ਨਾਰੀ ਏਕਤਾ ਜਬਰ ਵਿਰੋਧੀ ਫਰੰਟ ਵੱਲੋਂ ਨਾਅਰੇਬਾਜ਼ੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 23 ਸਤੰਬਰ
ਇੱਥੋਂ ਨੇੜਲੇ ਪਿੰਡ ਰੋਸ਼ਨਵਾਲਾ ਦੇ ਪੇਂਡੂ ਦਲਿਤ ਮਜ਼ਦੂਰਾਂ ਨੇ ਨਾਰੀ ਏਕਤਾ ਜਬਰ ਵਿਰੋਧੀ ਫਰੰਟ ਪੰਜਾਬ ਦੀ ਅਗਵਾਈ ਹੇਠ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਖ਼ਿਲਾਫ਼ ਰੈਲੀ ਕੀਤੀ।
ਨਾਰੀ ਏਕਤਾ ਜਬਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ, ਸੂਬਾ ਆਗੂ ਪ੍ਰੇਮ ਸਿੰਘ, ਬਲਾਕ ਆਗੂ ਅਵਤਾਰ ਸਿੰਘ, ਅੰਮ੍ਰਿਤਪਾਲ ਕੌਰ ਅਤੇ ਸ਼ਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵਾਂਗ ਹੀ ਮਜ਼ਦੂਰਾਂ ਨੂੰ ਵਾਅਦੇ ਕੀਤੇ ਸਨ। ‘ਆਪ’ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ, 10-10 ਮਰਲੇ ਪਲਾਟ, ਮਜ਼ਦੂਰਾਂ ਨੂੰ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਬਾਰੇ ਕਿਹਾ ਸੀ ਪਰ ਕੋਈ ਵਾਅਦਾ ਵਫ਼ਾ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ 30 ਸਤੰਬਰ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਡੀਸੀ ਦਫ਼ਤਰ ਸੰਗਰੂਰ ਅੱਗੇ ਲਗਾਏ ਜਾ ਰਹੇ ਧਰਨੇ ਦੀ ਹਮਾਇਤ ਕੀਤੀ ਜਾਵੇਗੀ।