ਈਨਾਬਾਜਵਾ ਦੇ ਮਗਨਰੇਗਾ ਕਾਮਿਆਂ ਵੱਲੋਂ ਨਾਅਰੇਬਾਜ਼ੀ
ਬੀਰਬਲ ਰਿਸ਼ੀ
ਸ਼ੇਰਪੁਰ, 16 ਨਵੰਬਰ
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾਈ ਪ੍ਰਧਾਨ ਕਸ਼ਮੀਰ ਗਦਾਈਆ ਦੀ ਅਗਵਾਈ ਹੇਠ ਪਿੰਡ ਈਨਾਬਾਜਵਾ ਦੇ ਮਗਨਰੇਗਾ ਕਾਮਿਆਂ ਨੇ ਆਪਣੀਆਂ ਮੰਗਾਂ ਪ੍ਰਤੀ ਘੇਸਲ ਵੱਟੀ ਬੈਠੀ ਅਫ਼ਸਰਸ਼ਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਮਰੇਡ ਗਦਾਈਆ ਨੇ ਅਫ਼ਸਰਸ਼ਾਹੀ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਲਈ 20 ਨਵੰਬਰ ਨੂੰ ਬੀਡੀਪੀਓ ਦਫ਼ਤਰ ਸ਼ੇਰਪੁਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਪਿੰਡ ਈਨਾਬਾਜਵਾ ਦੇ ਚੋਣਵੇਂ ਮਗਨਰੇਗਾ ਕਾਮਿਆਂ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਗਦਾਈਆ ਕੋਲ ਆਪਣੇ ਦੁੱਖੜੇ ਰੋਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੰਮ ਮੰਗਣ ਸਬੰਧੀ ਦਫ਼ਤਰ ਦਰਖਾਸਤ ਦਿੰਦੇ ਹਨ ਤਾਂ ਉਨ੍ਹਾਂ ਦੀ ਅਰਜ਼ੀ ਦਾ ਨੰਬਰ ਤੱਕ ਨਹੀਂ ਲਗਾਇਆ ਜਾਂਦਾ ਅਤੇ ਨਿਯਮਾਂ ਅਨੁਸਾਰ ਕੰਮ ਮੰਗਣ ਤੋਂ 15 ਦਿਨਾਂ ਅੰਦਰ ਕੰਮ ਦੇਣ ਦੀ ਥਾਂ 20 ਤੋਂ 30 ਦਿਨਾਂ ਵਿੱਚ ਜੇਕਰ ਕੰਮ ਦਿੱਤਾ ਵੀ ਜਾਂਦਾ ਹੈ ਤਾਂ ਇੱਕ ਹਫ਼ਤੇ ਦਾ ਕੰਮ ਦੇ ਕੇ ਡੰਗ ਟਪਾਈ ਕੀਤੀ ਜਾਂਦੀ ਹੈ। ਕਾਮਰੇਡ ਗਦਾਈਆ ਨੇ ਸਬੰਧਤ ਅਧਿਕਾਰੀ ਮੁਲਾਜ਼ਮਾਂ ਨੂੰ ਆਪਣਾ ਰਵੱਈਆ ਸੁਧਾਰਨ ਦੀ ਚਿਤਾਵਨੀ ਦਿੰਦਿਆਂ 20 ਨਵੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ।
ਕੰਮ ਲਈ ਕਰਵਾਈ ਜਾਂਦੀ ਹੈ ਮੁਨਾਦੀ: ਸਰਪੰਚ
ਸਰਪੰਚ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਸਟਰੋਲ ਕੱਢਣ ਤੋਂ ਪਹਿਲਾਂ ਮਨਰੇਗਾ ਕੰਮ ਲਈ ਨਾਮ ਲਿਖਵਾਉਣ ਲਈ ਮੁਨਾਦੀ ਕਰਵਾਈ ਜਾਂਦੀ ਹੈ ਪਰ ਸਬੰਧਤ ਮਜ਼ਦੂਰ ਆਪਣਾ ਨਾਮ ਹੀ ਨਹੀਂ ਲਿਖਵਾਉਂਦੇ ਅਤੇ ਸਿੱਧਾ ਦਫ਼ਤਰ ਤੋਂ ਹੀ ਕੰਮ ਭਾਲਦੇ ਹਨ।
ਏਪੀਓ ਨੇ ਦੋਸ਼ ਨਕਾਰੇ
ਏਪੀਓ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨਾਲ ਪੱਖਪਾਤ ਦੇ ਦੋਸ਼ ਝੂਠੇ ਹਨ ਕਿਉਂਕਿ ਈਨਾਬਾਜਵਾ ਦੇ ਸਬੰਧਤ ਮਜ਼ਦੂਰਾਂ ਨੇ ਕੰਮ ਸਬੰਧੀ ਮੰਗ ਪੱਤਰ ਦਿੱਤਾ ਤਾਂ ਉਨ੍ਹਾਂ ਬਕਾਇਦਾ ਕੰਮ ਦਿੱਤਾ ਸੀ। ਉਂਜ ਕਾਰਜਕਾਰੀ ਏਜੰਸੀ ਪਿੰਡ ਦੀ ਪੰਚਾਇਤ ਹੁੰਦੀ ਹੈ ਉਸੇ ਅਨੁਸਾਰ ਕੰਮ ਚਲਾਉਣਾ ਹੁੰਦਾ ਹੈ।