ਥੱਪੜ ਕਾਂਡ: ਵਿਧਾਇਕ ਦੇ ਹੱਕ ’ਚ ਨਿਤਰਿਆ ਦਲਿਤ ਭਾਈਚਾਰਾ
ਪੱਤਰ ਪ੍ਰੇਰਕ
ਗੂਹਲਾ ਚੀਕਾ, 15 ਜੁਲਾਈ
ਵਿਧਾਇਕ ਈਸ਼ਵਰ ਸਿੰਘ ਦੇ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਵਿਧਾਇਕ ਦਲਿਤ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਇਸ ਘਟਨਾ ਤੋਂ ਬਾਅਦ ਉਕਤ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਐੱਸਐੱਸਪੀ ਕੈਥਲ ਅਭੀਸ਼ੇਕ ਜੋਰਾਵਰ ਨੂੰ ਪੱਤਰ ਦੇ ਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਹਲਕੇ ਦੀਆਂ ਦਲਿਤ ਜਥੇਬੰਦੀਆਂ ਦੇ ਨਾਲ-ਨਾਲ 36 ਬਰਾਦਰੀ ਦੇ ਲੋਕਾਂ ਨੇ ਵਿਧਾਇਕ ਦੀ ਚੀਕਾ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਨੂੰ ਸਮਰਥਨ ਦਿੱਤਾ। ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵਿਧਾਇਕ ਦੇ ਨਾਲ ਕੀਤੀ ਗਈ ਧੱਕਾ-ਮੁੱਕੀ ਅਤੇ ਜਬਰਨ ਬੰਧਕ ਬਣਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦਾ ਕੇਵਲ ਇਹੀ ਕਸੂਰ ਸੀ ਕਿ ਉਹ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲਚਾਲ ਜਾਣਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਗਏ ਸਨ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਰਾਜਨੀਤਿਕ ਵਿਰੋਧੀਆਂ ਦੇ ਇਸ਼ਾਰੇ ’ਤੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ। ਇਸ ਮੌਕੇ ਗੁੱਸੇ ਵਿੱਚ ਆਏ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜੇਕਰ ਵਿਧਾਇਕ ਨੂੰ ਪੁਖਤਾ ਸੁਰੱਖਿਆ ਦਿੱਤੀ ਗਈ ਹੁੰਦੀ ਤਾਂ ਉਕਤ ਘਟਨਾ ਨਾ ਨਹੀਂ ਵਾਪਰਨੀ ਸੀ।