ਭਾਜਪਾ ਆਗੂਆਂ ਦੇ ਘਰਾਂ ਅਤੇ ਟੌਲ ਪਲਾਜ਼ਿਆਂ ’ਤੇ ਗੂੰਜੇ ਨਾਅਰੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਫਰਵਰੀ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਹੱਲ ਕਰਨ ਲਈ ਸੂਬੇ ਵਿੱਚ ਭਾਜਪਾ ਆਗੂਆਂ ਦੇ ਘਰਾਂ, 37 ਟੌਲ ਪਲਾਜ਼ਿਆਂ ਅਤੇ ਹੁਸ਼ਿਆਰਪੁਰ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਸਾਹਮਣੇ ਸ਼ੁਰੂ ਕੀਤੇ ਧਰਨੇ ਅੱਜ ਤੀਜੇ ਦਿਨ ਖਤਮ ਕਰ ਦਿੱਤੇ ਗਏ। ਅੱਜ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਪੀਲੀਆਂ ਚੁੰਨੀਆਂ ਲੈ ਕੇ ਕਿਸਾਨੀ ਘੋਲ ਵਿੱਚ ਪਹੁੰਚੀਆਂ, ਜਿਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਕਿਸਾਨ ਧਰਨਿਆਂ ਦੌਰਾਨ ਖਨੌਰੀ ਵਿਖੇ ਕਿਸਾਨੀ ਘੋਲ ਦੌਰਾਨ ਸ਼ਹੀਦ ਹੋਏ 21 ਸਾਲ ਦੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਕਿਸਾਨ ਜਥੇਬੰਦੀਆਂ ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਕਬਾਲ ਸਿੰਘ ਲਾਲਪੁਰਾ, ਸੁਰਜੀਤ ਕੁਮਾਰ ਜਿਆਣੀ, ਰਾਣਾ ਗੁਰਮੀਤ ਸੋਢੀ, ਮੰਤਰੀ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਹਰਜੀਤ ਸਿੰਘ, ਅਰਵਿੰਦ ਖੰਨਾ, ਕਾਕਾ ਸਿੰਘ ਕੰਬੋਜ, ਦੀਦਾਰ ਸਿੰਘ ਭੱਟੀ, ਕੇਵਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਕਾਕਾ, ਰਾਜਿੰਦਰ ਮੋਹਨ ਸਿੰਘ ਛੀਨਾ, ਅਮਰਪਾਲ ਸਿੰਘ ਬੋਨੀ, ਫ਼ਤਹਿਜੰਗ ਸਿੰਘ ਬਾਜਵਾ, ਰਾਕੇਸ਼ ਕੁਮਾਰ ਜੈਨ, ਭੁਪੇਸ਼ ਅਗਰਵਾਲ, ਰਾਜੇਸ਼ ਪੇਠਲੀ ਅਤੇ ਡਾ. ਸੀਮਾਂਤ ਗਰਗ ਦੇ ਘਰਾਂ ਅੱਗੇ ਧਰਨੇ ਦਿੱਤੇ। ਕਿਸਾਨ ਆਗੂਆਂ ਨੇ ਸ਼ੁਭਕਰਨ ਸਿੰਘ ਦੀ ਮੌਤ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ।
ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਵੱਖ-ਵੱਖ ਆਗੂਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਸੱਤਾ ਦੇ ਹੰਕਾਰ ਵਿੱਚ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਕੇ ਕਾਰਪੋਰੇਟ ਦੇ ਹਿੱਤਾਂ ਨੂੰ ਪੂਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਸਾਨਾਂ ਨੂੰ 26 ਫਰਵਰੀ ਨੂੰ ਟਰੈਕਟਰ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।