ਜੰਗਲਾਤ ਵਿਭਾਗ ਦੇ ਡੇਲੀਵੇਜ਼ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ
ਸਰਬਜੀਤ ਸਾਗਰ
ਦੀਨਾਨਗਰ, 27 ਨਵੰਬਰ
ਜੰਗਲਾਤ ਵਿਭਾਗ ਦੇ ਡੇਲੀਵੇਜ਼ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਨਾਲ ਮਿਲਣ ਕਾਰਨ ਮੁਲਾਜ਼ਮ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਦੀ ਅਗਵਾਈ ਕਰਨ ਵਾਲੇ ਰਿਸ਼ੀ ਪਾਲ ਜ਼ਿਲ੍ਹਾ ਸਕੱਤਰ ਵਣ ਵਿਭਾਗ ਯੂਨੀਅਨ ਨੇ ਦੱਸਿਆ ਕਿ ਹਲਕਾ ਦੀਨਾਨਗਰ ਅਤੇ ਕਾਦੀਆਂ ਦੇ ਕਰੀਬ ਦਰਜਨ ਮੁਲਾਜ਼ਮ ਸਮੇਂ ਸਿਰ ਤਨਖ਼ਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਦੇ ਦੀਨਾਨਗਰ ਤੇ ਕਾਦੀਆਂ ’ਚ ਤਾਇਨਾਤ ਗਾਰਡਾਂ ਦੀ ਵਜ੍ਹਾ ਕਾਰਨ ਇਹ ਤਨਖ਼ਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ। ਉਨ੍ਹਾਂ ਦੱਸਿਆ ਕਿ ਇਸ ਵੇਲੇ ਤਿਲਕ ਰਾਜ, ਨਰੇਸ਼ ਕੁਮਾਰ, ਰਿਸ਼ੀ ਪਾਲ, ਰਾਣੀ ਦੇਵੀ, ਕੀਮਤੀ ਲਾਲ, ਤਰਸੇਮ ਲਾਲ, ਹਰਭਜਨ ਸਿੰਘ, ਬਲਵਿੰਦਰ ਸਿੰਘ ਅਤੇ ਅਮਰੀਕ ਸਿੰਘ ਡੇਲੀਵੇਜ਼ ਮੁਲਾਜ਼ਮ ਤਨਖ਼ਾਹਾਂ ਤੋਂ ਵਾਂਝੇ ਹਨ। ਉਨ੍ਹਾਂ ਡੀਐੱਫਓ ਗੁਰਦਾਸਪੁਰ ਤੋਂ ਜਾਂਚ ਦੀ ਮੰਗ ਕੀਤੀ। ਉੱਧਰ, ਦੂਜੇ ਪਾਸੇ ਸੀਟੂ ਦੇ ਜ਼ਿਲ੍ਹਾ ਸਕੱਤਰ ਮਾਇਆਧਾਰੀ ਅਤੇ ਵਣ ਵਿਭਾਗ ਯੂਨੀਅਨ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਉਹ ਵਣ ਗਾਰਡਾਂ ਅਤੇ ਹੋਰਨਾਂ ਉੱਚ ਅਧਿਕਾਰੀਆਂ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਵਣ ਗਾਰਡ ਨੇ ਦੋਸ਼ਾਂ ਨੂੰ ਨਕਾਰਿਆ
ਜੰਗਲਾਤ ਵਿਭਾਗ ਦੇ ਗਾਰਡ ਹਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਤਨਖ਼ਾਹ ਬਜਟ ਦੇ ਹਿਸਾਬ ਨਾਲ ਪੈਂਦੀ ਹੈ ਅਤੇ ਕਈ ਵਾਰ ਲੇਟ ਹੋ ਜਾਂਦੀ ਹੈ। ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ 6 ਮੁਲਾਜ਼ਮਾਂ ਦੀ ਤਨਖ਼ਾਹ ਬਕਾਇਆ ਹੈ ਜਦਕਿ ਹੋਰਨਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਵੀ ਨਕਾਰਿਆ।