‘ਆਪ’ ਵਾਲੰਟੀਅਰ ਦੇ ਕਾਗ਼ਜ਼ ਰੱਦ ਹੋਣ ’ਤੇ ਹਲਕਾ ਇੰਚਾਰਜ ਵਿਰੁੱਧ ਨਾਅਰੇਬਾਜ਼ੀ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 7 ਅਕਤੂਬਰ
ਪਿੰਡ ਬਸੰਤਕੋਟ ’ਚ ਸਰਪੰਚੀ ਦੇ ਚਾਹਵਾਨ ‘ਆਪ’ ਦੇ ਸਮਰਥਕਾਂ ਦੇ ਭਰੇ ਕਾਗ਼ਜ਼ ਰੱਦ ਹੋਣ ’ਤੇ ਰੋਹ ’ਚ ਆਏ ਵਾਲੰਟੀਅਰਾਂ ਨੇ ਹਲਕਾ ਇਚਾਰਜ਼ ਗੁਰਦੀਪ ਸਿੰਘ ਰੰਧਾਵਾ ਵਿਰੁੱਧ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਉਨ੍ਹਾਂ ’ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ। ਉਧਰ ‘ਆਪ’ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਉਨ੍ਹਾਂ ਉੱਪਰ ਲਾਏ ਦੋਸ਼ ਬੇਬੁਨਿਆਦ ਹਨ।
ਬਸੰਤਕੋਟ ਦੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਮਨਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ ਪਰ ਹਲਕਾ ਇਚਾਰਜ਼ ਰੰਧਾਵਾ ਦੀ ਕਥਿਤ ਸ਼ਹਿ ’ਤੇ ਕਾਗ਼ਜ਼ ਰੱਦ ਕੀਤੇ ਗਏ। ਸਰਪੰਚੀ ਦੇ ਦਾਅਵੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ 2014 ਤੋਂ ਹੀ ‘ਆਪ’ ਨਾਲ ਜੁੜੇ ਗਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ਬਸੰਤਕੋਟ ਸਣੇ ਹੋਰ 11 ਪਿੰਡਾਂ ਦੇ ਆਰਓ ਨੇ 46 ਸਰਪੰਚੀ ਦੇ ਦਾਅਵੇਦਾਰਾਂ ’ਚੋਂ 16 ਦੇ ਕਾਗਜ਼ ਰੱਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਪਹਿਲਾਂ ਰਵਾਇਤੀ ਧਿਰਾਂ ਦੀਆਂ ਮਨਮਾਨੀਆਂ ਤੋਂ ਪ੍ਰੇਸ਼ਾਨ ਸਨ ਪਰ ‘ਆਪ’ ਦੇ ਰਾਜ ’ਚ ਵੀ ਅਜਿਹਾ ਹੀ ਹੋ ਰਿਹਾ ਹੈ। ਇਸੇ ਤਰ੍ਹਾਂ ਸਿਮਰਨਜੀਤ ਕੌਰ ਨੇ ਸ੍ਰੀ ਰੰਧਾਵਾ ’ਤੇ ਕਥਿਤ ਤਾਨਾਸ਼ਾਹੀ ਦਿਖਾਉਣ ਦੇ ਇਲਜ਼ਾਮ ਲਗਾਏ।
ਉਧਰ, ‘ਆਪ’ ਦੇ ਇੰਚਾਰਜ ਸ੍ਰੀ ਰੰਧਾਵਾ ਨੇ ਦੱਸਿਆ ਕਿ ਸਰਪੰਚੀ ਤੇ ਪੰਚੀ ਦੇ ਦਾਅਵੇਦਾਰਾਂ ਵੱਲੋਂ ਸ਼ਰਤਾਂ ਪੂਰੀਆਂ ਕਰਦੇ ਕਾਗ਼ਜ਼ ਨਹੀਂ ਭਰੇ। ਉਨ੍ਹਾਂ ਦੱਸਿਆ ਕਿ ਸਿੰਘਪੁਰਾ ’ਚ ‘ਆਪ’ ਅਤੇ ਅਕਾਲੀ ਦਲ ਦੇ ਸਰਪੰਚ ਦੇ ਸ਼ਰਤਾਂ ਪੂਰੀਆਂ ਨਾ ਕਰਨ ’ਤੇ ਕਾਗ਼ਜ਼ ਰੱਦ ਹੋ ਗਏ, ਹੁਣ ਕਾਂਗਰਸ ਪੱਖੀ ਹੀ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਬਸੰਤਕੋਟ ਦੀਆਂ ਫਾਈਲ ਵੀ ਰੱਦ ਹੋਈ ਹੈ।