ਦਿੱਲੀ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਮਾਮੂਲੀ ਰਾਹਤ
ਨਵੀਂ ਦਿੱਲੀ, 18 ਨਵੰਬਰ
ਹਵਾ ਦੀ ਰਫ਼ਤਾਰ ’ਚ ਵਾਧੇ ਅਤੇ ਦਿਸ਼ਾ ’ਚ ਬਦਲਾਅ ਕਾਰਨ ਕੌਮੀ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਮਾਮੂਲੀ ਰਾਹਤ ਮਿਲੀ ਹੈ। ਦਿੱਲੀ ਦੀ ਹਵਾ ਗੁਣਵੱਤਾ ’ਚ ਕੁਝ ਸੁਧਾਰ ਦੇਖਿਆ ਗਿਆ ਹੈ। ਉਂਜ ਇਹ ‘ਗੰਭੀਰ’ ਤੋਂ ਅਜੇ ਵੀ ‘ਬਹੁਤ ਮਾੜੀ’ ਸ਼੍ਰੇਣੀ ’ਚ ਦਰਜ ਕੀਤੀ ਗਈ ਹੈ। ਉਧਰ ਹਵਾ ਗੁਣਵੱਤਾ ’ਚ ਸੁਧਾਰ ਨੂੰ ਦੇਖਦਿਆਂ ਕੇਂਦਰ ਨੇ ਦਿੱਲੀ-ਐੱਨਸੀਆਰ ’ਚ ਉਸਾਰੀ ਦੇ ਕੰਮਾਂ ਅਤੇ ਟਰੱਕਾਂ ਤੇ ਕਮਰਸ਼ੀਅਲ ਵਾਹਨਾਂ ਦੇ ਕੌਮੀ ਰਾਜਧਾਨੀ ’ਚ ਦਾਖ਼ਲੇ ’ਤੇ ਲਾਈ ਗਈ ਰੋਕ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਗਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੈਪ) ਤਹਿਤ ਇਹ ਪਾਬੰਦੀਆਂ ਲਾਈਆਂ ਗਈਆਂ ਸਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ 21 ਨਵੰਬਰ ਤੋਂ ਹਵਾ ਦੀ ਰਫ਼ਤਾਰ ’ਚ ਹੋਰ ਸੁਧਾਰ ਹੋਵੇਗਾ ਅਤੇ ਪ੍ਰਦੂਸ਼ਣ ਦਾ ਪੱਧਰ ਹੋਰ ਡਿੱਗ ਸਕਦਾ ਹੈ। ਹਵਾ ਗੁਣਵੱਤਾ ’ਤੇ ਨਜ਼ਰ ਰੱਖਣ ਵਾਲੀ ਸਵਿੱਸ ਕੰਪਨੀ ਆਈਕਿਊਏਅਰ ਮੁਤਾਬਕ ਬਗ਼ਦਾਦ ਤੋਂ ਬਾਅਦ ਦਿੱਲੀ ਸ਼ਨਿਚਰਵਾਰ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ। ਦਿੱਲੀ ਸਰਕਾਰ ਅਤੇ ਆਈਆਈਟੀ ਕਾਨਪੁਰ ਦੇ ਸਾਂਝੇ ਪ੍ਰਾਜੈਕਟ ਦੀਆਂ ਲੱਭਤਾਂ ਤੋਂ ਪਤਾ ਲੱਗਾ ਕਿ ਸ਼ੁੱਕਰਵਾਰ ਨੂੰ ਰਾਜਧਾਨੀ ਦੇ ਹਵਾ ਪ੍ਰਦੂਸ਼ਣ ’ਚ ਕਰੀਬ 45 ਫ਼ੀਸਦ ਯੋਗਦਾਨ ਵਾਹਨਾਂ ’ਚੋਂ ਨਿਕਲਣ ਵਾਲੇ ਧੂੰਏਂ ਨੇ ਪਾਇਆ ਸੀ। -ਪੀਟੀਆਈ