ਡਿੰਪੀ ਢਿੱਲੋਂ ਦੇ ਚੋਣ ਦਫ਼ਤਰ ਅੱਗੇ ਗੂੰਜਦੇ ਰਹੇ ਨਾਅਰੇ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਨਵੰਬਰ
ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਵੱਲੋਂ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਕੌਰ ਕੰਮੇਆਣਾ ਅਤੇ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰਜ਼ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਹਰਪਾਲ ਕੌਰ ਭੰਗਚੜੀ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਫਰੀਦਕੋਟ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀਆਂ ਵਰਕਰਾਂ ਨੇ ਡਿੰਪੀ ਢਿੱਲੋਂ ਦੇ ਚੋਣ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਕਰਮਜੀਤ ਕੌਰ ਚੱਕ ਗਿਲਜੇਵਾਲਾ, ਰਮਨਜੀਤ ਕੌਰ ਚੱਕ ਬਾਜਾ, ਰਾਜਵਿੰਦਰ ਕੌਰ ਮੁਕਤਸਰ, ਪੂਜਾ ਰਾਣੀ ਫਿਰੋਜ਼ਪੁਰ, ਕਰਮਜੀਤ ਕੌਰ ਬਠਿੰਡਾ, ਪਰਮਜੀਤ ਕੌਰ ਮੁੱਦਕੀ ਤੋਂ ਇਲਾਵਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਆਗੂ ਪਵਨ ਕੁਮਾਰ, ਸਿਕੰਦਰ ਧਾਲੀਵਾਲ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਮਿੱਡ-ਡੇਅ ਮੀਲ ਵਰਕਰਾਂ ਨਾਲ ਵਾਅਦਾਖਿਲਾਫੀ ਕਰਨ, ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ, ਵਰਕਰਾਂ ਨੂੰ ਘੱਟੋ ਘੱਟ ਉਜਰਤ ਨਾ ਦੇਣ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਸੇਵਾਮੁਕਤੀ 58 ਸਾਲ ਕਰਨ ਅਤੇ ਸੇਵਾਮੁਕਤੀ ਮੌਕੇ ਵਰਕਰਾਂ ਨੂੰ ਖਾਲੀ ਘਰਾਂ ਨੂੰ ਤੋਰਨ, ਵਰਕਰਾਂ ਨੂੰ ਮਿਲਦੇ ਮਾਣ ਭੱਤੇ ਨੂੰ ਚੋਣ ਵਾਅਦੇ ਅਨੁਸਾਰ ਦੁੱਗਣਾ ਨਾ ਕਰਨ, 5 ਲੱਖ ਦਾ ਮੁਫ਼ਤ ਬੀਮਾ ਨਾ ਕਰਨ ’ਤੇ ਚਰਚਾ ਕਰਦਿਆਂ ਜੱਥੇਬੰਦੀ ਦੇ ਮੋਰਚੇ ਵੱਲੋਂ ਜ਼ਿਮਨੀ ਚੋਣਾਂ ਦੌਰਾਨ ਵਰਕਰਾਂ ਦਾ ਪੱਖ ਜਨਤਾ ਦੀ ਕਚਹਿਰੀ ਵਿੱਚ ਰੱਖਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਹ ਰੋਸ ਪ੍ਰਦਰਸ਼ਨ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹਿਣਗੇ ਅਤੇ ਇਨ੍ਹਾਂ ਦਾ ਰੂਪ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਰੋਸ ਪੱਤਰ ਅਭੈ ਢਿੱਲੋਂ ਨੂੰ ਸੌਂਪਿਆ। ਇਸ ਮੌਕੇ ਸੁਖਜੀਤ ਕੌਰ, ਸਹਿਜਪ੍ਰੀਤ ਕੌਰ, ਅਜੀਤ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਸੁਖਜੀਵਨ ਬਾਵਾ, ਦਰਸ਼ਨ ਕੌਰ ਨੇ ਵੀ ਸੰਬੋਧਨ ਕੀਤਾ।