ਉੱਚੀ ਬੱਸੀ ਹਾਈਡਲ ਦੀਆਂ ਸਲੈਬਾਂ ਧੱਸੀਆਂ
ਭਗਵਾਨ ਦਾਸ ਸੰਦਲ
ਦਸੂਹਾ, 28 ਜੁਲਾਈ
ਪੰਜਾਬ ਸਰਕਾਰ ਦੇ ਪਣ ਬਿਜਲੀ ਪ੍ਰਾਜੈਕਟ ਉੱਚੀ ਬੱਸੀ ਹਾਈਡਲ ਦੀ ਮੁਰੰਮਤ ਵਿੱਚ ਲੰਬੇ ਸਮੇਂ ਤੋਂ ਵਰਤੀ ਜਾ ਰਹੀ ਕਥਿਤ ਤੌਰ ’ਤੇ ਢਿੱਲਮੱਠ ਕਾਰਨ ਨਹਿਰੀ ਸਲੈਬਾਂ ਹੇਠਾਂ ਧੱਸ ਗਈਆਂ ਹਨ। ਇਸ ਕਾਰਨ ਨਹਿਰ ਟੁੱਟਣ ਦੇ ਪੈਦਾ ਹੋਏ ਖਦਸ਼ੇ ਨੇ ਸਬੰਧਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਦੂਜੇ ਪਾਸੇ ਹਾਈਡਲ ਦੇ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਵਿੱਚ ਵਸਦੇ ਲੋਕ ਸਹਿਮੇ ਹੋਏ ਹਨ ਜਦਕਿ ਨਹਿਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਜਾਣਕਾਰੀ ਮੁਤਾਬਕ ਪੌਂਗ ਡੈਮ ਤਲਵਾੜਾ ਤੋਂ ਨਿਕਲਦੀ 11 ਹਜ਼ਾਰ ਕਿਊਬਿਕ ਪਾਣੀ ਦੀ ਸਮਰੱਥਾ ਵਾਲੀ ਕਰੀਬ 35 ਕਿਲੋਮੀਟਰ ਲੰਬੀ ਹਾਈਡਲ ਦੀਆਂ ਸਲੈਬਾਂ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਹਨ ਤੇ ਕਈ ਥਾਵਾਂ ਤੋਂ ਸੈਕੜੇ ਸਲੈਬਾਂ ਜ਼ਮੀਨ ਹੇਠ ਧੱਸ ਗਈਆਂ ਹਨ। ਕਈ ਥਾਵਾਂ ਤੋਂ ਖੋਰਾ ਰੋਕਣ ਲਈ ਭਾਵੇਂ ਅਧਿਕਾਰੀਆਂ ਵੱਲੋਂ ਮਿੱਟੀ ਦੀਆਂ ਬੋਰੀਆਂ ਜਾਂ ਹੋਰ ਆਰਜ਼ੀ ਪ੍ਰਬੰਧ ਕਰਨ ਦਾ ਯਤਨ ਕੀਤਾ ਗਿਆ ਹੈ ਜੋ ਨਾਕਾਫੀ ਸਾਬਤ ਹੋ ਰਹੇ ਹਨ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਕਰਮਬੀਰ ਸਿੰਘ ਘੁੰਮਣ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਘੁੰਮਣ ਨੇ ਕਿਹਾ ਕਿ ਹਾਈਡਲ ਦੇ 4 ਪਾਵਰ ਹਾਊਸਾਂ ਤੋਂ ਰੋਜ਼ਾਨਾ 207 ਮੈਗਾਵਾਟ ਬਿਜਲੀ ਦਾ ਉਦਪਾਦਨ ਹੁੰਦਾ ਹੈ। ਜੇ ਇਸ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਪਾੜ ਕਾਰਨ ਪਾਣੀ ਦਾ ਵਹਾਅ ਵਧਣ ਕਰਕੇ ਕਿਸੇ ਵੇਲੇ ਆਲੇ-ਦੁਆਲੇ ਦੇ ਪਿੰਡਾਂ ’ਚ ਪਾਣੀ ਭਰ ਸਕਦਾ ਹੈ ਅਤੇ ਬਿਜਲੀ ਉਤਪਾਦਨ ਵਿਚ ਆਉਣ ਵਾਲੀ ਸੰਭਾਵਿਤ ਖੜੋਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।