For the best experience, open
https://m.punjabitribuneonline.com
on your mobile browser.
Advertisement

ਥੱਪੜ ਕਾਂਡ: ਮਹਿਲਾ ਸਿਪਾਹੀ ਦੀ ਪਿੱਠ ’ਤੇ ਆਈ ਬਿਰਧ ਮਹਿੰਦਰ ਕੌਰ

08:34 AM Jun 08, 2024 IST
ਥੱਪੜ ਕਾਂਡ  ਮਹਿਲਾ ਸਿਪਾਹੀ ਦੀ ਪਿੱਠ ’ਤੇ ਆਈ ਬਿਰਧ ਮਹਿੰਦਰ ਕੌਰ
ਬਿਰਧ ਮਹਿੰਦਰ ਕੌਰ ਦੀ ਪੁਰਾਣੀ ਤਸਵੀਰ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 7 ਜੂਨ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿੰਦਰ ਕੌਰ ਹੁਣ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਦੀ ਪਿੱਠ ’ਤੇ ਆ ਗਈ ਹੈ। ਜਦੋਂ ਬਿਰਧ ਨੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਮੁੜ ਬੋਲਬਾਣੀ ਸੁਣੀ ਤਾਂ ਉਸ ਦਾ ਹਿਰਦਾ ਝੰਜੋੜਿਆ ਗਿਆ। ਕਿਸਾਨ ਅੰਦੋਲਨ ਦੌਰਾਨ ਨਵੰਬਰ 2020 ਵਿਚ ਕੰਗਨਾ ਰਣੌਤ ਨੇ ਟਵੀਟ ਕਰ ਕੇ ਇਸੇ ਬਿਰਧ ਮਹਿੰਦਰ ਕੌਰ ’ਤੇ ਉਂਗਲ ਚੁੱਕੀ ਸੀ।
ਚੇਤੇ ਰਹੇ ਕਿ ਟਾਈਮ ਮੈਗਜ਼ੀਨ ਨੇ ਬਿਲਕੀਸ ਬਾਨੋ ਅਤੇ ਮਹਿੰਦਰ ਕੌਰ ਦੀ ਤਸਵੀਰ ਛਾਪੀ ਸੀ। ਕੰਗਨਾ ਰਣੌਤ ਨੇ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਕੇ ਬਜ਼ੁਰਗ ਔਰਤਾਂ ਨੂੰ 100-100 ਰੁਪਿਆ ਭਾੜਾ ਲੈ ਕੇ ਅੰਦੋਲਨ ਵਿਚ ਆਉਣ ਵਾਲੀਆਂ ਔਰਤਾਂ ਦੱਸਿਆ ਸੀ। ਉਦੋਂ ਕੌਮੀ ਪੱਧਰ ’ਤੇ ਮਹਿੰਦਰ ਕੌਰ ਦੀ ਚਰਚਾ ਛਿੜੀ ਸੀ।
ਚੇਤੇ ਰਹੇ ਕਿ ਜਦੋਂ ਕੰਗਨਾ ਰਣੌਤ ਬੀਤੇ ਦਿਨ ਚੰਡੀਗੜ੍ਹ ਹਵਾਈ ਅੱਡੇ ’ਤੇ ਪੁੱਜੀ ਤਾਂ ਸੁਰੱਖਿਆ ਜਾਂਚ ਸਮੇਂ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨਾਲ ਤਕਰਾਰ ਹੋ ਗਈ। ਕੰਗਨਾ ਨੇ ਦੋਸ਼ ਲਾਇਆ ਕਿ ਉਸ ਨੇ ਉਸ ਦੇ ਥੱਪੜ ਮਾਰਿਆ ਹੈ। ਕੁਲਵਿੰਦਰ ਕੌਰ ਨੂੰ ਇੱਕ ਵੀਡੀਓ ਵਿੱਚ ਇਹ ਕਹਿੰਦੀ ਸੁਣਿਆ ਜਾ ਸਕਦਾ ਹੈ ਕਿ ਕਿਸਾਨ ਅੰਦੋਲਨ ਵਿਚ ਉਸ ਦੀ ਮਾਂ ਵੀ ਬੈਠੀ ਸੀ ਜਿਸ ਖ਼ਿਲਾਫ਼ ਕੰਗਨਾ ਨੇ ਬਿਆਨ ਦਿੱਤਾ ਸੀ। ਹੁਣ ਕਿਸਾਨ ਧਿਰਾਂ ਨੇ ਕੁਲਵਿੰਦਰ ਕੌਰ ਨੂੰ ਹਮਾਇਤ ਦੇ ਦਿੱਤੀ ਹੈ। ਇਹ ਮਾਮਲਾ ਮੁੜ ਕੌਮੀ ਪੱਧਰ ’ਤੇ ਆ ਗਿਆ ਹੈ ਕਿਉਂਕਿ ਕੰਗਨਾ ਨੇ ਇਸ ਘਟਨਾ ਨੂੰ ਅਤਿਵਾਦ ਨਾਲ ਜੋੜ ਦਿੱਤਾ ਹੈ।
ਥੱਪੜ ਕਾਂਡ ਮਗਰੋਂ ਅੱਜ ਮਹਿੰਦਰ ਕੌਰ ਨੇ ਕਿਹਾ ਕਿ ਕੰਗਨਾ ਨੂੰ ਬੋਲਣ ਦੀ ਤਹਿਜ਼ੀਬ ਨਹੀਂ ਹੈ ਅਤੇ ਉਸ ਨੂੰ ਚੰਗੇ ਸੰਸਕਾਰਾਂ ਦੀ ਕਮੀ ਹੈ। ਉਸ ਨੂੰ ਮੂੰਹ ਸੰਭਾਲ ਕੇ ਬੋਲਣਾ ਚਾਹੀਦਾ ਹੈ। ਉਸ ਦੀ ਬਦਜ਼ਬਾਨੀ ਦੀ ਸਜ਼ਾ ਹੀ ਉਸ ਨੂੰ ਮਿਲੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਕੁਲਵਿੰਦਰ ਕੌਰ ਦੇ ਨਾਲ ਖੜ੍ਹਾ ਹੈ। ਉਸ ਦੇ ਇਨਸਾਫ਼ ਲਈ ਉਹ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ।
ਪਿਛਾਂਹ ਨਜ਼ਰ ਮਾਰੀਏ ਤਾਂ ਪੰਜਾਬ ਵਿੱਚ ਨਵੰਬਰ 2021 ਵਿੱਚ ਕੰਗਨਾ ਰਣੌਤ ਦਾ ਉਦੋਂ ਵੀ ਘਿਰਾਓ ਹੋਇਆ ਸੀ ਜਦੋਂ ਉਹ ਮੰਡੀ ਤੋਂ ਚੰਡੀਗੜ੍ਹ ਵੱਲ ਆ ਰਹੀ ਸੀ। ਕੀਰਤਪੁਰ ਸਾਹਿਬ ਕੋਲ ਕਿਸਾਨ ਔਰਤਾਂ ਨੇ ਅਚਾਨਕ ਉਸ ਨੂੰ ਘੇਰ ਕੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਕੰਗਨਾ ਦੀ ਬੋਲਬਾਣੀ ਨੇ ਮੁੜ ਪੰਜਾਬ ਦੀ ਕਿਸਾਨੀ ਦੇ ਜ਼ਖ਼ਮ ਹਰੇ ਕਰ ਦਿੱਤੇ ਹਨ। ਔਰਤ ਮੁਕਤੀ ਮੋਰਚਾ ਦੀ ਸੁਖਵਿੰਦਰ ਕੌਰ ਨੇ ਕਿਹਾ ਕਿ ਕੰਗਨਾ ਦੀ ਇਸ ਕਾਰਵਾਈ ਨੇ ਪੰਜਾਬਣਾਂ ਨੂੰ ਮੁੜ ਲਲਕਾਰ ਮਾਰੀ ਹੈ।

Advertisement

ਕੰਗਨਾ ਨੂੰ ਮੁੜ ‘ਮੋਦੀ ਭਗਤ’ ਦੱਸਿਆ

ਮਹਿੰਦਰ ਕੌਰ ਦੀ ਉਮਰ ਇਸ ਵੇਲੇ 83 ਵਰ੍ਹਿਆਂ ਦੇ ਕਰੀਬ ਹੈ। ਉਨ੍ਹਾਂ ਨੇ ਕੰਗਨਾ ਨੂੰ ਮੁੜ ‘ਮੋਦੀ ਭਗਤ’ ਦੱਸਿਆ ਹੈ। ਉਨ੍ਹਾਂ ਦਾ ਪਰਿਵਾਰ ਆਖਦਾ ਹੈ ਕਿ ਕੰਗਨਾ ਹੁਣ ਸੰਸਦ ਮੈਂਬਰ ਬਣ ਗਈ ਹੈ ਅਤੇ ਉਸ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਉਸ ਨੂੰ ਹੁਣ ਤੋਲ ਕੇ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਤਾਕਤ ਦੇ ਨਸ਼ੇ ਵਿਚ ਕੰਗਨਾ ਦੀ ਬੋਲ ਬਾਣੀ ਵਿਗੜੀ ਹੈ।

Advertisement
Author Image

sukhwinder singh

View all posts

Advertisement
Advertisement
×