ਚਿੱਪ ਵਾਲੇ ਮੀਟਰ ਲਾਉਣ ’ਤੇ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਅਗਸਤ
ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਸਰਕਾਰ ਅਤੇ ਪਾਵਰਕੌਮ ’ਤੇ ਬਿਜਲੀ ਖਪਤਕਾਰਾਂ ਦੀ ਸਹਿਮਤੀ ਤੋਂ ਬਗੈਰ ਗੁਪਤ ਤਰੀਕੇ ਨਾਲ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਦਾ ਦੋਸ਼ ਲਾਇਆ ਹੈ। ਕਈ ਪਿੰਡਾਂ ’ਚ ਇਨ੍ਹਾਂ ਮੀਟਰਾਂ ਦਾ ਵਿਰੋਧ ਕਰ ਕੇ ਪਾਵਰਕੌਮ ਮੁਲਾਜ਼ਮਾਂ ਨੂੰ ਬੇਰੰਗ ਮੋੜਨ ਅਤੇ ਅਧਿਕਾਰੀਆਂ ਵਲੋਂ ਇਹ ਮੀਟਰ ਨਾ ਲਾਉਣ ਦੇ ਦਿਵਾਏ ਭਰੋਸੇ ਦੇ ਬਾਵਜੂਦ ਇਸ ਨੀਤੀ ਤੋਂ ਪਿੱਛੇ ਨਾ ਹਟਣ ’ਤੇ ਭੜਕੇ ਕਿਸਾਨਾਂ ਤੇ ਮਜ਼ਦੂਰਾਂ ਨੇ ਅੱਜ ਪਿੰਡ ਰਸੂਲਪੁਰ ’ਚ ਮੁੁਜ਼ਾਹਕਾ ਕੀਤਾ। ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ 90 ਫ਼ੀਸਦੀ ਲੋਕਾਂ ਦੇ ਪੰਜਾਬ ’ਚ ਜ਼ੀਰੋ ਬਿਜਲੀ ਬਿੱਲ ਆਉਣ ਦਾ ਢਿੰਡੋਰਾ ਪਿੱਟ ਰਹੀ ਹੈ। ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਸਮੇਂ ਇਸ ਨੂੰ ਪ੍ਰਚਾਰਨ ਮਗਰੋਂ ਹੁਣ ਗੁਆਂਢੀ ਸੂਬੇ ਹਰਿਆਣਾ ਤੋਂ ਇਲਾਵਾ ਰਾਜਸਥਾਨ ’ਚ ਵੀ ਵੱਧ ਚੜ੍ਹ ਕੇ ਇਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹੋਰਨਾਂ ਸੂਬਿਆਂ ’ਚ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਸਿਰਫ ਇਹੋ ਗੱਲ ਦਰਸਾਉਣ ਲਈ ਹੋ ਰਹੀ ਹੈ। ਪਰ ਦੂਜੇ ਪਾਸੇ ਇਹ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਏ ਜਾ ਰਹੇ ਹਨ ਜਿਨ੍ਹਾਂ ’ਚ ਅਗਾਊਂ ਰੁਪਏ ਪਾਉਣ ’ਤੇ ਹੀ ਬਦਲੇ ’ਚ ਓਨੀ ਬਿਜਲੀ ਸਪਲਾਈ ਮਿਲਿਆ ਕਰੇਗੀ। ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇਕੱਤਰਤਾ ’ਚ ਇਸ ਨੂੰ ਸਰਕਾਰ ਤੇ ਪਾਵਰਕੌਮ ਦੀ ਮੁਫ਼ਤ ਬਿਜਲੀ ਸਹੂਲਤ ਤੋਂ ਅਸਿੱਧੇ ਢੰਗ ਨਾਲ ਹੱਥ ਪਿੱਛੇ ਖਿੱਚਣ ਦੀ ਚਾਲ ਦੱਸਿਆ ਗਿਆ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਜਿਵੇਂ ਘਰੇਲੂ ਰਸੋਈ ਸਿਲੰਡਰ ਦੀ ਸਬਸਿਡੀ ਨੂੰ ਮੋਦੀ ਹਕੂਮਤ ਨੇ ਹੌਲੀ ਹੌਲੀ ਕਰਕੇ ਖਾ ਲਿਆ ਹੈ ਉਸੇ ਤਰਜ਼ ’ਤੇ ‘ਆਪ’ ਸਰਕਾਰ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਉਣ ਦੀ ਕਾਰਗੁਜ਼ਾਰੀ ਤੋਂ ਪੰਜਾਬ ਦਾ ਲੋਕ ਸਮੂਹ ਬਹੁਤ ਹੀ ਨਰਾਜ਼ਗੀ ‘ਚ ਹੈ। ਕਿਸਾਨ ਮੋਰਚੇ ਨੇ ਦਿੱਲੀ ਸੰਘਰਸ਼ ਦੇ ਦਬਾਅ ਹੇਠ ਬਿਜਲੀ ਸੋਧ ਬਿੱਲ 2020 ਨੂੰ ਵਾਪਸ ਕਰਵਾ ਲਿਆ ਸੀ। ਪਰ ਪੰਜਾਬ ਸਰਕਾਰ ਮੋਦੀ ਹਕੂਮਤ ਦੇ ਦਾਬੇ ਤਹਿਤ ਇਸੇ ਬਿੱਲ ਨੂੰ ਚਿੱਪ ਵਾਲੇ ਸਮਾਰਟ ਬਿਜਲੀ ਮੀਟਰਾਂ ਜ਼ਰੀਏ ਟੇਢੇ ਢੰਗ-ਤਰੀਕਿਆਂ ਤਹਿਤ ਲਾਗੂ ਕਰਵਾ ਰਹੀ ਹੈ। ਇਸ ਮੌਕੇ ਰੁਪਿੰਦਰ ਸਿੰਘ, ਗੁਰਚਰਨ ਸਿੰਘ, ਬੀਕੇਯੂ (ਡਕੌਂਦਾ) ਦੇ ਸਤਿੰਦਰਪਾਲ ਸਿੰਘ ਸੀਬਾ ਅਤੇ ਸਰਗੁਣ ਸਿੰਘ ਨੇ ਕਿਹਾ ਕਿ ਇਹ ਅਮਲ ਨਾ ਰੋਕੇ ਜਾਣ ’ਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਪਿੰਡ ਰਸੂਲਪੁਰ ਵਿੱਚ ਚੁੱਪ ਚੁਪੀਤੇ ਲਾਏ ਚਿੱਪ ਵਾਲੇ ਸਮਾਰਟ ਬਿਜਲੀ ਮੀਟਰ ਲਾਹ ਕੇ ਵਾਪਸ ਕੀਤੇ ਜਾਣਗੇ।