ਪੈਨਸ਼ਨਰਾਂ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪਰਸ਼ੋਤਮ ਬੱਲੀ
ਬਰਨਾਲਾ, 5 ਜੂਨ
ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਦੀ ਇਕੱਤਰਤਾ ਇੱਥੇ ਧਨੌਲਾ ਰੋਡ ਪੈਨਸ਼ਨਰਜ਼ ਦਫ਼ਤਰ ਵਿਚ ਮੇਲਾ ਸਿੰਘ ਕੱਟੂ ਦੀ ਪ੍ਰਧਾਨਗੀ ਹੇਠ ਹੋਈ। ਬੁਲਾਰਿਆਂ ’ਚ ਸ਼ਾਮਲ ਸਿੰਦਰ ਧੌਲਾ, ਹਰਨੇਕ ਸਿੰਘ ਸੰਘੇੜਾ, ਜੱਗਾ ਸਿੰਘ, ਰੂਪ ਚੰਦ ਤਪਾ, ਨਰਾਇਣ ਦੱਤ, ਗੌਰੀ ਸ਼ੰਕਰ, ਜੋਗਿੰਦਰ ਪਾਲ, ਅਬਜਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਭਾਵੇਂ 18ਵੀਆਂ ਲੋਕ ਸਭਾ ਦਾ ਚੋਣਾਂ ਦਾ ਅਮਲ ਪੂਰਾ ਹੋਣ ਉਪਰੰਤ ਨਵੀਂ ਕੇਂਦਰ ਸਰਕਾਰ ਬਣਨ ਜਾ ਰਹੀ ਹੈ ਪਰ ਕੇਂਦਰ ਤੇ ਪੰਜਾਬ ਸਰਕਾਰ ਦੀ ਨੀਤੀ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ-ਮੁਲਾਜ਼ਮ ਵਿਰੋਧੀ ਹੀ ਰਹੇਗੀ। ਮਿਹਨਤਕਸ਼ਾਂ ਨੂੰ ਆਪਣੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਵਾਉਣ ਲਈ ਸੰਘਰਸ਼ਾਂ ’ਤੇ ਹੀ ਟੇਕ ਰੱਖਣ ਦੀ ਲੋੜ ਹੈ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ’ਤੇ ਧਿਆਨ ਨਾ ਦੇਣ ਕਾਰਨ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਦੌਰਾਨ 8 ਸਾਲ ਪੁਰਾਣੇ ਕੇਸ ’ਚ ਜੇਲ੍ਹ ਡੱਕੇ ਸੂਬਾ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਦੀ ਫੌਰੀ ਬਿਨਾਂ ਸ਼ਰਤ ਰਿਹਾਈ ਮੰਗੀ। ਸਟੇਜ ਸਕੱਤਰ ਦੇ ਫਰਜ਼ ਗੁਰਚਰਨ ਸਿੰਘ ਨੇ ਨਿਭਾਏ। ਇਸ ਸਮੇਂ ਬਹਾਦਰ ਸਿੰਘ, ਰਜਿੰਦਰ ਸਿੰਘ, ਰਾਮ ਸਿੰਘ, ਰਾਮਪਾਲ ਸਿੰਘ, ਪਿਆਰਾ ਸਿੰਘ, ਸਿਕੰਦਰ ਸਿੰਘ, ਜਗਰਾਜ ਸਿੰਘ, ਜੀਤ ਸਿੰਘ, ਗੁਰਚਰਨ ਸਿੰਘ, ਜਗਮੀਤ ਸਿੰਘ ਆਦਿ ਆਗੂਆਂ ਨੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਗੁਰੂ ਅਰਜਨ ਦੇਵ ਜੀ ਅਦੁੱਤੀ ਸ਼ਹਾਦਤ ਨੂੰ ਵੀ ਯਾਦ ਕੀਤਾ ਤੇ ਉਨ੍ਹਾਂ ਤੋਂ ਪ੍ਰੇਰਨਾ ਹਾਸਲ ਕਰ ਕੇ ਸਰਕਾਰਾਂ ਦੀਆਂ ਜਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।