ਸਾਉਣ ਦੇ ਛਰਾਟਿਆਂ ਨੇ ਦਿਵਾਈ ਗਰਮੀ ਤੋਂ ਮਾਮੂਲੀ ਰਾਹਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਗਸਤ
ਪੰਜਾਬ ਵਿੱਚ ਕਈ ਦਿਨਾਂ ਬਾਅਦ ਪਏ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਦਿਵਾਈ ਹੈ। ਬੀਤੀ ਰਾਤ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ ਜਿਸ ਕਰ ਕੇ ਕਈ ਥਾਵਾਂ ’ਤੇ ਪਾਣੀ ਭਰ ਗਿਆ। ਉੱਧਰ ਮੀਂਹ ਪੈਣ ਕਰ ਕੇ ਸੂਬੇ ਦਾ ਤਾਪਮਾਨ ਵੀ 6 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਵਿਗਿਆਨੀਆਂ ਨੇ 2 ਅਗਸਤ ਨੂੰ ਵੀ ਪੰਜਾਬ ਵਿੱਚ ਕੁਝ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 23.8 ਐੱਮਐੱਮ, ਅੰਮ੍ਰਿਤਸਰ ਵਿੱਚ 101.2 ਐੱਮਐੱਮ, ਲੁਧਿਆਣਾ ’ਚ 3.6 ਐੱਮਐੱਮ, ਪਟਿਆਲਾ 31.6 ਐੱਮਐੱਮ, ਪਠਾਨਕੋਟ 160.2 ਐੱਮਐੱਮ, ਬਠਿੰਡਾ ਏਅਰਪੋਰਟ ’ਤੇ 91.8 ਐੱਮਐੱਮ, ਬਠਿੰਡਾ ਸ਼ਹਿਰ ਵਿੱਚ 23.2 ਐੱਮਐੱਮ, ਫਰੀਦਕੋਟ ਵਿੱਚ 47 ਐੱਮਐੱਮ, ਗੁਰਦਾਸਪੁਰ ਵਿੱਚ 40.7 ਐੱਮਐੱਮ, ਫਾਜ਼ਿਲਕਾ ਵਿੱਚ 25 ਐੱਮਐੱਮ, ਫਿਰੋਜ਼ਪੁਰ ਵਿੱਚ 11 ਐੱਮਐੱਮ, ਰੋਪੜ ’ਚ 6 ਐੱਮਐੱਮ ਅਤੇ ਹੋਰ ਕਈ ਥਾਵਾਂ ’ਤੇ ਮੀਂਹ ਪਿਆ ਹੈ। ਇਸੇ ਦੌਰਾਨ ਸੂਬੇ ਦਾ ਲੁਧਿਆਣਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਚੰਡੀਗੜ੍ਹ ਦਾ ਤਾਪਮਾਨ ’ਚ 32.6, ਅੰਮ੍ਰਿਤਸਰ ਦਾ 29.6, ਲੁਧਿਆਣਾ ’ਚ 32.8, ਪਟਿਆਲਾ ’ਚ 32, ਪਠਾਨਕੋਟ ’ਚ 33, ਬਠਿੰਡਾ ਏਅਰਪੋਰਟ ’ਚ 29.3, ਗੁਰਦਾਸਪੁਰ ’ਚ 30.5, ਨਵਾਂ ਸ਼ਹਿਰ ’ਚ 30.7, ਬਰਨਾਲਾ ’ਚ 29.6, ਫਰੀਦਕੋਟ ’ਚ 27.9, ਫਤਿਹਗੜ੍ਹ ਸਾਹਿਬ ’ਚ 31.8, ਫਾਜ਼ਿਲਕਾ ’ਚ 27.9, ਫਿਰੋਜ਼ਪੁਰ ’ਚ 27.7, ਜਲੰਧਰ ’ਚ 30.5, ਮੁਹਾਲੀ ’ਚ 32.6 ਅਤੇ ਰੋਪੜ ਵਿੱਚ 32.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।