨ ਵਧ ਰਹੀਆਂ ਘਟਨਾਵਾਂ ਨੇ ਆਮ ਜਨਤਾ ’ਚ ਤਿੱਖਾ ਸਹਿਮ ਤੇ ਡਰ ਪੈਦਾ ਕਰ ਦਿੱਤਾ ਹੈ। ਹਰ ਸੋਲਾਂ ਮਿੰਟ ਬਾਅਦ ਇਕ ਔਰਤ ਨਾਲ ਬਲਾਤਕਾਰ ਹੁੰਦਾ ਹੈ। ਇਨ੍ਹਾਂ ਘਟਨਾਵਾਂ ਨੇ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਧੀਆਂ ਤਾਂ ਮਾਂ ਦੇ ਪੇਟ ’ਚ ਵੀ ਸੁਰੱਖਿਅਤ ਨਹੀਂ ਹਨ, ਆਪਣੇ ਘਰਾਂ ’ਚ ਵੀ ਸੁਰੱਖਿਅਤ ਨਹੀਂ ਹਨ, ਸਮਾਜ ’ਚ ਸੁਰੱਖਿਆ ਤਾਂ ਦੂਰ ਦੀ ਗੱਲ ਹੈ। ਇਸ ਅਤਿਅੰਤ ਬੇਯਕੀਨੀ ਤੇ ਖੌਫ ਵਾਲੀ ਹਾਲਤ ਨੂੰ ਬਦਲਣ ਲਈ ਇਸ ਔਰਤ ਵਿਰੋਧੀ ਮਾਨਸਿਕਤਾ ਨੂੰ ਬਦਲਣ ਲਈ ਵੱਡੀ ਜੱਦੋ ਜਹਿਦ ਦੀ ਜ਼ਰੂਰਤ ਹੈ।

Advertisement

Advertisement