For the best experience, open
https://m.punjabitribuneonline.com
on your mobile browser.
Advertisement

ਥੱਪੜ ਮਾਮਲਾ: ਕੰਗਨਾ ਨੇ ਜ਼ਰੂਰ ਮੇਰੀ ਧੀ ਨੂੰ ਉਕਸਾਇਆ ਹੋਣੈ: ਵੀਰ ਕੌਰ

08:23 AM Jun 09, 2024 IST
ਥੱਪੜ ਮਾਮਲਾ  ਕੰਗਨਾ ਨੇ ਜ਼ਰੂਰ ਮੇਰੀ ਧੀ ਨੂੰ ਉਕਸਾਇਆ ਹੋਣੈ  ਵੀਰ ਕੌਰ
ਪਿੰਡ ਮੰਡ ਮਹੀਵਾਲ ਵਿੱਚ ਕੁਲਵਿੰਦਰ ਕੌਰ ਦੇ ਘਰ ਇਕੱਠੇ ਹੋਏ ਲੋਕ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪਾਲ ਸਿੰਘ ਨੌਲੀ
ਜਲੰਧਰ, 8 ਜੂਨ
ਫਿਲਮ ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਦੇ ਕਥਿਤ ਤੌਰ ’ਤੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪਿੰਡ ਮੰਡ ਮਹੀਵਾਲ ਵਿੱਚ ਅੱਜ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਪਿੰਡ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਣੇ ਹੋਰ ਲੋਕ ਵੀ ਦੂਰ-ਦੁਰਾਡਿਓਂ ਆ ਰਹੇ ਹਨ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਵੱਲੋਂ ਉਸ ਦੇ ਹੱਕ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਤੇ ਉਸ ਦੇ ਹੱਕ ਵਿੱਚ ਹਰ ਤਰ੍ਹਾਂ ਦੇ ਸੰਘਰਸ਼ ਵਿੱਢਣ ਦੇ ਐਲਾਨ ਕੀਤੇ ਜਾ ਰਹੇ ਹਨ। ਉੱਧਰ, ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਨੇ ਕਿਹਾ ਕਿ ਉਸ ਦੀ ਧੀ ਕਦਾਚਿਤ ਵੀ ਅਜਿਹਾ ਨਹੀਂ ਕਰ ਸਕਦੀ। ਉਸ ਨੂੰ ਜ਼ਰੂਰ ਕੰਗਨਾ ਰਣੌਤ ਨੇ ਉਕਸਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਕੁਲਵਿੰਦਰ ਅਜਿਹਾ ਕਰ ਹੀ ਨਹੀਂ ਸਕਦੀ। ਉਹ ਸੰਸਕਾਰੀ ਧੀ ਹੈ।
ਪਿੰਡ ਮਹੀਵਾਲ ਨੂੰ ਜਾਣ ਵਾਲੇ ਵਧੇਰੇ ਵਿਅਕਤੀ ਕੁਲਵਿੰਦਰ ਕੌਰ ਦੇ ਘਰ ਜਾ ਰਹੇ ਹਨ। ਕੁਲਵਿੰਦਰ ਕੌਰ ਨੂੰ ਭਾਵੇਂ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਲੋਕ ਪਰਿਵਾਰ ਨੂੰ ਹੱਲਾਸ਼ੇਰੀ ਦੇ ਰਹੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਦੀ ਪਰਵਾਹ ਨਾ ਕਰਨ। ਵਿਦੇਸ਼ਾਂ ਤੋਂ ਲੋਕ ਉਸ ਦੀ ਆਰਥਿਕ ਸਹਾਇਤਾ ਕਰਨ ਦਾ ਭਰੋਸਾ ਵੀ ਦੇ ਰਹੇ ਹਨ। ਉੱਧਰ, ਦੂਜੇ ਪਾਸੇ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕੁਲਵਿੰਦਰ ਕੌਰ ਨੂੰ ਮੁਅੱਤਲ ਕੀਤੇ ਜਾਣ ਦੀ ਵੀ ਉਨ੍ਹਾਂ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਭਰ ਤੋਂ ਵੱਧ ਸਮਾਂ ਚੱਲੇ ਕਿਸਾਨ ਅੰਦੋਲਨ ਦੌਰਾਨ ਕੁਲਵਿੰਦਰ ਕੌਰ ਦੀ ਮਾਂ ਵੀਰ ਕੌਰ ਵੀ ਸ਼ਾਮਲ ਰਹੀ ਹੈ।

Advertisement

ਮਜੀਠੀਆ ਵੱਲੋਂ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਜੱਜਾਂ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ

ਚੰਡੀਗੜ੍ਹ (ਆਤਿਸ਼ ਗੁਪਤਾ): ਇੱਥੋਂ ਦੇ ਹਵਾਈ ਅੱਡੇ ’ਤੇ ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਸੀਆਈਐੱਸਐੱਫ ਮੁਲਾਜ਼ਮ ਕੁਲਵਿੰਦਰ ਕੌਰ ਦੀ ਹਮਾਇਤ ਵਿੱਚ ਆ ਗਈਆਂ ਹਨ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਕੁਲਵਿੰਦਰ ਕੌਰ ਦੇ ਹੱਕ ’ਚ ਖੜ੍ਹ ਗਏ ਹਨ ਜਿਨ੍ਹਾਂ ਇਸ ਘਟਨਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਤੋਂ ਸਵਾਲ ਕੀਤਾ ਕਿ ਕੰਗਨਾ ’ਤੇ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ, ਇਸ ਬਾਰੇ ਸਥਿਤੀ ਸਪੱਸ਼ਟ ਕੀਤੀ ਜਾਵੇ। ਸ੍ਰੀ ਮਜੀਠੀਆ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਉਹ ਵੀ ਭਾਜਪਾ ਆਗੂ ਵੱਲੋਂ ਪੰਜਾਬ ਵਿੱਚ ਅਤਿਵਾਦ ਫੈਲਣ ਬਾਰੇ ਦਿੱਤੇ ਬਿਆਨ ਬਾਰੇ ਆਪਣਾ ਪੱਖ ਸਪੱਸ਼ਟ ਕਰਨ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਵਾਈ ਅੱਡੇ ’ਤੇ ਚੈਕਿੰਗ ਸਮੇਂ ਥੱਪੜ ਮਾਰਨਾ ਗਲਤ ਹੈ, ਪਰ ਕੰਗਨਾ ਰਣੌਤ ਵੱਲੋਂ ਪੰਜਾਬ ਵਾਸੀਆਂ ਨੂੰ ਅਤਿਵਾਦੀ ਕਹਿਣਾ ਠੀਕ ਨਹੀਂ ਹੈ।

ਕੁਲਵਿੰਦਰ ਕੌਰ ਦੇ ਹੱਕ ’ਚ ਮੁਹਾਲੀ ’ਚ ਇਨਸਾਫ਼ ਮਾਰਚ ਅੱਜ

ਪਟਿਆਲਾ/ਮੁਹਾਲੀ (ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ): ਕਿਸਾਨੀ ਮੰਗਾਂ ਲਈ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਅੱਜ 117ਵੇਂ ਦਿਨ ਵੀ ਕਿਸਾਨ ਮੋਰਚਾ ਜਾਰੀ ਰਿਹਾ। ਉਧਰ, ਸ਼ੰਭੂ ਮੋਰਚੇ ਦੀ ਸਟੇਜ ਤੋਂ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਪੰਜਾਬੀਆਂ ਵਿਰੋਧੀ ਬਿਆਨਬਾਜ਼ੀ ਦੀ ਨਿੰਦਾ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਉਸ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਦੂਜੇ ਬੰਨੇ ਪਿਛਲੇ ਦਿਨੀਂ ਚੰਡੀਗੜ੍ਹ ਹਵਾਈ ਅੱਡੇ ’ਤੇ ਵਾਪਰੀ ਘਟਨਾ ਨੂੰ ਲੈ ਕੇ ਕੁਲਵਿੰਦਰ ਕੌਰ ਦੇ ਹੱਕ ’ਚ ਕਿਸਾਨਾਂ ਵੱਲੋਂ ਮੁਹਾਲੀ ’ਚ ਕੀਤੇ ਜਾਣ ਵਾਲੇ ਇਨਸਾਫ਼ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਘੁਮਾਣਾ ਨੇ ਮੀਟਿੰਗ ਵੀ ਕੀਤੀ। ਉੱਧਰ, ਸ਼ੰਭੂ ਮੋਰਚੇ ਵਿਚਲੀ ਮੁੱਖ ਸਟੇਜ ਤੋਂ ਬੋਲਦਿਆਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਦਾ ਕਹਿਣਾ ਸੀ ਕਿ ਕੁਲਵਿੰਦਰ ਕੌਰ ਦੇ ਮਾਮਲੇ ਨੂੰ ਲੈ ਕੇ ਕਿਸਾਨ ਮੋਰਚੇ ਵੱਲੋਂ 9 ਜੂਨ ਨੂੰ ਮੁਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਤੋਂ ਐੱਸਐੱਸਪੀ ਮੁਹਾਲੀ ਦੇ ਦਫ਼ਤਰ ਤੱਕ ਇਨਸਾਫ਼ ਮਾਰਚ ਕੀਤਾ ਜਾਵੇਗਾ।

Advertisement
Author Image

sukhwinder singh

View all posts

Advertisement
Advertisement
×