ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਅੱਗੇ ਗੂੰਜੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਨਵੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ‘ਮੈਂ ਪੰਜਾਬ ਬੋਲਦਾ ਹਾਂ’ ਖੁੱਲ੍ਹੀ ਬਹਿਸ ਰੱਖੀ ਗਈ ਸੀ। ਪੀਏਯੂ ਦੇ ਡਾ. ਮਨਮੋਹਨ ਆਡੀਟੋਰੀਅਮ ਵਿੱਚ ਜਦੋਂ ਅੰਦਰ ਬਹਿਸ ਵਿੱਚ ਮੁੱਖ ਮੰਤਰੀ ਭਾਸ਼ਨ ਦੇ ਰਹੇ ਸਨ ਤਾਂ ਪੀਏਯੂ ਦੇ ਬਾਹਰ ਪ੍ਰਦਰਸ਼ਨ ਹੋ ਰਹੇ ਸਨ। ਇਸ ਦੌਰਾਨ ਜਿਸ ਨੇ ਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਉਸ ਨੂੰ ਪੁਲੀਸ ਗੱਡੀ ਵਿੱਚ ਸੁੱਟ ਕੇ ਥਾਣੇ ਲੈ ਗਈ। ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਲਈ ਟੀਟੂ ਬਾਣੀਆ ਸਵੇਰੇ 10 ਵਜੇ ਹੀ ਪੀਏਯੂ ਦੇ ਬਾਹਰ ਪੁੱਜ ਗਿਆ। ਇਸ ਵਾਰ ਉਹ ਆਪਣੀ ਕਾਰ ਵਿੱਚ ਕੁਰਸੀ ਵੀ ਰੱਖ ਕੇ ਲਿਆਇਆ। ਉਸ ਨੇ ਆਪਣੀ ਸਾਥਿਆਂ ਸਣੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਕੁਰਸੀ ਲੈ ਕੇ ਜਦੋਂ ਉਹ ਅੰਦਰ ਜਾਣ ਲੱਗਿਆ ਤਾਂ ਉਸ ਨੂੰ ਪੁਲੀਸ ਨੇ ਰੋਕ ਲਿਆ। ਟੀਟੂ ਬਾਣੀਏ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ’ਤੇ ਕੋਈ ਵੀ ਵਿਰੋਧੀ ਧਿਰ ਦਾ ਆਗੂ ਗੱਲ ਕਰਨ ਨਹੀਂ ਪੁੱਜਿਆ। ਉਨ੍ਹਾਂ ਦੀ ਕੁਰਸੀ ਨਹੀਂ ਸੀ ਤਾਂ ਉਹ ਆਪਣੀ ਕੁਰਸੀ ਲੈ ਕੇ ਆਏ ਹਨ। ਵਿਰੋਧੀ ਪਾਰਟੀਆਂ ਸਰਕਾਰ ਤੋਂ ਡਰ ਕੇ ਭੱਜ ਰਹੀਆਂ ਹਨ। ਉਹ ਪੰਜਾਬ ਦੇ ਮੁੱਦਿਆਂ ’ਤੇ ਮੁੱਖ ਮੰਤਰੀ ਨਾਲ ਗੱਲ ਕਰਨ ਲਈ ਆਏ ਹਨ, ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਸਰਕਾਰ ਖ਼ਿਲਾਫ਼ ਕਈ ਤਰ੍ਹਾਂ ਦੇ ਸ਼ਬਦੀ ਹਮਲੇ ਕੀਤੇ। ਪਹਿਲਾਂ ਪੁਲੀਸ ਨੇ ਉਨ੍ਹਾਂ ਨੂੰ ਸਮਝਾਇਆ, ਪਰ ਬਾਅਦ ’ਚ ਉਨ੍ਹਾਂ ਨੂੰ ਗੇਟ ਕੋਲੋਂ ਹਟਾ ਕੇ ਸਾਈਡ ’ਤੇ ਬਿਠਾ ਦਿੱਤਾ ਤਾਂ ਕਿ ਉਹ ਆਪਣੀ ਗੱਲ ਰੱਖ ਸਕਣ। ਇਸ ਮੌਕੇ ਐੱਨਐੱਸਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਿਆ।
ਪ੍ਰਦਰਸ਼ਨਕਾਰੀਆਂ ਵਿੱਚ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਬਣਾਈ ਗਈ ਭੈਣ ਵੀ ਸ਼ਾਮਲ ਹੋਈ ਸੀ। ਕੇਜਰੀਵਾਲ ਦੀ ਇਹ ਭੈਣ ਪੰਜਾਬ ਦੀ ਲੜਕੀ ਤੇ ਬੇਰੁਜ਼ਗਾਰ ਅਧਿਆਪਕ ਸਿੱਪੀ ਸ਼ਰਮਾ ਹੈ, ਜੋ ਕਾਂਗਰਸ ਸਰਕਾਰ ਦੇ ਸਮੇਂ ਪ੍ਰਦਰਸ਼ਨ ਦੌਰਾਨ ਟੈਂਕੀ ’ਤੇ ਚੜ੍ਹ ਗਈ ਸੀ। ਇਸ ਦੌਰਾਨ ਕੇਜਰੀਵਾਲ ਤੇ ਭਗਵੰਤ ਮਾਨ ਨੇ ਉਸ ਨੂੰ ਆਪਣੀ ਭੈਣ ਬਣਾਇਆ ਸੀ ਤੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਪੱਕੀ ਨੌਕਰੀ ਦਿੱਤੀ ਜਾਵੇਗੀ। ਇਸ ਦੌਰਾਨ ਸਿੱਪੀ ਸ਼ਰਮਾ ਨੇ ਕਿਹਾ ਕਿ ਜਿੱਥੇ ਪੰਜਾਬ ਦੀਆਂ ਧੀਆਂ ਆਪਣਾ ਕਰਵਾਚੌਥ ਘਰਾਂ ਵਿੱਚ ਮਨਾਉਂਦੀਆਂ ਹਨ, ਉਹ ਪਿਛਲੇ ਤਿੰਨ ਸਾਲਾਂ ਤੋਂ ਪ੍ਰਦਰਸ਼ਨ ਕਰ ਕੇ ਆਪਣਾ ਕਰਵਾਚੌਥ ਮਨਾ ਰਹੀ ਹੈ, ਪਰ ਇਸ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਪੀਟੀਆਈ ਅਧਿਆਪਕ ਯੂਨੀਅਨ ਨਾਲ ਜੁੜੀ ਸਿੱਪੀ ਸ਼ਰਮਾ ਨੇ ਦੱਸਿਆ ਕਿ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਮੰਗਾਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਹੁਣ ਆਪ ਦੀ ਸਰਕਾਰ ਹੈ ਪਰ ਮੰਗਾਂ ’ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਉਹ ਕਹਿੰਦੀ ਹੈ ਕਿ ਜਦੋਂ ਪਿਛਲੀ ਕਾਂਗਰਸ ਸਰਕਾਰ ’ਚ ਪ੍ਰਦਰਸ਼ਨ ਕਰਦੇ ਹੋਏ ਉਹ ਟੈਂਕੀ ’ਤੇ ਚੜ੍ਹੀ ਸੀ ਤਾਂ ਵੋਟ ਲੈਣ ਲਈ ‘ਆਪ’ ਸੁਪਰੀਮੋ ਤੇ ਭਗਵੰਤ ਮਾਨ ਨੇ ਉਸ ਨੂੰ ਆਪਣੀ ਭੈਣ ਬਣਾਇਆ ਸੀ ਤੇ ਕਿਹਾ ਸੀ ਕਿ ਉਹ ਸਰਕਾਰ ਆਉਣ ’ਤੇ ਨੌਕਰੀ ਦੇਣਗੇ, ਪਰ ਜਦੋਂ ਸਰਕਾਰ ਆਈ ਤਾਂ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ। ਉਸ ਨੇ ਕਿਹਾ ਕਿ ਪਿਛਲੇ ਤਿੰਨ ਦਿਨ ਤੋਂ ਇੰਟੈਂਲੀਜੈਂਸ ਉਸ ਦੇ ਘਰ ਜਾ ਕੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਵਿੱਚ ਲੱਗੀ ਹੈ ਕਿ ਉਹ ਪ੍ਰਦਰਸ਼ਨ ਕਰਨ ਲਈ ਨਾ ਜਾਵੇ।
ਕਿਸਾਨ ਜਥੇਬੰਦੀਆਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਅੰਦਰ
ਬਹਿਸ ਵਿੱਚ ਹਿੱਸਾ ਲੈਣ ਲਈ ਕਿਸਾਨ ਜਥੇਬੰਦੀਆਂ ਵੀ ਪੀਏਯੂ ਪੁੱਜੀਆਂ। ਕੁਝ ਕਿਸਾਨ ਜੱਥੇਬੰਦੀਆਂ ਆਪਣੀਆਂ ਮੰਗਾਂ ਲੈ ਕੇ ਬਹਿਸ ’ਚ ਜਾਣਾ ਚਾਹੁੰਦੀਆਂ ਸਨ। ਉਨ੍ਹਾਂ ਨੂੰ ਵੀ ਪੁਲੀਸ ਨੇ ਰੋਕ ਲਿਆ। ਜਦੋਂ ਉਨ੍ਹਾਂ ਦੇ ਆਗੂ ਨਾਅਰੇਬਾਜ਼ੀ ਕਰਨ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਗੱਡੀ ’ਚ ਬਿਠਾ ਲਿਆ ਤੇ ਉਥੋਂ ਲੈ ਗਏ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਰਮਵੀਰ ਸਿੰਘ ਨੇ ਦੱਸਿਆ ਕਿ ਖੁੱਲ੍ਹੀ ਬਹਿਸ ਦਾ ਸੱਦਾ ਮਿਲਣ ’ਤੇ ਹੀ ਉਹ ਇੱਥੇ ਆਏ ਸਨ ਪਰ ਉਨ੍ਹਾਂ ਨੂੰ ਬਹਿਸ ਵਿੱਚ ਜਾਣ ਨਹੀਂ ਦਿੱਤਾ ਗਿਆ।