For the best experience, open
https://m.punjabitribuneonline.com
on your mobile browser.
Advertisement

ਨਾਅਰੇ ਬੜੇ ਪਿਆਰੇ: ਦੇਸ਼ ਦਾ ਨੇਤਾ ਕੈਸਾ ਹੋ..!

08:45 AM Apr 23, 2024 IST
ਨਾਅਰੇ ਬੜੇ ਪਿਆਰੇ  ਦੇਸ਼ ਦਾ ਨੇਤਾ ਕੈਸਾ ਹੋ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 22 ਅਪਰੈਲ
ਲੋਕ ਸਭਾ ਚੋਣਾਂ ਦੇ ਪ੍ਰਚਾਰ ’ਚ ‘ਚੋਣ ਨਾਅਰੇ’ ਇੱਕ ਨਿਆਰਾ ਰੰਗ ਹੀ ਨਹੀਂ ਭਰਦੇ ਸਗੋਂ ਲੋਕ ਉਮੀਦਾਂ ਨੂੰ ਵੀ ਜਗਾਉਂਦੇ ਹਨ। ਨਾਅਰੇ ਹੀ ਹਨ ਜਿਹੜੇ ਧਰਵਾਸ ਬੰਨ੍ਹਦੇ ਹਨ। ਤਾਹੀਂ ਸਿਆਸੀ ਧਿਰਾਂ ਦਾ ਪੂਰਾ ਤਾਣ ਖਿੱਚਪਾਊ ਨਾਅਰੇ ਘੜਨ ’ਤੇ ਲੱਗਦਾ ਹੈ। ਪੰਜਾਬ ਵਿੱਚ ਹਰ ਚੋਣ ’ਚ ਨਵਾਂ ਨਾਅਰਾ ਗੂੰਜਿਆ ਹੈ। ਭਾਜਪਾ ਨੇ ਹੁਣ ‘ਇਸ ਵਾਰ, 400 ਪਾਰ’ ਦਾ ਨਾਅਰਾ ਦਿੱਤਾ ਹੈ ਜਦੋਂਕਿ ਕਾਂਗਰਸ ਨੇ ‘ਹਾਥ ਬਦਲੇਗਾ ਹਾਲਾਤ’ ਦਾ ਨਾਅਰਾ ਦਿੱਤਾ ਹੈ। ਪੰਜਾਬ ’ਚ ‘ਆਪ’ ਦਾ ਨਾਅਰਾ ਹੈ, ‘ਸੰਸਦ ’ਚ ਵੀ ਭਗਵੰਤ ਮਾਨ, ਖ਼ੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’।
ਬਹੁਤੇ ਸਿਆਸੀ ਨਾਅਰੇ ਅਜਿਹੇ ਹਨ ਜਿਨ੍ਹਾਂ ਨੂੰ ਹਰ ਸਿਆਸੀ ਨੇਤਾ ਆਪਣੇ ਨਾਮ ਨਾਲ ਫਿੱਟ ਕਰ ਲੈਂਦਾ ਹੈ। ਮਿਸਾਲ ਵਜੋਂ ,‘ਦੇਸ਼ ਕਾ ਨੇਤਾ ਕੈਸਾ ਹੋ..’, ਜਿੱਤੂਗਾ ਬਈ ਜਿੱਤੂਗਾ..’ ਅਤੇ ‘..ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’। ਪੁਰਾਣੇ ਵੇਲਿਆਂ ਵਿੱਚ ਚੋਣ ਨਾਅਰਿਆਂ ’ਚ ਪੰਥਕ ਦਿੱਖ ਵਾਲੇ ਨਾਅਰੇ ਗੂੰਜਦੇ ਸਨ ਜਿਵੇਂ ‘ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ’, ‘ਦੇਗ ਤੇਗ਼ ਫ਼ਤਹਿ, ਪੰਥ ਕੀ ਜੀਤ’, ‘ਜਿੱਤੇਗਾ ਵੀ ਜਿੱਤੇਗਾ ਤੱਕੜੀ ਵਾਲਾ ਜਿੱਤੇਗਾ।’ ਮੌਜੂਦਾ ਅਕਾਲੀ ਸਿਆਸਤ ‘ਰਾਜ ਨਹੀਂ ਸੇਵਾ’ ਮਗਰੋਂ ਹੁਣ ‘ਸਾਡਾ ਵੀਰ ਸੁਖਬੀਰ’ ਤੱਕ ਪਹੁੰਚ ਗਈ ਹੈ।
ਪੰਜਾਬ ਵਿੱਚ ਅਕਾਲੀ ਦਲ ਅਤੇ ਜਨ ਸੰਘ (ਚੋਣ ਨਿਸ਼ਾਨ ਦੀਵਾ) ਦਾ ਗੱਠਜੋੜ ਹੁੰਦਾ ਸੀ ਤਾਂ ਉਦੋਂ ਕਾਂਗਰਸੀਆਂ ਦਾ ਅਕਾਲੀਆਂ ਖ਼ਿਲਾਫ਼ ਇੱਕ ਨਾਅਰਾ ਹੁੰਦਾ ਸੀ, ‘ਤੱਕੜੀ ਦੇ ਵਿੱਚ ਦੀਵਾ ਫਸਾ ਕੇ ਲੈਣ ਆਉਣਗੇ ਵੋਟਾਂ ਨੂੰ; ਪਾਓ ਨਾ ਵੀ, ਪਾਓ ਨਾ।’ ਪਹਿਲੀ ਲੋਕ ਸਭਾ ਚੋਣ ਹੋਈ ਤਾਂ ਕਾਂਗਰਸ ਨੇ ਨਾਅਰਾ ਦਿੱਤਾ ‘ਸਥਾਈ, ਅਸੰਪਰਦਾਇਕ ਤੇ ਪ੍ਰਗਤੀਸ਼ੀਲ ਸਰਕਾਰ ਕੇ ਲੀਏ ਕਾਂਗਰਸ’। ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪਹਿਲਾਂ ਚੋਣਾਂ ਤੋਂ ਹਟ ਕੇ ਨਾਅਰਾ ਪ੍ਰਚੱਲਤ ਕੀਤਾ, ‘ਹਿੰਦੀ ਚੀਨੀ, ਭਾਈ ਭਾਈ’। ਜਨ ਸੰਘ ਨੇ 1962 ਵਿੱਚ ਨਹਿਰੂ ਦੀ ਵਿਦੇਸ਼ ਨੀਤੀ ’ਤੇ ਤਨਜ਼ ਕੀਤਾ, ‘ਵਾਹ ਰੇ ਨਹਿਰੂ ਤੇਰੀ ਮੌਜ, ਘਰ ਮੇ ਹਮਲਾ, ਬਾਹਰ ਫ਼ੌਜ’। ਲਾਲ ਬਹਾਦਰ ਸ਼ਾਸਤਰੀ ਦਾ ਨਾਅਰਾ ਅੱਜ ਵੀ ਮਕਬੂਲ ਹੈ, ‘ਜੈ ਜਵਾਨ, ਜੈ ਕਿਸਾਨ।’
1967 ਦੀਆਂ ਚੋਣਾਂ ਵਿੱਚ ਜਨ ਸੰਘ ਨੇ ਵੋਟਰਾਂ ਨੂੰ ਕਾਂਗਰਸ ਤੇ ਤੰਬਾਕੂ ਛੱਡਣ ਦਾ ਸਲਾਹਮਈ ਨਾਅਰਾ ਦਿੱਤਾ, ‘ਜਨ ਸੰਘ ਕੋ ਵੋਟ ਦੋ, ਬੀੜੀ ਪੀਨਾ ਛੋੜ ਦੋ, ਬੀੜੀ ਮੇ ਤੰਬਾਕੂ ਹੈ, ਕਾਂਗਰਸ ਵਾਲਾ ਡਾਕੂ ਹੈ।’ ਕਾਂਗਰਸ ਨੇ 1971 ਵਿਚ ‘ਗ਼ਰੀਬੀ ਹਟਾਓ, ਇੰਦਰਾ ਲਿਆਓ’ ਦਾ ਨਾਅਰਾ ਦਿੱਤਾ। ਜਨ ਸੰਘ ਨੇ ਮੋੜਵਾਂ ਨਾਅਰਾ ਦਿੱਤਾ, ‘ਦੇਖੋ ਇੰਦਰਾ ਕਾ ਯੇ ਖੇਲ, ਖਾ ਗਈ ਰਾਸ਼ਨ, ਪੀ ਗਈ ਤੇਲ’। ਜਨਤਾ ਪਾਰਟੀ ਨੇ 1975 ਵਿਚ ਨਾਅਰਾ ਦਿੱਤਾ, ‘ਇੰਦਰਾ ਹਟਾਓ, ਦੇਸ਼ ਬਚਾਓ’। ਬਿਹਾਰ ’ਚ ਇੱਕ ਨਾਅਰਾ ਬਹੁਤ ਗੂੰਜਿਆ, ‘ਜਬ ਤੱਕ ਰਹੇਗਾ ਸਮੋਸੇ ਮੇ ਆਲੂ, ਤਬ ਤੱਕ ਰਹੇਗਾ ਬਿਹਾਰ ਮੇ ਲਾਲੂ।’
ਬਸਪਾ ਦਾ ਨਾਅਰਾ ਰਿਹਾ ਹੈ, ‘ਚੱਲੇਗਾ ਹਾਥੀ ਉੱਡੇਗੀ ਧੂਲ, ਨਾ ਰਹੇਗਾ ਹਾਥ, ਨਾ ਰਹੇਗਾ ਕਮਲ ਕਾ ਫੂਲ।’ ਉੱਤਰ ਪ੍ਰਦੇਸ਼ ਵਿੱਚ ਦੋ ਨਾਅਰੇ ਸਮਾਜਵਾਦੀ ਪਾਰਟੀ ਦੇ ਵੋਟਰਾਂ ’ਚ ਪ੍ਰਚੱਲਤ ਹੋਏ, ‘ਵਿਕਾਸ ਦਾ ਪਹੀਆ, ਅਖਿਲੇਸ਼ ਭਈਆ’ ਅਤੇ ‘ਵਿਕਾਸ ਕੀ ਚਾਬੀ, ਡਿੰਪਲ ਭਾਬੀ।’ ਦੇਖਿਆ ਜਾਵੇ ਤਾਂ ਇਹ ਨਾਅਰੇ ਹੀ ਹਨ ਜੋ ਲੋਕਾਈ ਦੇ ਦਰਦ ਦਾ ਪ੍ਰਗਟਾਅ ਕਰਦੇ ਹਨ ਅਤੇ ਇਨ੍ਹਾਂ ਜ਼ਰੀਏ ਨੇਤਾ ਲੋਕ ਇੱਕ ਦੂਜੇ ਦੀ ਚੀਰ ਫਾੜ ਕਰਦੇ ਹਨ। ਚੋਣਾਂ ਮੌਕੇ ਸਿਆਸੀ ਧਿਰਾਂ ਵੱਲੋਂ ਵਿਸ਼ੇਸ਼ ਨਾਅਰੇ ਘੜੇ ਜਾਂਦੇ ਹਨ ਜੋ ਲੋਕ ਮਨਾਂ ’ਤੇ ਸਿੱਧਾ ਪ੍ਰਭਾਵ ਛੱਡਣ।
ਕਾਂਗਰਸ ਨੇ 1984 ਵਿਚ ਨਾਅਰਾ ਦਿੱਤਾ, ‘ਜਬ ਤੱਕ ਸੂਰਜ ਚਾਂਦ ਰਹੇਗਾ, ਇੰਦਰਾ ਤੇਰਾ ਨਾਮ ਰਹੇਗਾ।’ ਜਦੋਂ ਇੰਦਰਾ ਗਾਂਧੀ 1978 ਵਿੱਚ ਚਿਕਮਗਲੂਰ ਦੀ ਜ਼ਿਮਨੀ ਚੋਣ ਜਿੱਤੀ ਸੀ, ਉਦੋਂ ਨਾਅਰਾ ਗੂੰਜਿਆ ਸੀ, ‘ਏਕ ਸ਼ੇਰਨੀ, ਸੌ ਲੰਗੂਰ, ਚਿਕਮਗਲੂਰ ਚਿਕਮਗਲੂਰ।’ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਕਿਹਾ ਸੀ ,‘ਅਬ ਹੋਗਾ ਨਿਆਂ’। ਹੁਣ ਇੰਡੀਆ ਗੱਠਜੋੜ ਦਾ ਸਰਬ ਸਾਂਝਾ ਨਾਅਰਾ ਹੈ, ‘ਦੇਸ਼ ਤੇ ਸੰਵਿਧਾਨ ਬਚਾਓ, ਭਾਜਪਾ ਹਰਾਓ।’ 2014 ਵਿਚ ਭਾਜਪਾ ਨੇ ਨਾਅਰਾ ਦਿੱਤਾ, ‘ਅਬ ਕੀ ਬਾਰ ਮੋਦੀ ਸਰਕਾਰ’ ਤੇ ‘ਅੱਛੇ ਦਿਨ ਆਨੇ ਵਾਲੇ ਹੈਂ।’
ਭਾਜਪਾ ਨੇ 2019 ਵਿੱਚ ਕਿਹਾ, ‘ਫਿਰ ਏਕ ਬਾਰ, ਮੋਦੀ ਸਰਕਾਰ’। 1991 ਵਿਚ ਭਾਜਪਾ ਦਾ ਨਾਅਰਾ ਸੀ, ‘ਸਭ ਕੋ ਪਰਖਾ, ਹਮਕੋ ਪਰਖੋ। ਇਵੇਂ ਨਿਊਕਲੀਅਰ ਟੈਸਟ ਕਰਨ ਮਗਰੋਂ ਭਾਜਪਾ ਨੇ ਗੂੰਜ ਪਾਈ ਸੀ, ‘ਜੈ ਜਵਾਨ ਜੈ ਕਿਸਾਨ ਜੈ ਵਿਗਿਆਨ’। ‘ਸ਼ਾਈਨਿੰਗ ਇੰਡੀਆ’ ਦਾ ਨਾਅਰਾ ਤਾਂ ਜਲਵਾ ਨਹੀਂ ਦਿਖਾ ਸਕਿਆ ਸੀ। ਕਾਂਗਰਸ ਨੇ 2009 ਵਿੱਚ ਜ਼ੋਰਦਾਰ ਨਾਅਰਾ ਦਿੱਤਾ ਸੀ, ‘ਸੋਨੀਆ ਨਹੀਂ ਯੇ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ।’

Advertisement

ਆ ਗਿਆ ਬਰਨਾਲਾ...

ਕਿਸਾਨ ਧਿਰਾਂ ਦੇ ਨਾਅਰੇ ਜੋਸ਼ਮਈ ਹੁੰਦੇ ਰਹੇ ਹਨ ਜੋ ਇੱਕ ਲੈਅ ਵਿੱਚ ਵੀ ਹੁੰਦੇ ਸਨ। ਕਿਸਾਨਾਂ ਦਾ ਇੱਕ ਨਾਅਰਾ ਸਿਖਰ ’ਤੇ ਰਿਹਾ। ‘ਸਾਲ ਚੁਰਾਸੀ ਦੇਣਾ ਕੱਟ ਚੁਰਾਸੀ ਨੂੰ, ਕਣਕ ਤੇ ਕਰਜ਼ਾ ਨਹੀਂ ਦੇਣਾ, ਚੋਰਾਂ ਦੀ ਮਾਸੀ ਨੂੰ।’ ਕਿਸਾਨਾਂ ਨੇ ਕਰਜ਼ੇ ਨਾ ਮੋੜਨ ਅਤੇ ਕੇਂਦਰ ਨੂੰ ਕਣਕ ਨਾ ਦੇਣ ਦੀ ਗੱਲ ਆਖੀ ਸੀ। ਜਦੋਂ ਸੁਰਜੀਤ ਸਿੰਘ ਬਰਨਾਲਾ ਕਿਸਾਨਾਂ ਦੀਆਂ ਆਸਾਂ ’ਤੇ ਖਰੇ ਨਾ ਉੱਤਰੇ ਤਾਂ ਧਰਨਿਆਂ ਵਿੱਚ ਨਾਅਰਾ ਗੂੰਜਿਆ, ‘ਆ ਗਿਆ ਬਰਨਾਲਾ, ਕਰਾ ਲਓ ਮੰਗਾਂ ਪੂਰੀਆਂ।’ ਜਦੋਂ ਦੇਸ਼ ਵਿਚ ਤੇਲ ਦੀ ਕਮੀ ਆਈ ਤਾਂ ਪੰਜਾਬ ਵਿੱਚ ਕਿਸਾਨਾਂ ਦੇ ਨਾਅਰੇ ਦੀ ਗੂੰਜ ਪਈ ਸੀ, ‘ਇੰਦਰਾ ਤੇਰੀ ਸੜਕ ’ਤੇ, ਖ਼ਾਲੀ ਢੋਲ ਖੜਕਦੇ।’

Advertisement
Author Image

joginder kumar

View all posts

Advertisement
Advertisement
×