ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਬਠਿੰਡਾ, 30 ਜੂਨ
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਸਿਵਲ ਸਰਜਨ ਬਠਿੰਡਾ ਰਾਹੀਂ ਮੰਗ ਪੱਤਰ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਭੇਜਿਆ ਗਿਆ। ਜਥੇਬੰਦੀ ਦੀ ਸੂਬਾ ਖਜ਼ਾਨਚੀ ਭੁਪਿੰਦਰਪਾਲ ਕੌਰ ਅਤੇ ਜ਼ਿਲਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਕਰਕੇ ਜਥੇਬੰਦੀ ਦੀ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਕਿ 6 ਜੁਲਾਈ ਨੂੰ ਡਾਇਰੈਕਟਰ ਦਫ਼ਤਰ 34 ਏ ਚੰਡੀਗੜ੍ਹ ਵਿੱਚ ਜਰਨਲ ਕੌਂਸਲ ਦਾ ਧਰਨਾ ਦਿੱਤਾ ਜਾਵੇਗਾ। ਸੋ ਇਸੇ ਕੜੀ ਦੇ ਤਹਿਤ ਅੱਜ ਜਥੇਬੰਦੀ ਦੀ ਬਠਿੰਡਾ ਇਕਾਈ ਵੱਲੋਂ ਸਿਵਲ ਸਰਜਨ ਬਠਿੰਡਾ ਰਾਹੀਂ ਮੰਗ ਪੱਤਰ ਸਿਹਤ ਡਾਇਰੈਕਟਰ ਨੂੰ ਭੇਜਿਆ ਗਿਆ। ਇਸ ਮੌਕੇ ਪਹੁੰਚੇ ਸਾਥੀਆਂ ਨੇ ਫ਼ੈਸਲਾ ਕੀਤਾ ਕਿ 4 ਜੁਲਾਈ ਨੂੰ ਤਲਵੰਡੀ ਸਾਬੋ ਵਿਖੇ ਲਗਾਏ ਜਾ ਰਹੇ ਧਰਨੇ ਵਿੱਚ ਵੀ ਇਕੱਠ ਕੀਤਾ ਜਾਵੇਗਾ।ਇਸ ਮੌਕੇ ਸਾਥੀਆਂ ਵੱਲੋਂ ਸਰਕਾਰ ਤੇ ਡਾਇਰੈਕਟਰਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਦੋਦਾ(ਪੱਤਰ ਪ੍ਰੇਰਕ): ਮਲਟੀਪਰਪਜ਼ ਹੈਲਥ ਯੂਨੀਅਨ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਸਮੁੱਚੇ ਪੰਜਾਬ ਵਿਚ ਸਿਵਲ ਸਰਜਨਾਂ ਨੂੰ ਮੰਗ ਪੱਤਰ ਦੇਣ ਦੀ ਕੜੀ ਵਜੋਂ ਅੱਜ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਦੋਦਾ ਦੀ ਅਗਵਾਈ ਹੇਠ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਬਾਰੇ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਕੁਲਵਿੰਦਰ ਸਿੰਘ ਝੱਖੜਵਾਲਾ, ਰਜਿੰਦਰ ਸਿੰਘ ਬੱਲੂਆਣਾ, ਹਰਵਿੰਦਰ ਸਿੰਘ, ਪਵਨ ਕੁਮਾਰ ਲੰਬੀ , ਧਰਮਿੰਦਰ ਸਿੰਘ ਬਲਾਕ ਦੋਦਾ ਨੇ ਵੀ ਸੰਬੋਧਨ ਕੀਤਾ ਅਤੇ ਨਾਜਾਇਜ਼ ਢੰਗ ਨਾਲ ਕੀਤੀਆਂ ਬਦਲੀਆਂ ਦੀ ਨਿੰਦਾ ਕੀਤੀ। ਇਸ ਉਪਰੰਤ ਮੰਗਾਂ ਸਬੰਧੀ ਸੀਐੱਮਓ ਨੂੰ ਮੰਗ ਪੱਤਰ ਦਿੱਤਾ। ਆਗੂਆਂ ਦਾ ਕਹਿਣਾ ਹੈ ਕਿ ਜੇ ਬਦਲੀਆਂ ਰੱਦ ਨਾ ਕੀਤੀਆਂ ਤਾਂ 6 ਜੁਲਾਈ ਨੂੰ ਡਾਇਰੈਕਟਰ ਦਫਤਰ ਚੰਡੀਗਡ਼੍ਹ ਦਾ ਘਿਰਾਓ ਕੀਤਾ ਜਾਵੇਗਾ।