ਏਕੇ ਲਈ ਸੱਦੀ ਮੀਟਿੰਗ ’ਚ ਨਾ ਪੁੱਜੇ ਐੱਸਕੇਐੱਮ (ਗ਼ੈਰ-ਸਿਆਸੀ) ਦੇ ਆਗੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਦਸੰਬਰ
ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਰਲ ਕੇ ਸੰਘਰਸ਼ ਕਰਨ ਲਈ ਸ਼ੁਰੂ ਹੋਈਆਂ ਸਰਗਰਮੀਆਂ ਦੀ ਕੜੀ ਤਹਿਤ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ (ਕੇਐੱਐੱਮ) ਦੇ ਆਗੂਆਂ ਦਰਮਿਆਨ ਅੱਜ ਇਥੇ ਮੀਟਿੰਗ ਹੋਈ। ਦੋਵਾਂ ਧਿਰਾਂ ਨੇ ਮੀਟਿੰਗ ਸੁਖਾਵੇਂ ਮਾਹੌਲ ’ਚ ਹੋਣ ਦਾ ਦਾਅਵਾ ਕੀਤਾ ਹੈ ਪਰ ਸੱਦੇ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਦਾ ਕੋਈ ਵੀ ਆਗੂ ਮੀਟਿੰਗ ’ਚ ਸ਼ਾਮਲ ਨਹੀਂ ਹੋਇਆ। ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਕਰਨ ਲਈ ਸੰੰਯੁਕਤ ਕਿਸਾਨ ਮੋਰਚੇ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਰਮਿੰਦਰ ਸਿੰਘ ਪਟਿਆਲਾ, ਯੁੱਧਵੀਰ ਸਿੰਘ ਅਤੇ ਹਨਨ ਮੌਲਾ ’ਤੇ ਆਧਾਰਿਤ ਛੇ ਮੈਂਬਰੀ ਕਮੇਟੀ ਬਣਾਈ ਗਈ ਸੀ। ਕਿਸਾਨਾਂ ਦੇ ਮੌਜੂਦਾ ਅੰਦੋਲਨ ਦੀ ਮਜ਼ਬੂਤੀ ਲਈ ਸਰਵਣ ਪੰਧੇਰ ਵੱਲੋਂ ਏਕੇ ਦੇ ਮੁੜ ਯਤਨਾਂ ਵਜੋਂ ਲਿਖੇ ਗਏ ਪੱਤਰ ਦੇ ਹਵਾਲੇ ਨਾਲ ਕਮੇਟੀ ਨੇ ਅੱਜ ਮੀਟਿੰਗ ਕੀਤੀ। ਮੀਟਿੰਗ ’ਚ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਰਮਿੰਦਰ ਪਟਿਆਲਾ ਅਤੇ ਯੁੱਧਵੀਰ ਸਿੰਘ ਸਮੇਤ ਐੱਸਕੇਐੱਮ ਦੇ ਕੌਮੀ ਆਗੂ ਕ੍ਰਿਸ਼ਨਪਾਲ ਕੇਰਲਾ ਨੇ ਸ਼ਿਰਕਤ ਕੀਤੀ। ਕਿਸਾਨ ਮਜ਼ਦੂਰ ਮੋਰਚਾ ਤਰਫੋਂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਰਾਏ, ਬਲਦੇਵ ਜੀਰਾ, ਤੇਜਵੀਰ ਪੰਜੋਖਰਾ ਤੇ ਸਤਵੰਤ ਵਜੀਦਪੁਰ ਆਦਿ ਆਗੂ ਮੀਟਿੰਗ ’ਚ ਸ਼ਾਮਲ ਹੋਏ। ਐੱਸਕੇਐੱਮ (ਗ਼ੈਰ-ਸਿਆਸੀ) ਦੇ ਮੀਟਿੰਗ ’ਚ ਸ਼ਾਮਲ ਨਾ ਹੋਣ ਬਾਰੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਵੇਂ ਫੋਰਮ ਇਕ ਦੂਜੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਤੇ ਅਗਲਾ ਕਦਮ ਵੀ ਸਹਿਮਤੀ ਨਾਲ ਹੀ ਚੁੱਕਿਆ ਜਾਵੇਗਾ। ਇਸ ਦੌਰਾਨ ਐੱਸਕੇਐੱਮ (ਗ਼ੈਰ-ਸਿਆਸੀ) ਦੇ ਆਗੂ ਲਖਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੇ ਪੰਜਾਬੀਆਂ ਦੇ ਇਕਜੁੱਟ ਹੋਣ ਦਾ ਵੇਲਾ ਹੈ। ਕਮੇਟੀ ਮੈਂਬਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਮੀਟਿੰਗ ਦੀ ਰਿਪੋਰਟ ਭਲਕੇ ਐੱਸਕੇਐੱਮ ਨੂੰ ਦੇ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਕਈ ਮੁੱਦਿਆਂ ’ਤੇ ਹੋਈਆਂ ਵਿਚਾਰਾਂ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਚਲੀ ਸਰਾਂ ’ਚ ਬੰਦ ਕਮਰਾ ਮੀਟਿੰਗ ਦੌਰਾਨ ਕਈ ਮੁੱਦਿਆਂ ’ਤੇ ਵਿਚਾਰਾਂ ਹੋਈਆਂ। ਕਿਸਾਨ ਆਗੂਆਂ ਨੇ ਸਾਂਝੇ ਤੌਰ ’ਤੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਏਕੇ ਦੇ ਮੁੱਦੇ ’ਤੇ ਸੱਦੀ ਮੀਟਿੰਗ ਸੁਖਾਵੇਂ ਮਾਹੌਲ ’ਚ ਹੋਈ ਹੈ। ਉਨ੍ਹਾਂ ਕਿਹਾ ਕਿ ਵਿਚਾਰੇ ਗਏ ਵੱਖ ਵੱਖ ਪਹਿਲੂਆਂ ਨੂੰ ਹੋਰ ਸਾਥੀਆਂ ਨਾਲ ਵਿਚਾਰਨ ਮਗਰੋਂ ਮੁੜ ਮੀਟਿੰਗ ਕੀਤੀ ਜਾਵੇਗੀ।