ਕੌਸ਼ਲ ਦਾ ਪ੍ਰਗਤੀਸ਼ੀਲ ਲੇਖ ਸੰਗ੍ਰਹਿ ਲੋਕ ਅਰਪਣ
ਪੱਤਰ ਪ੍ਰੇਰਕ
ਦੋਰਾਹਾ, 11 ਨਵੰਬਰ
ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਲੁਧਿਆਣਾ ਵੱਲੋਂ ਯੂਥ ਫੋਰਮ ਦੋਰਾਹਾ ਦੇ ਸਹਿਯੋਗ ਨਾਲ ਪਵਨ ਕੁਮਾਰ ਕੌਸ਼ਲ ਦਾ ਪ੍ਰਗਤੀਸ਼ੀਲ ਲੇਖ ਸੰਗ੍ਰਹਿ ‘ਰਾਜਨੀਤੀ ਧਰਮ ਅਤੇ ਮਾਨਸਿਕ ਗੁਲਾਮੀ’ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਕੁਲਦੀਪ ਸਿੰਘ ਅਤੇ ਡਾ. ਕੁਲਦੀਪ ਸਿੰਘ ਦੀਪ ਨੇ ਕੀਤੀ। ਇਸ ਮੌਕੇ ਡਾ. ਗੁਲਜ਼ਾਰ ਸਿੰਘ ਪੰਧੇਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਦੋਂ ਕਿ ਗੁਰਦਿਆਲ ਦਲਾਲ ਨੇ ਪੁਸਤਕ ਦੀ ਜਾਣ-ਪਛਾਣ ਕਰਵਾਈ। ਇਸ ਮੌਕੇ ਪਵਨ ਕੁਮਾਰ ਕੌਸ਼ਲ ਦੇ ਦੋਵੇਂ ਪੁੱਤਰ ਡਾ. ਗਗਨਦੀਪ ਕੌਸ਼ਲ, ਜਨਦੀਪ ਕੌਸ਼ਲ ਅਤੇ ਉਨ੍ਹਾਂ ਦੀਆਂ ਪਤਨੀਆਂ, ਪ੍ਰਗਤੀਸ਼ੀਲ ਲੇਖ ਸੰਘ ਦੇ ਮੀਤ ਪ੍ਰਧਾਨ ਇੰਦਰਜੀਤਪਾਲ ਕੌਰ, ਮਨਦੀਪ ਕੌਰ ਭੰਮਰਾ ਅਤੇ ਇੰਦਰਜੀਤ ਕੌਰ ਲੋਟੇ ਹਾਜ਼ਰ ਸਨ। ਸ੍ਰੀ ਕੌਸ਼ਲ ਨੇ ਆਪਣੇ ਜੀਵਨ ਬਾਰੇ ਦੱਸਿਆ। ਡਾ. ਕੁਲਦੀਪ ਸਿੰਘ ਦੀਪ ਨੇ ਸੰਘ ਦੇ ਉਦੇਸ਼, ਕਾਰਵਾਈਆਂ ਅਤੇ ਕੀਤੇ ਜਾਂਦੇ ਸਾਹਿਤਕ ਸਮਾਗਮਾਂ ਬਾਰੇ ਦੱਸਿਆ।
ਡਾ. ਗੁਲਜ਼ਾਰ ਪੰਧੇਰ ਅਤੇ ਜਸਵੀਰ ਝੱਜ ਨੇ ਕਿਹਾ ਕਿ ਸਮਾਜ ਅਤੇ ਮਨੁੱਖੀ ਵਰਤਾਰੇ ਨੂੰ ਪਰਨਾਏ ਹੋਏ ਲੋਕ ਹਮੇਸ਼ਾ ਅਜਿਹੀਆਂ ਕਿਤਾਬਾਂ ਨੂੰ ‘ਜੀ ਆਇਆ’ ਕਹਿੰਦੇ ਹਨ।