ਚੋਣ ਨਿਸ਼ਾਨ ਦੀਆਂ ਸੂਚੀਆਂ ’ਚ ਦੇਰੀ ਹੋਣ ਕਾਰਨ ਨਾਅਰੇਬਾਜ਼ੀ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 7 ਅਕਤੂਬਰ
ਪੰਚਾਇਤੀ ਚੋਣਾਂ ਨੂੰ ਲੈ ਕੇ ਬਲਾਕ ਮਹਿਲ ਕਲਾਂ ਦੇ ਬੀਡੀਪੀਓ ਦਫ਼ਤਰ ਵਿੱਚ ਚੋਣ ਨਿਸ਼ਾਨ ਸਬੰਧੀ ਸੂਚੀਆਂ ਵਿੱਚ ਦੇਰੀ ਹੋਣ ਦੇ ਰੋਸ ਵਜੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਵੱਲੋਂ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਜਸਵੀਰ ਸਿੰਘ ਖੇੜੀ, ਅਕਾਲੀ ਆਗੂ ਰਿੰਕਾ ਕੁਤਬਾ ਅਤੇ ਵੱਖ-ਵੱਖ ਪਿੰਡਾਂ ਦੇ ਪੰਚੀ ਤੇ ਸਰਪੰਚੀ ਦੇ ਉਮੀਦਵਾਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦੁਪਹਿਰ ਤਿੰਨ ਵਜੇ ਤੱਕ ਚੋਣ ਨਿਸ਼ਾਨ ਜਾਰੀ ਕੀਤੇ ਜਾਣੇ ਸਨ ਪਰ ਉਹ ਸਵੇਰ ਤੋਂ ਲੈ ਕੇ ਬਲਾਕ ਦਫ਼ਤਰ ਖੜ੍ਹੇ ਹਨ, ਪ੍ਰਸ਼ਾਸਨ ਨੇ ਚੋਣ ਨਿਸ਼ਾਨ ਜਾਰੀ ਹੀ ਨਹੀਂ ਕੀਤੇ। ਚੋਣ ਨਿਸ਼ਾਨਾਂ ਵਿੱਚ ਦੇਰੀ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਰਕੇ ਉਹਨਾਂ ਨੂੰ ਪ੍ਰਸ਼ਾਸ਼ਨ ਵਿਰੁੱਧ ਮੁਜ਼ਾਹਰਾ ਕਰਨਾ ਪਿਆ ਹੈ। ਇਸ ਪ੍ਰਦਰਸ਼ਨ ਤੋਂ ਬਾਅਦ ਕਰੀਬ ਪੌਣੇ ਪੰਜ ਵਜੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਦੀਆਂ ਸੂਚੀਆਂ ਲਗਾਈਆਂ ਗਈਆਂ।
ਅੱਜ ਨਾਮਜ਼ਦਗੀਆਂ ਵਾਪਸ ਲੈਣ ਦੇ ਆਖ਼ਰੀ ਦਿਨ ਵਿੱਚ ਬਲਾਕ ਮਹਿਲ ਕਲਾਂ ਵਿੱਚ ਸਰਪੰਚੀ ਦੇ 86 ਅਤੇ ਪੰਚੀ ਦੇ 141 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਗਈਆਂ। ਜਦਕਿ ਪਿੰਡ ਭੱਦਲਵੱਢ ਤੋਂ ਪੰਚੀ ਦੀ ਮਹਿਲਾ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਜਿਸਤੋਂ ਬਾਅਦ ਮਹਿਲ ਕਲਾਂ ਬਲਾਕ ਦੇ 38 ਪੰਚਾਇਤਾਂ ਲਈ 103 ਸਰਪੰਚੀ ਅਤੇ 471 ਪੰਚੀ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।